ਕਪੂਰਥਲਾ, 24 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਵਿੱਤੀ ਸ਼ਾਖਰਤਾ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ, ਜਿਸ 'ਚ ਮੁੱਖ ਬੁਲਾਰੇ ਵਜੋਂ ਨਮਿਤ ਜੈਨ ਉੱਘੇ ਵਿੱਤੀ ਵਿਸ਼ਲੇਸ਼ਕ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥੀਆਂ ਨੂੰ ਵਿਅਕਤੀਗਤ ਵਿੱਤੀ ਪ੍ਰਬੰਧ, ਬਜਟ ਯੋਜਨਾ, ਨਿਵੇਸ਼ ਦੇ ਸੁਰੱਖਿਅਤ ਬਦਲ, ਕਰ ਬੱਚਤ ਦੇ ਉਪਾਅ ਤੇ ਡਿਜੀਟਲ ਵਿੱਤੀ ਲੈਣ ਦੇਣ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਛੋਟੀ ਛੋਟੀ ਬੱਚਤ ਤੇ ਸਹੀ ਨਿਵੇਸ਼ ਦੀ ਰਣਨੀਤੀ ਨਾਲ ਭਵਿੱਖ ਨੂੰ ਆਰਥਿਕ ਤੌਰ 'ਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ | ਉਨ੍ਹਾਂ ਹੈਲਥ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਇਕ ਇਨਵੈਸਟਰ ਆਪਣੀ ਸੇਲਫ ਇਨਵੈਸਟਮੈਂਟ ਲਈ ਉਨ੍ਹਾਂ ਨਾਲ ਰਾਬਤਾ ਕਰ ਸਕਦਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਵਿੱਤੀ ਸ਼ਾਖਰਤਾ ਦਾ ਬਹੁਤ ਮਹੱਤਵ ਹੈ | ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਉੱਘੇ ਵਿੱਤੀ ਵਿਸ਼ਲੇਸ਼ਕ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਪਿ੍ੰਸੀਪਲ ਨੇ ਨਮਿਤ ਜੈਨ ਨੂੰ ਸਨਮਾਨਿਤ ਕੀਤਾ | ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਵਿੱਤੀ ਸ਼ਾਖਰਤਾ ਸੰਬੰਧੀ ਕਾਲਜ ਵਿਚ ਸੈਮੀਨਾਰ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ |