ਕਪੂਰਥਲਾ, 9 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਬ੍ਰਾਂਚ ਕਪੂਰਥਲਾ ਵਲੋਂ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਲ.ਆਈ.ਸੀ. ਦੇ ਸੀਨੀਅਰ ਡਵੀਜ਼ਨ ਮੈਨੇਜਰ ਮਨੀਸ਼ ਅੰਗਰੀਸ ਜੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਨੇ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ‘ਸਤਕਵੀਰ ਪੁਰਸਕਾਰ’ ਨਾਲ ਸਨਮਾਨਿਤ ਕੀਤਾ | ਇਸ ਪੁਰਸਕਾਰ ਵਿਚ ਉਨ੍ਹਾਂ ਨੂੰ ਮੈਡਲ, ਯਾਦਗਾਰੀ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ | ਇਸ ਤੋਂ ਪਹਿਲਾਂ ਸੀਨੀਅਰ ਬ੍ਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲੜਾ, ਸਹਾਇਕ ਬ੍ਰਾਂਚ ਮੈਨੇਜਰ ਰਵੀਪਾਲ ਅਗਰਵਾਲ, ਧੀਰਜ ਬਜਾਜ, ਸੁਖਵਿੰਦਰ ਮੋਹਨ ਸਿੰਘ ਭਾਟੀਆ ਤੇ ਸੁਮਿਤ ਮਾਹਨਾ ਨੇ ਵਿਸ਼ੇਸ਼ ਮਹਿਮਾਨ ਮਨੀਸ਼ ਅੰਗਰੀਸ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਕਿਹਾ | ਸਮਾਗਮ ਨੂੰ ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਕਾਲੜਾ ਨੇ ਸਮੂਹ ਪਾਲਿਸੀ ਧਾਰਕ, ਵਿਕਾਸ ਅਧਿਕਾਰੀਆਂ ਤੇ ਬੀਮਾ ਅਫ਼ਸਰਾਂ ਵਲੋਂ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੂੰ ਜਲੰਧਰ ਮੰਡਲ ਵਿਚੋਂ ਪਹਿਲੇ ‘ਸਤਕਵੀਰ’ 100 ਪਾਲਿਸੀਆਂ ਦੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਵਾਲਾ ਪੁਰਸਕਾਰ ਪ੍ਰਾਪਤ ਕਰਨ ਦੀ ਉਨ੍ਹਾਂ ਨੂੰ ਵਧਾਈ ਦਿੱਤੀ | ਐਲ.ਆਈ.ਸੀ. ਦੇ ਪ੍ਰੋਡਕਟ ਮੈਨੇਜਰ ਅਨਿਲ ਵੈਦ ਨੇ ਸਮੂਹ ਬੀਮਾ ਸਲਾਹਕਾਰਾਂ ਨੂੰ ਨਿਗਮ ਵਲੋਂ ਜਾਰੀ ਕੀਤੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਮਹਿਮਾਨ ਮਨੀਸ਼ ਅੰਗਰੀਸ ਨੇ ਕਿਹਾ ਕਿ ਨਿਗਮ ਨੇ ਹਮੇਸ਼ਾ ਇਮਾਨਦਾਰ, ਅਣਥੱਕ ਤੇ ਕਰਮਸ਼ੀਲ ਅਧਿਕਾਰੀਆਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕੀਤਾ ਹੈ | ਉਨ੍ਹਾਂ ਕਿਹਾ ਕਿ ਨਿਗਮ ਦੀਆਂ ਸਾਰੀਆਂ ਸਕੀਮਾਂ ਲੋਕਹਿਤਕਾਰੀ ਤੇ ਲੋਕਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਹਨ | ਉਨ੍ਹਾਂ ਸਨਮਾਨਿਤ ਚੀਫ਼ ਆਰਗੇਨਾਈਜ਼ਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਪਿਤਾ ਸਵ. ਤਰਵਿੰਦਰ ਮੋਹਨ ਸਿੰਘ ਭਾਟੀਆ ਵਲੋਂ ਨਿਗਮ ਵਿਚ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ | ਸਹਾਇਕ ਬ੍ਰਾਂਚ ਮੈਨੇਜਰ ਰਵੀਪਾਲ ਅਗਰਵਾਲ ਨੇ ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਰਿੰਦਰ ਸਿੰਘ ਚੰਦੀ, ਚੰਦਨ ਗੁਪਤਾ, ਮੋਹਨ ਸਿੰਘ, ਬਲਬੀਰ ਸਿੰਘ ਰਾਣਾ, ਅਸ਼ਵਨੀ ਕੁਮਾਰ, ਸ਼ਵੇਤਾ, ਅਖਿਲ ਸ਼ਰਮਾ, ਰਕੇਸ਼ ਕੁਮਾਰ, ਕੁਲਦੀਪ ਕੁਮਾਰ ਆਦਿ ਹਾਜ਼ਰ ਸਨ |