ਨਡਾਲਾ, 24 ਮਈ (ਰਘਬਿੰਦਰ ਸਿੰਘ)-ਸੱਚਖੰਡ ਵਾਸੀ ਸੰਤ ਬਾਬਾ ਰੌਸ਼ਨ ਸਿੰਘ ਤੇ ਮੌਜੂਦਾ ਜੀਵਨ ਪ੍ਰਧਾਨ ਸੰਤ ਬਾਬਾ ਤਰਲੋਕ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਵਿਖੇ ਸੀ.ਬੀ.ਐੱਸ.ਈ. ਬਾਰ੍ਹਵੀਂ ਜਮਾਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਕੂਲ ਵਿਚ ਖ਼ੁਸ਼ੀ ਅਤੇ ਮਾਣ ਵਾਲਾ ਮਾਹੌਲ ਦੇਖਣ ਨੂੰ ਮਿਲਿਆ | ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀ ਮਿਹਨਤ, ਲਗਨ ਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਗਈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਹੋਰ ਬੱਚਿਆਂ ਲਈ ਵੀ ਪੇ੍ਰਰਨਾ ਸਰੂਪ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਦਲਵੀਰ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਦੇ ਪਿੱਛੇ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦਾ ਸਹਿਯੋਗ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ ਚੰਗੇ ਸੰਸਕਾਰ ਦੇਣ ਲਈ ਵਚਨਬੱਧ ਹੈ | ਸਮਾਗਮ ਦੌਰਾਨ ਸਕੂਲ ਸਟਾਫ਼, ਵਿਦਿਆਰਥੀ ਤੇ ਮਾਪੇ ਵੀ ਹਾਜ਼ਰ ਸਨ |