ਤਲਵੰਡੀ ਚੌਧਰੀਆਂ, 29 ਜੂਨ (ਪਰਸਨ ਲਾਲ ਭੋਲਾ)-ਸਿੱਖਾਂ ਦੀ ਦਿਨ ਬ ਦਿਨ ਘੱਟਦੀ ਆਬਾਦੀ ਚਿੰਤਾ ਦਾ ਵਿਸ਼ਾ ਹੈ, ਜਿਸ ਦਾ ਮੁੱਖ ਕਾਰਨ ਸਿੱਖ ਜੋੜਿਆਂ ਵਿਚ ਜਨਮ ਦਰ ਦਾ ਸਿਰਫ਼ 1.6 ਫ਼ੀਸਦੀ ਰਹਿਣਾ ਹੈ | ਜੇਕਰ ਸਿੱਖ ਆਬਾਦੀ ਸਥਿਰ ਰੱਖਣੀ ਹੈ ਤਾਂ ਜਨਮ ਦਰ 2.1 ਫ਼ੀਸਦੀ ਚਾਹੀਦੀ ਹੈ | ਇਨ੍ਹਾਂ ਹਾਲਤਾਂ ਵਿਚ ਸਿੱਖ ਆਬਾਦੀ ਵੱਡੀ ਪੱਧਰ ‘ਤੇ ਘਟਦੀ ਜਾ ਰਹੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ ਸੀਨੀਅਰ ਸ਼੍ਰੋਮਣੀ ਅਕਾਲੀ ਆਗੂ, ਹਰਦਿਆਲ ਸਿੰਘ ਨਿਹਾਲਾ ਤੇ ਯੂਥ ਆਗੂ ਕੀਰਤਨ ਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਅਕਾਲੀ ਆਗੂਆਂ ਅੱਗੇ ਕਿਹਾ ਕਿ ਘਟਦੀ ਸਿੱਖ ਆਬਾਦੀ ਦਾ ਪਤਾ ਪ੍ਰਾਇਮਰੀ ਸਕੂਲਾਂ ਵਿਚ 3 ਤੋਂ 8 ਸਾਲ ਦੇ ਸਿੱਖ ਬੱਚਿਆਂ ਦੀ ਗਿਣਤੀ 49 ਫ਼ੀਸਦੀ ਹੈ, ਜੋ ਪਹਿਲਾਂ 56 ਫ਼ੀਸਦੀ ਹੁੰਦੀ ਸੀ | ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਵੱਡੇ ਪੱਧਰ ਤੇ ਘੱਟ ਰਹੀ ਹੈ | ਅਜਿਹੀ ਹਾਲਤ ਵਿਚ ਜੇਕਰ ਐਸ.ਆਈ.ਆਰ. ਵਿਚ ਬੰਗਾਲ ਅਤੇ ਬਿਹਾਰ ਵਾਂਗ ਜਿੱਥੇ ਘੱਟ ਗਿਣਤੀਆਂ ਦੀਆਂ ਵੋਟਾਂ ਘੱਟ ਬਣਨ ਦੇ ਦੋਸ਼ ਲੱਗਦੇ ਹਨ | ਉੱਥੇ ਪੰਜਾਬ ਵਿਚ ਜੇ ਸਿੱਖ ਵੀ ਬੇਪ੍ਰਵਾਹ ਰਹੇ ਅਤੇ ਜੇ ਉਨ੍ਹਾਂ ਦੀਆਂ ਵੋਟਾਂ ਪੂਰੀਆਂ ਨਾ ਬਣੀਆਂ ਤਾਂ ਇਸ ਦਾ ਸਿੱਖ ਕੌਮ ਨੂੰ ਵੱਡਾ ਖ਼ਮਿਆਜ਼ਾ ਭੁਗਤਣਾ ਪਵੇਗਾ| ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਸਿੱਖਾਂ ਦੀਆਂ ਆਬਾਦੀ ਘਟਣ ਦਾ ਕਾਰਨ ਵਿਦੇਸ਼ਾਂ ਵੱਲ ਪ੍ਰਵਾਸ ਤੇ ਬਿਹਾਰ ਤੇ ਯੂ.ਪੀ. ਦੇ ਵਾਸੀਆਂ ਦਾ ਪੰਜਾਬ ਵੱਲ ਪਰਵਾਸ ਹੈ | ਅਕਾਲੀ ਆਗੂਆਂ ਨੇ ਸਾਰੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ, ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਆਪਣੇ ਵਰਕਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਜਾਣ | ਇਹ ਕੰਮ ਸਾਰਾ ਬੂਥ ਪੱਧਰ ਤੇ ਹੋਣਾ ਚਾਹੀਦਾ ਹੈ ਅਤੇ ਬੀ.ਐਲ.ਓ. ਨਾਲ ਲਗਾਤਾਰ ਸੰਪਰਕ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਲੋਕ ਪੰਜਾਬ ਤੋਂ ਬਾਹਰੋਂ ਆਏ ਹਨ ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੇ ਸੂਬਿਆਂ ਵਿਚ ਹੀ ਬਣਨੀਆਂ ਚਾਹੀਦੀਆਂ ਹਨ |