ਕਪੂਰਥਲਾ, 4 ਜੁਲਾਈ (ਵਿ.ਪ੍ਰ.)-ਪੰਜਾਬ ਸਰਕਾਰ ਵਲੋਂ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 206 ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ| ਇਸ ਸੰਬੰਧੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਪੇਂਡੂ ਖੇਤਰਾਂ ਵਿਚ ਸਕੂਲਾਂ ਦੇ 100 ਮੀਟਰ ਦੇ ਘੇਰੇ ਤੇ ਸ਼ਹਿਰੀ ਖੇਤਰਾਂ ਦੇ ਸਕੂਲਾਂ ਦੇ 50 ਮੀਟਰ ਦੇ ਘੇਰੇ ’ਚ ਆਉਂਦੀਆਂ ਸਾਰੀਆਂ ਦੁਕਾਨਾਂ, ਸਕੂਲ ਕੰਟੀਨਾਂ ਤੇ ਕਿਸੇ ਵੀ ਹੋਰ ਵਪਾਰਕ ਅਦਾਰਿਆਂ ਵਿਚ ਐਨਰਜੀ ਡਰਿੰਕ ਦੀ ਵਿੱਕਰੀ ‘ਤੇ ਮੁਕੰਮਲ ਰੋਕ ਰਹੇਗੀ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਦੇ ਆਲੇ ਦੁਆਲੇ ਅਤੇ ਬਾਜ਼ਾਰਾਂ ’ਚ ਨਿਰੰਤਰ ਚੈਕਿੰਗ ਮੁਹਿੰਮ ਚਲਾਉਣ ਤਾਂ ਜੋ ਬੱਚਿਆਂ ਦੇ ਭਵਿੱਖ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾ ਸਕੇ| ਉਨ੍ਹਾਂ ਸਾਰੇ ਫੂਡ ਬਿਜ਼ਨਸ ਆਪ੍ਰੇਟਰਾਂ ਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਜਾਂ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸੰਬੰਧਿਤ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ| ਉਨ੍ਹਾਂ ਕਿਹਾ ਕਿ ਇਨ੍ਹਾਂ ਤਰਲ ਪਦਾਰਥਾਂ ਵਿਚ ਕੈਫ਼ੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬੱਚਿਆਂ ਦੇ ਦਿਲ ਦਿਮਾਗ, ਮਾਨਸਿਕ ਤੇ ਪੇਟ ਦੀ ਸਿਹਤ ‘ਤੇ ਬੁਰਾ ਅਸਰ ਪਾਉਂਦੀਆਂ ਹਨ |