ਭੰਡਾਲ ਬੇਟ, 2 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐਨ. ਆਰ. ਆਈ. ਵੀਰਾਂ ਤੇ ਨਗਰ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਬਾਬਾ ਸ਼ਾਹ ਗਰੀਬ ਦਾ ਸਾਲਾਨਾ ਸੱਭਿਆਚਾਰਕ ਮੇਲਾ ਬੀਬੀ ਤਾਰੋ ਜੀ ਸਾਬਰ ਦੀ ਰਹਿਨੁਮਾਈ ਹੇਠ ਗੱਦੀ ਨਸ਼ੀਨ ਬਾਬਾ ਪਰਗਣ ਸ਼ਾਹ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਨਾਲ ਪਿੰਡ ਸੁਰਖਪੁਰ ਵਿਖੇ ਮਨਾਇਆ| ਸਭ ਤੋਂ ਪਹਿਲਾਂ ਬਾਬਾ ਜੀ ਦੀ ਪਵਿੱਤਰ ਦਰਗਾਹ ’ਤੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਸੱਭਿਆਚਾਰਕ ਸਟੇਜ ਤੋਂ ਪ੍ਰਸਿੱਧ ਦੋਗਾਣਾ ਜੋੜੀ ਗੋਲਡੀ ਮਾਨ ਰਾਜਵਿੰਦਰ ਮਾਨ ਨੇ ਆਪਣੇ ਸੂਫ਼ੀ ਗੀਤਾਂ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ। ਉਪਰੰਤ ਪ੍ਰਸਿੱਧ ਗਾਇਕਾ ਦੀਪ ਧਾਲੀਵਾਲ, ਗਾਇਕ ਸੋਹਣ ਸਿਕੰਦਰ ਤੇ ਗਾਇਕ ਇਰਸ਼ਾਦ ਮੁਹੰਮਦ ਨੇ ਆਪਣੇ ਹਿੱਟ ਗੀਤਾਂ ਰਾਹੀਂ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ| ਸੱਭਿਆਚਾਰਕ ਮੇਲੇ ’ਚ ਸਾਬਕਾ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਮੌਕੇ ਗੱਦੀ ਨਸ਼ੀਨ ਬਾਬਾ ਪਰਗਣ ਸ਼ਾਹ ਨੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ| ਇਸ ਮੌਕੇ ਸਟੇਜ ਸੰਚਾਲਨ ਦੀ ਸੇਵਾ ਸ਼ੌਂਕੀ ਫੂਲੇਵਾਲ ਵਲੋਂ ਨਿਭਾਈ ਗਈ| ਇਸ ਮੌਕੇ ਗੁਰੂ ਕੇ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ |