ਕਾਲਾ ਸੰਘਿਆਂ, ਕਪੂਰਥਲਾ-ਨਕੋਦਰ ਰੋਡ ‘ਤੇ ਸਥਿਤ ਦੁਆਬੇ ਦੇ ਮਸ਼ਹੂਰ ਕਸਬੇ ਕਾਲਾ ਸੰਘਿਆਂ ਤੋਂ ਲਹਿੰਦੀ ਵੱਲ ਨਜ਼ਰ ਮਾਰੀਏ ਤਾਂ ਤਕਰੀਬਨ ਇਕ ਕਿੱਲੋਮੀਟਰ ਪਿੰਡ ਤੋਂ ਬਾਹਰ ਸੰਘਣੇ ਦਰੱਖਤਾਂ ਦੇ ਝੁੰਡ ’ਚੋਂ ਗੁਰਦੁਆਰਾ ਸਾਹਿਬ ਦੀ ਉੱਚੀ ਇਮਾਰਤ ਦਾ ਚਿੱਟਾ ਗੁੰਬਦ ਕਾਲੇ ਬੱਦਲਾਂ ਵਿਚ ਉੱਡਦੇ ਬਗਲਿਆਂ ਦਾ ਭੁਲੇਖਾ ਪਾਉਂਦਾ ਹੈ| ਇਸ ਅਸਥਾਨ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸੰਬੰਧ ਹੈ ਕਿਉਂਕਿ ਇਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੈ| ਇਤਿਹਾਸ ਅਨੁਸਾਰ ਉਨ੍ਹਾਂ ਸਮਿਆਂ ਵਿਚ ਇਥੇ ਬਹੁਤ ਹੀ ਭਾਰੀ ਜੰਗਲ ਹੁੰਦਾ ਸੀ, ਜਿਸ ਵਿਚ ਇਕ ਬਹੁਤ ਹੀ ਖ਼ੂੰਖ਼ਾਰ ਸ਼ੇਰ ਰਹਿੰਦਾ ਸੀ, ਜਿਹੜਾ ਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦਾ ਸੀ| ਉਸ ਸ਼ੇਰ ਤੋਂ ਤੰਗ ਆ ਕੇ ਇਲਾਕੇ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਕਰਤਾਰਪੁਰ ਵਿਖੇ ਛੇਵੇਂ ਪਾਤਿਸ਼ਾਹ ਅੱਗੇ ਜਾ ਬੇਨਤੀ ਕੀਤੀ| ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਜ਼ੂਰ ਨੇ ਇਸ ਧਰਤੀ ਨੂੰ ਭਾਗ ਲਾਏ| ਗੁਰੂ ਜੀ ਆਪਣੀਆਂ ਫ਼ੌਜਾਂ ਸਮੇਤ ਇਸ ਜੰਗਲ ਵਿਚ ਆਏ ਅਤੇ ਇਥੇ ਰਹਿੰਦੇ ਸਾਈਂ ਗੁਲੀ ਸ਼ਾਹ ਨਾਂਅ ਦੇ ਫ਼ਕੀਰ ਨੂੰ ਵੀ ਮਿਲੇ। ਬਜ਼ੁਰਗਾਂ ਤੋਂ ਸੁਣੀ ਗੱਲ ਅਨੁਸਾਰ ਸ਼ੇਰ ਦੀ ਭਾਲ ਵਿਚ ਪਾਤਿਸ਼ਾਹ ਅੱਗੇ ਵਧੇ ਤਾਂ ਦੇਖਿਆ ਕਿ ਸ਼ੇਰ ਇਕ ਝਾੜੀ ਥੱਲੇ ਸੁੱਤਾ ਪਿਆ ਹੈ| ਗੁਰੂ ਜੀ ਨੇ ਸ਼ੇਰ ਨੂੰ ਲਲਕਾਰਿਆ| ਜਿਉਂ ਹੀ ਸ਼ੇਰ ਨੇ ਪਾਤਿਸ਼ਾਹ ‘ਤੇ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਆਪਣੀ ਢਾਲ ਤੋਂ ਰੋਕ ਕੇ ਆਪਣੀ ਤਲਵਾਰ ਦਾ ਐਸਾ ਵਾਰ ਚਲਾਇਆ ਕਿ ਸ਼ੇਰ ਦਾ ਸਿਰ ਧੜ ਨਾਲੋਂ ਲੱਥ ਗਿਆ| ਜਦ ਪਿੰਡ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਹੁੰਮ-ਹੁਮਾ ਕੇ ਗੁਰੂ ਕੀਆਂ ਫ਼ੌਜਾਂ ਲਈ ਖਾਣ ਪੀਣ ਦੀਆਂ ਵਸਤਾਂ ਲੈ ਕੇ ਪੁੱਜੀਆ| ਗੁਰੂ ਜੀ ਇਕ ਪਿੱਪਲ ਦੇ ਦਰਖ਼ਤ ਹੇਠ ਬੈਠ ਗਏ ਤੇ ਸੰਗਤ ਨੂੰ ਧਰਮ ਨਾਲ ਜੁੜਨ ਅਤੇ ਸਵੈ-ਰੱਖਿਆ ਦੀ ਪ੍ਰੇਰਨਾ ਦੇਣ ਲੱਗੇ| ਉਸ ਸੰਗਤ ਵਿਚ ਪਿੰਡ ਕਾਲਾ ਸੰਘਿਆਂ ਦਾ ਵਸਨੀਕ ਭਾਈ ਪੰਨੂੰ ਨਾਂਅ ਦਾ ਇਕ ਗੁਰੂ ਜੀ ਦਾ ਸ਼ਰਧਾਲੂ ਬੈਠਾ ਸੀ ਜਿਹੜਾ ਕਿ ਘਰ ਤੋਂ ਬਹੁਤ ਗਰੀਬ ਸੀ, ਜਿਸ ਨੂੰ ਲੋਕ ਮਖੌਲ ਨਾਲ ਚੌਧਰੀ ਕਹਿੰਦੇ ਸਨ| ਉਸ ਕੋਲ ਕੋਈ ਖਾਣ ਪੀਣ ਦੀ ਚੀਜ਼ ਨਾ ਹੋਣ ਕਰਕੇ ਉਸ ਨੇ ਆਪਣੇ ਘਰ ਵਿਚ ਉੱਗੀ ਬੇਰੀ ਨਾਲੋਂ ਪੱਕੇ-ਪੱਕੇ ਬੇਰ ਤੋੜੇ ਅਤੇ ਸਾਫੇ ਨਾਲ ਬੰਨ ਕੇ ਗੁਰੂ ਜੀ ਵਾਸਤੇ ਲੈ ਗਿਆ | ਪਰ ਉਥੇ ਜਾ ਕੇ ਉਸ ਦਾ ਗੁਰੂ ਜੀ ਨੂੰ ਭੇਟ ਕਰਨ ਦਾ ਹੌਸਲਾ ਨਾ ਪਿਆ ਅਤੇ ਉਹ ਨੀਵੀਂ ਪਾਈ ਚੁੱਪ ਚਾਪ ਬੈਠਾ ਰਿਹਾ। ਗੁਰੂ ਜੀ ਨੇ ਆਪ ਹੀ ਆਵਾਜ਼ ਮਾਰੀ ਕਿ ਚੌਧਰੀ ਤੂੰ ਕੀ ਲੈ ਕੇ ਆਇਆ ਏ ਤਾਂ ਭਾਈ ਪੰਨੂੰ ਨੇ ਪਾਤਿਸ਼ਾਹ ਅੱਗੇ ਬੇਰ ਰੱਖ ਦਿੱਤੇ| ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ ਕਿ ਇਹ ਬੇਰ ਸਾਰੀ ਸੰਗਤ ਵਿਚ ਵਰਤਾਅ ਦੇਵੇ ਅਤੇ ਉਨ੍ਹਾਂ ਦੀਆਂ ਗਿਟਕਾਂ ਟਾਵੀਆਂ ਟਾਵੀਆਂ ਖਿਲਾਰ ਦੇਵੇ ਜਿਨ੍ਹਾਂ ਤੋਂ ਉੱਗੀਆਂ ਬੇਰੀਆਂ ਅਜੇ ਤੱਕ ਮੌਜੂਦ ਹਨ| ਇਸ ਤੋਂ ਇਸ ਅਸਥਾਨ ਦਾ ਨਾਂਅ ਟਾਵੀਂ ਸਾਹਿਬ ਪਿਆ| ਇਸ ਅਸਥਾਨ ‘ਤੇ ਹਰ ਸਾਲ ਛੇਵੇਂ ਪਾਤਿਸ਼ਾਹ ਦਾ ਆਗਮਨ ਪੁਰਬ 5 ਜੁਲਾਈ ਮਨਾਇਆ ਜਾਂਦਾ ਹੈ ਤੇ ਭਾਰੀ ਜੋੜ ਮੇਲਾ ਲੱਗਦਾ ਤੇ ਦੀਵਾਨ ਸਜਦੇ ਹਨ| -ਬਲਜੀਤ ਸਿੰਘ ਸੰਘਾ