ਫਗਵਾੜਾ, 24 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸੂਬੇ 'ਚ ਤੇਜ਼ੀ ਨਾਲ ਬਦਲ ਰਹੇ ਰਾਜਨੀਤਕ ਹਾਲਾਤਾਂ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਬਣ ਰਹੀ ਜ਼ੋਰਦਾਰ ਲਹਿਰ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਧਰਮਿੰਦਰ ਟੋਨੀ ਨੇ ਕਿਹਾ ਕਿ 'ਆਪ' ਸਰਕਾਰ ਦੇ ਲਗਾਤਾਰ ਝੂਠੇ ਵਾਅਦਿਆਂ ਤੇ ਅਸਫਲ ਨੀਤੀਆਂ ਕਾਰਨ ਲੋਕ ਭਾਰੀ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਬਦਲਾਅ ਦੇ ਮੂਡ ਵਿਚ ਹਨ | ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਮਜ਼ਬੂਤ ਫਤਵਾ ਦੇਣਗੇ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਭਰ ਵਿਚ ਰੈਲੀਆਂ 'ਚ ਵੱਡੇ ਇਕੱਠ ਅਕਾਲੀ ਦਲ ਦੀ ਲਗਾਤਾਰ ਵਧ ਰਹੀ ਲੋਕਪਿ੍ਅਤਾ ਦਾ ਸਬੂਤ ਹਨ | ਧਰਮਿੰਦਰ ਟੋਨੀ ਨੇ ਕਿਹਾ ਕਿ ਪੰਜਾਬ ਵਿਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧੀ ਅਨਸਰਾਂ ਦੇ ਹੌਂਸਲੇ ਦਿਨੋ-ਦਿਨ ਵਧ ਰਹੇ ਹਨ, ਜਦਕਿ ਆਮ ਲੋਕ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਡਰ ਤੇ ਅਸੁਰੱਖਿਆ ਦੇ ਮਾਹੌਲ ਵਿਚ ਜੀਅ ਰਹੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕਲੌਤੀ ਰਾਜਨੀਤਿਕ ਪਾਰਟੀ ਹੈ ਜਿਸ ਕੋਲ ਸੂਬੇ 'ਚ ਕਾਨੂੰਨ ਵਿਵਸਥਾ ਬਹਾਲ ਕਰਨ, ਨਸ਼ਿਆਂ ਨੂੰ ਖ਼ਤਮ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨ ਲਈ ਮਜ਼ਬੂਤ ਅਤੇ ਠੋਸ ਨੀਤੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਬਚਾਓ, ਸੁਖਬੀਰ ਬਾਦਲ ਨੂੰ ਲਿਆਓ ਮੁਹਿੰਮ ਤਹਿਤ ਅਕਾਲੀ ਦਲ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ | ਇਹ ਸੰਕਲਪ ਲਿਆ ਗਿਆ ਹੈ ਕਿ ਜੇਕਰ ਪਾਰਟੀ 2027 ਵਿਚ ਸਰਕਾਰ ਬਣਾਉਂਦੀ ਹੈ ਤਾਂ ਪੰਜਾਬ ਦੇ ਜਲ ਸਰੋਤਾਂ ਨੂੰ ਸੂਬੇ ਦੇ ਹਿਤ ਲਈ ਵਰਤਿਆ ਜਾਵੇਗਾ ਤੇ ਕਿਸਾਨਾਂ ਦੇ ਹਿਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਵੇਗੀ |