ਸੁਲਤਾਨਪੁਰ ਲੋਧੀ, 25 ਮਈ (ਥਿੰਦ)-ਬੱਚਿਆਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਫਾਲਕਨ ਇੰਟਰਨੈਸ਼ਨਲ ਸਕੂਲ ਸਵਾਲ ਸੁਲਤਾਨਪੁਰ ਲੋਧੀ ਵਿਖੇ ਮਹਾਨ ਸ਼ਹੀਦ ਕਰਤਾਰ ਸਿੰਘ ਦਾ ਜਨਮ ਦਿਹਾੜੇ ਸਬੰਧੀ ਸਮਾਗਮ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਐਮ.ਡੀ. ਨਵਦੀਪ ਕੌਰ ਢਿੱਲੋਂ ਦੀ ਅਗਵਾਈ ਵਿਚ ਕਰਵਾਇਆ ਗਿਆ | ਪਿ੍ੰਸੀਪਲ ਪਰਵੀਨ ਕੌਰ, ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਅਤੇ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਨੇ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ, ਐਮ.ਡੀ. ਨਵਦੀਪ ਕੌਰ ਢਿੱਲੋਂ ਅਤੇ ਸਟਾਫ਼ ਮੈਂਬਰਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ 'ਤੇ ਫ਼ੁੱਲ ਭੇਟ ਕਰਦੇ ਹੋਏ ਸ਼ਰਧਾ ਸਹਿਤ ਨਮਨ ਕੀਤਾ ਗਿਆ | ਇਸ ਮੌਕੇ ਪੂਰਾ ਮਾਹੌਲ ਦੇਸ਼-ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ | ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਉਨ੍ਹਾਂ ਦੀ ਨਿਡਰਤਾ, ਦੇਸ਼ ਪ੍ਰਤੀ ਅਟੁੱਟ ਸਮਰਪਣ ਅਤੇ ਮਹਾਨ ਕੁਰਬਾਨੀਆਂ ਬਾਰੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ | ਮੁਕਾਬਲੇ ਵਿਚ ਸ਼ਹੀਦ ਊਧਮ ਸਿੰਘ ਹਾਊਸ ਦੀ ਹੋਣਹਾਰ ਵਿਦਿਆਰਥਣ ਸਿ੍ਸ਼ਟੀ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ | ਚੇਅਰਮੈਨ ਕਰਨਲ ਢਿੱਲੋਂ, ਡਾਇਰੈਕਟਰ ਢਿੱਲੋਂ ਨੇ ਆਪਣੇ ਉਤਸ਼ਾਹ ਪੂਰਵਕ ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਸੰਦੇਸ਼ ਦਿੱਤਾ | ਦੇਸ਼ ਪ੍ਰਤੀ ਹਮੇਸ਼ਾ ਇਮਾਨਦਾਰ ਅਤੇ ਦੇਸ਼ ਲਈ ਸੇਵਾ ਕਰਨ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ |