ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮੀਟਿੰਗ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿਚ ਮੋਰਚੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਘਰਸ਼ ਵਿੱਢਣ ਲਈ ਤਿਆਰ ਰਹਿਣ ਤਾਂ ਜੋ ਸਰਕਾਰ ਨੂੰ ਨਵੀਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ| ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਵਿਰੁੱਧ ਆਰ-ਪਾਰ ਦੀ ਲੜਾਈ ਲੜਨਗੇ ਤੇ ਕਿਸਾਨਾਂ ਦੀ ਮਰਜ਼ੀ ਤੋਂ ਬਿਨ੍ਹਾਂ ਉਨ੍ਹਾਂ ਦੀ ਜ਼ਮੀਨ ਸਰਕਾਰ ਨੂੰ ਜਬਰੀ ਨਹੀਂ ਖੋਹਣ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਲੈਂਡ ਪੁਲਿੰਗ ਨੀਤੀ ਵਿਚ ਰਿਆਇਤਾਂ ਦੇ ਨਾਂਅ ਹੇਠ ਕਿਸਾਨਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਇਜਾਜ਼ਤ ਨਹੀਂ ਦੇਵੇਗਾ| ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਬਣੀਆਂ ਹਨ ਤੇ ਇਹ ਕਿਸਾਨਾਂ ਦੀ ਰੋਜ਼ੀ ਰੋਟੀ ਦਾ ਸਵਾਲ ਹਨ| ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਪਹਿਲਾਂ ਵੀ ਸਰਕਾਰ ਨੂੰ ਲੈਂਡ ਪੁਲਿੰਗ ਨੀਤੀ ਵਾਪਸ ਲੈਣੀ ਪਈ ਸੀ| ਰਸ਼ਪਾਲ ਸਿੰਘ ਨੇ ਕਿਹਾ ਕਿ ਹੁਣ ਵੀ ਸਰਕਾਰ ਨੂੰ ਆਪਣੀ ਪਾਲਿਸੀ ਵਾਪਸ ਲੈ ਕੇ ਪਿੱਛੇ ਹਟਣਾ ਪਵੇਗਾ, ਕਿਉਂਕਿ ਜੁਝਾਰੂ ਵਿਰਸੇ ਦੇ ਮਾਲਕ ਪੰਜਾਬ ਦੇ ਸੂਰਮੇ ਕਿਸਾਨ ਕਿਸੇ ਨੂੰ ਵੀ ਆਪਣੀ ਜ਼ਮੀਨ ਵਿਚ ਪੈਰ ਨਹੀਂ ਪਾਉਣ ਦੇਣਗੇ| ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕਾਰਪੋਰੇਟਾਂ ਦੀ ਨਜ਼ਰ ਇਸ ਸਮੇਂ ਜ਼ਮੀਨਾਂ ਖੋਹਣ ‘ਤੇ ਹੈ ਤੇ ਇਹ ਘਰਾਣੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਕੇ ਖੇਤੀ ਸੈਕਟਰ ‘ਤੇ ਕਬਜ਼ਾ ਕਰਨ ਦੀ ਤਾਕ ਵਿਚ ਹਨ, ਪਰ ਪੰਜਾਬ ਦੇ ਲੋਕ ਸਰਕਾਰ ਤੇ ਕਾਰਪੋਰੇਟਾਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ| ਮੀਟਿੰਗ ’ਚ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਘਬੀਰ ਸਿੰਘ, ਬਲਵਿੰਦਰ ਸਿੰਘ ਬਾਜਵਾ, ਹਰਜਿੰਦਰ ਸਿੰਘ ਰਾਣਾ, ਤਰਸੇਮ ਸਿੰਘ, ਬਲਵਿੰਦਰ ਸਿੰਘ ਭੁੱਲਰ, ਧਰਮਿੰਦਰ ਸਿੰਘ ਭੁੱਲਰ, ਧਰਮਿੰਦਰ ਖਿਜਰਪੁਰ, ਅਮਰਜੀਤ ਸਿੰਘ ਟਿੱਬਾ, ਮੁਕੰਦ ਸਿੰਘ, ਮਾਸਟਰ ਚਰਨ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।