ਸੁਲਤਾਨਪੁਰ ਲੋਧੀ, 2 ਜੁਲਾਈ (ਨਰੇਸ਼ ਹੈਪੀ)-ਇਨਰ ਵੀਲ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਵਾਹਿਗੁਰੂ ਅਕੈਡਮੀ ਦੇ ਸਹਿਯੋਗ ਨਾਲ ਅੱਜ ਡਾਕਟਰ ਡੇ ਮੌਕੇ ‘ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦਾ ਮੁੱਖ ਉਦੇਸ਼ ਡਾਕਟਰੀ ਪੇਸ਼ੇ ਦੀਆਂ ਮੌਜੂਦਾ ਚੁਣੌਤੀਆਂ, ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਡਾਕਟਰ-ਮਰੀਜ਼ ਸੰਬੰਧਾਂ ‘ਤੇ ਵਿਚਾਰ-ਚਰਚਾ ਕਰਨਾ ਸੀ | ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਐਸ.ਐਮ.ਓ. ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਡਾਕਟਰ ਅਸ਼ੀਸ਼ ਜੇਤਲੀ ਸ਼ਾਮਿਲ ਹੋਏ | ਉਨ੍ਹਾਂ ਦਾ ਰੋਟੇਰੀਅਨ ਡਾ. ਹਰਜੀਤ ਸਿੰਘ, ਵਾਹਿਗੁਰੂ ਅਕੈਡਮੀ ਦੇ ਐਮ ਡੀ ਗਗਨਦੀਪ ਸਿੰਘ, ਇਨਰ ਵੀਲ ਕਲੱਬ ਦੀ ਪ੍ਰਧਾਨ ਪਰਮਜੀਤ ਕੌਰ ਸੁਖ, ਪਿ੍ੰਸੀਪਲ ਰਮਿੰਦਰ ਕੌਰ ਅਤੇ ਅਲਕਾ ਛਾਬੜਾ ਵੱਲੋਂ ਕੀਤਾ ਗਿਆ | ਸਟੇਜ ਦੀ ਕਾਰਵਾਈ ਡਾ. ਹਰਜੀਤ ਸਿੰਘ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਡਾ. ਹਰਜੀਤ ਸਿੰਘ ਨੇ ਕਿਹਾ ਕਿ ਡਾਕਟਰੀ ਪੇਸ਼ਾ ਸੇਵਾ-ਪ੍ਰਧਾਨ ਹੈ, ਪਰ ਕਾਰਪੋਰੇਟ ਸਭਿਆਚਾਰ ਅਤੇ ਆਪਸੀ ਬੇਵਿਸ਼ਵਾਸੀ ਨੇ ਇਸਨੂੰ ਚੁਣੌਤੀਪੂਰਨ ਬਣਾ ਦਿੱਤਾ ਹੈ | ਬੱਚਿਆਂ ਦੇ ਇਲਾਜ ਸਮੇਂ ਮਾਪਿਆਂ ਨਾਲ ਤਾਲਮੇਲ ਬੇਹੱਦ ਜ਼ਰੂਰੀ ਹੈ | ਇਸ ਮੌਕੇ ਡਾ. ਅਮਨਪ੍ਰੀਤ ਸਿੰਘ ਐਮ.ਐਸ. ਸਰਜਨ ਨੇ ਦੱਸਿਆ ਕਿ ਨਵੀਂ ਤਕਨੀਕ ਨਾਲ ਸਰਜਰੀ ਸੌਖੀ ਹੋਈ ਹੈ ਪਰ ਮਰੀਜ਼ਾਂ ਦੀਆਂ ਉਮੀਦਾਂ ਵੀ ਵਧੀਆਂ ਹਨ | ਇਸ ਮੌਕੇ ਐਸ.ਐਮ.ਓ. ਡਾ. ਅਸ਼ੀਸ਼ ਜੇਤਲੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰੀ ਹਸਪਤਾਲਾਂ ‘ਚ ਸਹੂਲਤਾਂ ਤਾਂ ਵਧੀਆਂ ਹਨ ਪਰ ਸਟਾਫ਼ ਦੀ ਕਮੀ ਵੱਡੀ ਸਮੱਸਿਆ ਹੈ | ਉਨ੍ਹਾਂ ਕਿਹਾ ਕਿ Uਮੈਂ ਬਹੁਤ ਖ਼ੁਸ਼ਕਿਸਮਤ ਹਾਂ ਜਿਸ ਨੂੰ ਇਸ ਪਾਵਨ ਨਗਰੀ ਦੇ ਵਿਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਨੌਜਵਾਨ ਡਾਕਟਰਾਂ ਨੂੰ ਪੇਂਡੂ ਖੇਤਰਾਂ ‘ਚ ਸੇਵਾ ਦੇਣ ਦਾ ਸੱਦਾ ਵੀ ਦਿੱਤਾ | ਇਸ ਮੌਕੇ ਗਗਨਦੀਪ ਸਿੰਘ, ਵਾਹਿਗੁਰੂ ਅਕੈਡਮੀ ਨੇ ਕਿਹਾ ਕਿ ਕੋਵਿਡ ਦੌਰਾਨ ਡਾਕਟਰਾਂ ਦੀ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਡਾ. ਗੁਰਿੰਦਰ ਜੋਸਨ ਅਤੇ ਡਾ. ਨਵਜੋਤ ਕੌਰ ਡੈਂਟਲ ਸਰਜਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਡਾ. ਹਰਜੀਤ ਸਿੰਘ, ਡਾ. ਅਮਨਪ੍ਰੀਤ ਸਿੰਘ, ਗਗਨਦੀਪ ਸਿੰਘ ਐਮ ਡੀ ਵਾਹਿਗੁਰੂ ਅਕੈਡਮੀ, ਗੁਰਪ੍ਰੀਤ ਸਿੰਘ ਸੋਨਾ ਆਦਿ ਵੱਲੋਂ ਮੁੱਖ ਮਹਿਮਾਨ ਐਸ. ਐਮ. ਓ. ਡਾ. ਅਸ਼ੀਸ਼ ਜੇਤਲੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਡਾਕਟਰਾਂ ਵੱਲੋਂ ਕੇਕ ਕੱਟ ਕੇ ਡਾਕਟਰ ਡੇ ਦੀ ਖ਼ੁਸ਼ੀ ਦਾ ਵੀ ਇਜ਼ਹਾਰ ਕੀਤਾ ਗਿਆ | ਅੰਤ ‘ਚ ਇਨਰ ਵੀਲ ਕਲੱਬ ਦੀ ਪ੍ਰਧਾਨ ਪਰਮਜੀਤ ਕੌਰ ਸੁਖ ਨੇ ਸਮੂਹ ਡਾਕਟਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਪੂਨਮ ਮਨਚੰਦਾ, ਡਾ. ਹਰਕੀਰਤ, ਡਾ. ਨਵਪ੍ਰੀਤ, ਡਾ. ਕਨਿਕਾ, ਡਾ. ਸਿਮਰਨ ਵਾਹੀ, ਡਾ. ਅਰਵਿੰਦ ਛਾਬੜਾ, ਡਾ. ਰਣਜੀਤ, ਡਾ. ਗੁਰਪ੍ਰੀਤ ਸਿੰਘ, ਡਾ. ਕੇ ਕੇ ਚਾਵਲਾ, ਡਾ. ਅਸ਼ੋਕ, ਫਾਰਮਾਸਿਸਟ ਅਮਰਿੰਦਰ ਸਿੰਘ, ਇੰਨਰ ਵੀਲ ਕਲੱਬ ਦੇ ਸ਼੍ਰੀਮਤੀ ਕੁਲਵੰਤ ਕੌਰ ਵਿਰਦੀ, ਅਲਕਾ ਛਾਬੜਾ, ਪਰਵੀਨ ਬਤਰਾ, ਪਰਮਜੀਤ ਕੌਰ ਸੁਖ, ਸੰਦੇਸ਼ ਭੰਡਾਰੀ, ਰਮਿੰਦਰ ਕੌਰ ਪਿ੍ੰਸੀਪਲ, ਪਰਵਿੰਦਰ ਸੋਢੀ, ਨਰਿੰਦਰ ਕੌਰ, ਸੰਦੀਪ ਕੌਰ, ਸੁਖਵਿੰਦਰ ਕੌਰ ਆਦਿ ਵੀ ਹਾਜ਼ਰ ਸਨ |