ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਮਿਲਾ ਕੇ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਾਂ-ਮਨਮੀਤ ਸਿੰਘ <br/>
ਅਜੀਤ ਡੈਸਕ
25-04-2026
ਕਪੂਰਥਲਾ, 24 ਅਪ੍ਰੈਲ (ਵਿ.ਪ੍ਰ.)-ਸਹਿਕਾਰਤਾ ਵਿਭਾਗ ਕਪੂਰਥਲਾ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾਲ ਲਗਾਉਣ ਤੇ ਰਹਿੰਦ ਖੂੰਹਦ ਨੂੰ ਖੇਤਾਂ 'ਚ ਮਿਲਾਉਣ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਜਾਗਰੂਕ ਕਰਨ ਲਈ ਦੀ ਸ਼ੇਖੂਪੁਰ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ 'ਚ ਇਕ ਸਮਾਗਮ ਕਰਵਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸਹਿਕਾਰੀ ਸਭਾਵਾਂ ਦੇ ਇੰਸਪੈਕਟਰ ਮਨਮੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਵੀ ਵਿਭਾਗ ਵਲੋਂ ਕਣਕ ਦੇ ਨਾੜ, ਝੋਨੇ ਦੀ ਪਰਾਲੀ ਤੇ ਹੋਰ ਫ਼ਸਲੀ ਰਹਿੰਦ ਖੂੰਹਦ ਲਈ ਖੇਤਾਂ 'ਚ ਅੱਗ ਨਾ ਲਗਾਉਣ ਲਈ ਜਾਗਰੂਕਤਾ ਕੈਂਪ ਲਗਾਏ ਗਏ ਸਨ ਤੇ ਇਸ ਵਾਰ ਵੀ ਕਿਸਾਨਾਂ ਨੂੰ ਵਿਭਾਗ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਅਸੀਂ ਖੇਤਾਂ ਵਿਚ ਮਿਲਾਕੇ ਧਰਤੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਕੋਲ ਕਣਕ ਦੇ ਨਾੜ ਤੇ ਪਰਾਲੀ ਨੂੰ ਮਿੱਟੀ 'ਚ ਮਿਲਾਉਣ ਲਈ ਪਲਾਓ, ਰੋਟਾਵੇਟਰ, ਸੁਪਰਸੀਡਰ, ਤਵੀਆਂ ਆਦਿ ਸੰਦ ਉਪਲਬਧ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਕੇ ਇਹ ਸੰਦ ਪ੍ਰਾਪਤ ਕਰਨ | ਸਮਾਗਮ 'ਚ ਅਤਿੰਦਰਪਾਲ ਸਿੰਘ, ਅਮਨਪ੍ਰੀਤ ਸਿੰਘ (ਦੋਵੇਂ ਇੰਸਪੈਕਟਰ), ਬਿਕਰਮਜੀਤ ਸਿੰਘ ਮੈਨੇਜਰ, ਗੁਰਮੁਖ ਸਿੰਘ ਸਭਾ ਸਕੱਤਰ, ਜਗੀਰ ਸਿੰਘ ਸਾਬਕਾ ਮੈਨੇਜਰ, ਜਸਵੰਤ ਸਿੰਘ ਸਰਪੰਚ, ਇੱਛਾ ਸਿੰਘ ਬਰਿੰਦਪੁਰ, ਮਨਜੀਤ ਸਿੰਘ ਤੇ ਹੋਰ ਮੁਲਾਜ਼ਮ ਤੇ ਸਭਾ ਦੇ ਮੈਂਬਰ ਹਾਜ਼ਰ ਸਨ |