09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੁਰਦੁਆਰਾ ਟਾਹਲੀ ਸਾਹਿਬ ਕੋਲੋਂ ਲੰਘਦੀ ਕਾਲਾ ਸੰਘਿਆਂ ਡਰੇਨ ਵੰਡ ਰਹੀ ਘਾਤਕ ਬਿਮਾਰੀਆਂ

Ad Position 21
No active advertisement
ਅਜੀਤ ਡੈਸਕ 05-07-2026
ਕਾਲਾ ਸੰਘਿਆਂ, 4 ਜੁਲਾਈ (ਬਲਜੀਤ ਸਿੰਘ ਸੰਘਾ)-ਛੇਵੇਂ ਪਾਤਿਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਬਲੇਰ ਖਾਨਪੁਰ ਵਿਖੇ ਸਥਿਤ ਰਮਨੀਕ ਧਾਰਮਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨਾਇਆ ਜਾਂਦਾ ਜੋੜ ਮੇਲਾ ਦੁਆਬੇ ਦੇ ਪ੍ਰਮੁੱਖ ਮਨਾਏ ਜਾਂਦੇ ਧਾਰਮਿਕ ਵੱਡੇ ਸਮਾਗਮਾਂ ਵਿਚੋਂ ਹੈ | ਪਰ ਸਰਕਾਰਾਂ ਦੀ ਨਲਾਇਕੀ ਤੇ ਬੇਧਿਆਨੀ ਕਾਰਨ ਇਸ ਗੁਰਦੁਆਰਾ ਸਾਹਿਬ ਦੇ ਨਾਲ਼ ਦੀ ਲੰਘਦੀ ਗੰਦੇ ਪਾਣੀ ਦੀ ਕਾਲ਼ਾ ਸੰਘਿਆਂ ਡਰੇਨ ਜਿਥੇ ਪੂਰੇ ਇਲਾਕੇ ਲਈ ਸ਼ਰਾਪ ਹੈ ਉਥੇ ਹੀ ਇਸ ਅਲੌਕਿਕ ਅਸਥਾਨ ਕੋਲ਼ੋਂ ਇਸ ਡਰੇਨ ਦੇ ਲੰਘਣ ਨਾਲ਼ ਇਸ ਅਸਥਾਨ ਤੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਆਉਂਦੀਆਂ ਹਜ਼ਾਰਾਂ ਸਿੱਖ ਸੰਗਤਾਂ ’ਚ ਵੀ ਭਾਰੀ ਰੋਸ ਹੈ| ਇਥੇ ਹੁੰਦੇ ਸਮਾਗਮਾਂ ਵਿਚ ਹਰ ਪਾਰਟੀ ਦੇ ਪ੍ਰਮੁੱਖ ਲੀਡਰ, ਵਿਧਾਇਕ, ਮੰਤਰੀ ਆਦਿ ਇਸ ਅਸਥਾਨ ’ਤੇ ਨਤਮਸਤਕ ਹੋਣ ਆਉਂਦੇ ਹਨ ਪਰ ਇਸ ਡਰੇਨ ਵਾਲੇ ਮਸਲੇ ਵੱਲ ਇਨ੍ਹਾਂ ਲੀਡਰਾਂ ਵਲੋਂ ਜਾਣਬੁੱਝ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਇਥੋਂ ਤੱਕ ਕਿ ਇਲਾਕੇ ਦੇ ਲੋਕਾਂ ਵਲੋਂ ਇਸ ਡਰੇਨ ਨੂੰ ਬੰਦ ਕਰਵਾਉਣ ਜਾਂ ਇਸ ਡਰੇਨ ਵਿਚ ਸਾਫ਼ ਪਾਣੀ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਬਹੁਤ ਵਾਰ ਜ਼ਬਰਦਸਤ ਸੰਘਰਸ਼ ਵੀ ਕੀਤਾ ਗਿਆ ਪਰ ਨਤੀਜਾ ਜ਼ੀਰੋ ਹੀ ਰਿਹਾ| ਇਸ ਡਰੇਨ ਦੇ ਗੰਦੇ ਤੇ ਬਦਬੂਦਾਰ ਪਾਣੀ ਕਰਕੇ ਇਲਾਕੇ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਇਸ ਡਰੇਨ ਦੇ ਕੈਮੀਕਲ ਵਾਲੇ ਪਾਣੀ ਨੇ ਹਵਾ ਨੂੰ ਇੰਨੀ ਬੁਰੀ ਤਰ੍ਹਾਂ ਦੂਸ਼ਿਤ ਕੀਤਾ ਹੋਇਆ ਹੈ ਕਿ ਲੋਕਾਂ ਦੇ ਲੱਗੇ ਏਅਰ ਕੰਡੀਸ਼ਨਾਂ ਦੇ ਆਊਟਡੋਰ ਕੰਪਰੈਸ਼ਰ, ਮੋਟਰਾਂ ਦੇ ਪਾਇਪ, ਲੋਹੇ ਦੇ ਦਰਵਾਜ਼ੇ ਤੇ ਹੋਰ ਲੋਹੇ ਆਦਿ ਦਾ ਸਮਾਨ ਕੁੱਝ ਸਮੇਂ ਵਿਚ ਹੀ ਗਲ਼ ਜਾਂਦਾ ਹੈ| ਇਸ ਇਲਾਕੇ ਵਿਚ ਗੁਜ਼ਰ ਭਾਈਚਾਰਾ ਵੀ ਕਾਫ਼ੀ ਗਿਣਤੀ ਵਿਚ ਹੈ ਜੋ ਵੱਡੇ ਪੱਧਰ ’ਤੇ ਦੁੱਧ ਦਾ ਕਾਰੋਬਾਰ ਕਰਦਾ ਹੈ ਤੇ ਵੱਡੀ ਗਿਣਤੀ ’ਚ ਰੱਖੀਆਂ ਮੱਝਾਂ ਨੂੰ ਚਰਾਉਂਦੇ ਸਮੇਂ ਗੁਜ਼ਰ ਇਸ ਡਰੇਨ ਵਿਚ ਵਾੜ ਦਿੰਦੇ ਹਨ ਤੇ ਮੱਝਾਂ ਇਹੀ ਪਾਣੀ ਪੀ ਲੈਂਦੀਆਂ ਹਨ ਅਤੇ ਇਨ੍ਹਾਂ ਮੱਝਾਂ ਦਾ ਹਜ਼ਾਰਾਂ ਲੀਟਰ ਦੁੱਧ ਜੋ ਨੇੜਲੇ ਪਿੰਡਾਂ ਦੇ ਨਾਲ਼ ਕਪੂਰਥਲਾ ਤੇ ਜਲੰਧਰ ਵਰਗੇ ਸ਼ਹਿਰਾਂ ’ਚ ਲੋਕ ਪੀਂਦੇ ਹਨ ਤੇ ਇਸ ਨਾਲ਼ ਵੀ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਦੀ ਪਵਿੱਤਰਤਾ ਦੀ ਮਹੱਤਤਾ ਲਈ ਤੇ ਮਨੁੱਖੀ ਜੀਵਨ ਲਈ ਬੇਹੱਦ ਘਾਤਕ ਇਸ ਡਰੇਨ ਦਾ ਜਲਦ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਮਨੁੱਖ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ| ਜ਼ਿਕਰਯੋਗ ਹੈ ਕਿ ਇਹ ਮਸਲਾ ਮੁੱਖ ਮੰਤਰੀ ਦੇ ਕਾਫ਼ੀ ਸਮੇਂ ਤੋਂ ਧਿਆਨ ਵਿਚ ਵੀ ਹੈ |
Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਨਜ਼ਦੀਕ ਬਣੇ ਡਾਇਵਰਸ਼ਨ ਤੋਂ ਦੋਪਹੀਆ ਚਾਲਕ ਪ੍ਰੇਸ਼ਾਨ ਅਗਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ
Ad Position 24