ਨਡਾਲਾ, 15 ਜੁਲਾਈ (ਰਘਬਿੰਦਰ ਸਿੰਘ)-ਦੋ ਦਿਨ ਦਿਨ ਪਹਿਲਾਂ ਅਸੀਂ ਨਡਾਲਾ ਫਿਰਨੀ ਦੀ ਕੁਟੀਆ ਕਲੋਨੀ ਤੋਂ ਸਰਕਾਰੀ ਸਕੂਲ ਨਡਾਲਾ ਤੱਕ ਵਾਲੀ ਸੜਕ ਦੀ ਸਮੱਸਿਆ ਨੂੰ ਉਜਾਗਰ ਕੀਤਾ ਸੀ ਕੇ ਇਸ ਸੜਕ ‘ਤੇ ਹਰ ਵੇਲੇ ਗੰਦਾ ਅਤੇ ਬਰਸਾਤੀ ਪਾਣੀ ਖੜ੍ਹਾ ਰਹਿਣ ਕਾਰਨ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮਾਮਲੇ ਨੂੰ ਲੈ ਕੇ ਨਗਰ ਪੰਚਾਇਤ ਨਡਾਲਾ ਦੇ ਸੈਨੇਟਰੀ ਇੰਸਪੈਕਟਰ ਸੰਦੀਪ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦੱਸਿਆ ਕਿ ਕੁਟੀਆ ਕਲੋਨੀ ਤੋਂ ਸਰਕਾਰੀ ਸਕੂਲ ਤੱਕ ਦੀ ਇਹ ਸੜਕ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦੀ, ਸਗੋਂ ਇਹ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ) ਦੇ ਅਧਿਕਾਰ ਖੇਤਰ ਵਿਚ ਹੈ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਆਪਣੇ ਪੱਧਰ ‘ਤੇ ਇਲਾਕੇ ਦੀ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸੜਕ ‘ਤੇ ਖੜ੍ਹੇ ਪਾਣੀ ਨੂੰ ਕੱਢਣ ਲਈ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਸੈਨੇਟਰੀ ਇੰਸਪੈਕਟਰ ਸੰਦੀਪ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਬੰਧੀ ਪੀ.ਡਬਲਿਊ.ਡੀ ਵਿਭਾਗ ਨੂੰ ਲਿਖਤੀ ਰੂਪ ਵਿਚ ਪੱਤਰ ਭੇਜ ਦਿੱਤਾ ਗਿਆ ਹੈ, ਤਾਂ ਜੋ ਇਸ ਸਮੱਸਿਆ ਦਾ ਪੱਕਾ ਅਤੇ ਜਲਦ ਹੱਲ ਕੀਤਾ ਜਾ ਸਕੇ | ਹੁਣ ਦੇਖਣਾ ਇਹ ਹੋਵੇਗਾ ਕਿ ਪੀ.ਡਬਲਿਊ.ਡੀ ਵਿਭਾਗ ਇਸ ਮਾਮਲੇ ਵਿਚ ਕਦੋਂ ਕਾਰਵਾਈ ਕਰਦਾ ਹੈ ਅਤੇ ਇਲਾਕਾ ਵਾਸੀਆਂ ਨੂੰ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਤੋਂ ਕਦੋਂ ਰਾਹਤ ਮਿਲਦੀ ਹੈ |