ਫਗਵਾੜਾ, 24 ਮਈ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਮੋਗਾ ਜ਼ਿਲ੍ਹਾ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਸੀਨੀਅਰ ਜਥੇਦਾਰਾਂ ਸਾਹਿਬਾਨਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਾਰਟੀ ਹਾਈ ਕਮਾਂਡ ਵੱਲੋਂ ਜਥੇਬੰਦੀ ਦੇ ਮੁੱਖ ਬੁਲਾਰੇ ਤੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਡਾ. ਹਰਜਿੰਦਰ ਸਿੰਘ ਜੱਖੂ ਸ਼ਾਮਲ ਹੋਏ | ਮੀਟਿੰਗ ਦੌਰਾਨ ਜਥੇਦਾਰ ਸਾਹਿਬਾਨ ਦੇ ਵਿਚਾਰ ਸੁਣਨ ਤੋਂ ਬਾਅਦ ਵਿਧਾਨ ਸਭਾ ਹਲਕਾ ਧਰਮਕੋਟ ਅਤੇ ਵਿਧਾਨ ਸਭਾ ਹਲਕਾ ਵਾਘਾ ਪੁਰਾਣਾ ਦੇ ਇੰਚਾਰਜ ਨਿਯੁਕਤ ਕਰਨ ਦਾ ਫ਼ੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ | ਧਰਮਕੋਟ ਦੇ ਲਈ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਰਾਜ ਸਿੰਘ ਖ਼ਾਲਸਾ ਨੂੰ ਅਤੇ ਜ਼ਿਲੇ੍ਹ ਦੇ ਯੂਥ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਥਰਾਜ ਨੂੰ ਬਾਘਾ ਪੁਰਾਣਾ ਤੋਂ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਫ਼ੈਸਲਾ ਹੋਇਆ | ਡਾ. ਹਰਜਿੰਦਰ ਸਿੰਘ ਜੱਖੂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਮੋਗਾ ਵਿਧਾਨ ਸਭਾ ਹਲਕਾ ਅਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਦਾ ਹਾਲੇ ਕੋਈ ਵੀ ਇੰਚਾਰਜ ਨਹੀਂ ਨਿਯੁਕਤ ਕੀਤਾ ਗਿਆ | ਇਹਨਾਂ ਦੋਨਾਂ ਹਲਕਿਆਂ ਲਈ ਵਿਚਾਰਾਂ ਚੱਲ ਰਹੀਆਂ ਹਨ ਤੇ ਡਾ.ਹਰਜਿੰਦਰ ਸਿੰਘ ਜੱਖੂ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਲੀਮੈਂਟਰੀ ਬੋਰਡ ਵੱਲੋਂ ਪੂਰੇ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਡਾ. ਜੱਖੂ ਨੇ ਦੱਸਿਆ ਕਿ ਪਹਿਲਾਂ ਹੀ ਦੁਆਬੇ ਦੇ 15 ਵਿਧਾਨ ਸਭਾ ਹਲਕੇ, ਜ਼ਿਲ੍ਹਾ ਬਰਨਾਲੇ ਦੇ ਤਿੰਨੋ ਹੀ ਵਿਧਾਨ ਸਭਾ ਹਲਕੇ ਤੇ ਮੋਗਾ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤੇ ਗਿਆ ਹੈ | ਪਾਰਟੀ ਵਲੋਂ ਲਗਭਗ 20 ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ | ਡਾਕਟਰ ਜੱਖੂ ਨੇ ਇਹ ਵੀ ਦੱਸਿਆ ਕਿ ਇਹ ਅਸੀਂ ਹਲਕਾ ਇੰਚਾਰਜ ਨਿਯੁਕਤ ਕਰ ਰਹੇ ਹਾਂ ਉਮੀਦਵਾਰ ਨਹੀਂ ਐਲਾਨ ਕਰ ਰਹੇ ਅਤੇ ਉਮੀਦਵਾਰਾਂ ਦਾ ਐਲਾਨ ਅਕਤੂਬਰ ਦੇ ਵਿਚ ਦਲ ਦਾ ਪਾਰਲੀਮੈਂਟਰੀ ਬੋਰਡ ਮੀਟਿੰਗ ਉਪਰੰਤ ਸਿਮਰਨਜੀਤ ਸਿੰਘ ਮਾਨ ਦੀ ਸਹਿਮਤੀ ਤੋਂ ਬਾਅਦ ਕੀਤਾ ਜਾਵੇਗਾ |