ਫਗਵਾੜਾ, 5 ਜੁਲਾਈ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਮੁਹੱਲਾ ਰਣਜੀਤ ਨਗਰ ਵਿਖੇ ਇੱਕ ਘਰ ‘ਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨਵਨੀਤ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਘਰ ‘ਚ ਮੌਜੂਦ ਸੀ ਤਾਂ ਤਿੰਨ ਵਿਅਕਤੀ ਦਰਵਾਜ਼ਾ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਉਸਦੀ ਕੁੱਟਮਾਰ ਕੀਤੀ ਜਿਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਅਮੋਲ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਘਰ ‘ਚ ਇਕੱਲਾ ਰਹਿੰਦਾ ਹੈ ਤੇ ਰਾਤ ਸਮੇਂ ਉਸ ਦੇ ਘਰ ‘ਚ ਦਾਖ਼ਲ ਹੋ ਕੇ ਉਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ | ਇਸੇ ਤਰ੍ਹਾਂ ਅੱਜ ਸਵੇਰੇ ਅਖ਼ਬਾਰਾਂ ਸੁੱਟਣ ਗਏ ਨੌਜਵਾਨ ਨੂੰ ਕੁੱਤਿਆਂ ਨੇ ਵੱਢ ਕੇ ਜ਼ਖਮੀ ਕਰ ਦਿੱਤਾ | ਜ਼ਖਮੀ ਦੀ ਪਛਾਣ ਰਾਹੁਲ ਕੁਮਾਰ ਵਾਸੀ ਚਾਚੋਕੀ ਵਜੋਂ ਹੋਈ ਹੈ | ਉਸਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅਖ਼ਬਾਰਾਂ ਸੁੱਟਣ ਲਈ ਜਦੋਂ ਮਾਡਲ ਟਾਊਨ ਗੀਤਾ ਭਵਨ ਨਜ਼ਦੀਕ ਗਿਆ ਤਾਂ ਉੱਥੇ ਆਵਾਰਾ ਕੁੱਤਿਆ ਨੇ ਉਸ ਨੂੰ ਪਿੱਛੋਂ ਫੜ ਲਿਆ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ |