ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ’ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਸੰਬੰਧੀ ਵਿਚਾਰ ਵਟਾਂਦਰਾ
ਕਪੂਰਥਲਾ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਇਕ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਤੇ ਜ਼ੋਨਲ ਇੰਚਾਰਜ ਰਜੇਸ਼ ਬਾਗਾ, ਜ਼ਿਲ੍ਹਾ ਇੰਚਾਰਜ ਮਨਜੀਤ ਸਿੰਘ ਮੰਨਾ, ਸੂਬਾ ਸਕੱਤਰ ਤੇ ਜ਼ਿਲ੍ਹਾ ਸਹਿ ਇੰਚਾਰਜ ਮੀਨੂ ਸੇਠੀ ਤੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ | ਮੀਟਿੰਗ ਵਿਚ ਪਾਰਟੀ ਦੀਆਂ ਗਤੀਵਿਧੀਆਂ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ, ਭਵਿੱਖ ਦੀਆਂ ਯੋਜਨਾਵਾਂ, ਆਗਾਮੀ ਵਿਧਾਨ ਸਭਾ ਚੋਣਾਂ, ਪੋਿਲੰਗ ਬੂਥ ਕਮੇਟੀਆਂ ਤੇ ਸ਼ਕਤੀ ਕੇਂਦਰ ਇੰਚਾਰਜ, ਸਰਕਲ ਕਮੇਟੀਆਂ, ਸਰਕਲ ਵਿੰਗਾਂ, ਸਰਕਲ ਸੈੱਲ, ਪੋਿਲੰਗ ਬੂਥਾਂ ਦੀ ਗਰੇਡਿੰਗ, ਹਰੇਕ ਸ਼ਕਤੀ ਕੇਂਦਰ ਵਿਚ ਯੁਵਾ ਸੰਵਾਦ ਪ੍ਰੋਗਰਾਮ ਕਰਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਮ ਪ੍ਰਕਾਸ਼ ਕੈਂਥ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲ ਦੇ ਜੀਵਨ ਤੇ ਸੇਵਾ ਬਾਰੇ ਜਾਣਕਾਰੀ ਦਿੱਤੀ | ਜਦਕਿ ਵਿਜੇ ਸਾਂਪਲਾ ਨੇ ਪਾਰਟੀ ਵਰਕਰਾਂ ਨੂੰ ਸੰਗਠਨ ਦੀ ਮਜ਼ਬੂਤੀ ਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਇੱਕਜੁੱਟ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੋਲਦਿਆਂ ਰਾਜੇਸ਼ ਬਾਗਾ ਨੇ ਸੰਗਠਨ ਦੀ ਮਜ਼ਬੂਤੀ, ਲੋਕਾਂ ਦੀ ਸੇਵਾ ਤੇ ਪੰਜਾਬ ਦੀ ਤਰੱਕੀ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਆਪਣੀ ਵਚਨਬੱਧਤਾ ਦੁਹਰਾਈ | ਮੀਟਿੰਗ ਨੂੰ ਮਨਜੀਤ ਸਿੰਘ ਮੰਨਾ ਤੇ ਮੀਨੂ ਸੇਠੀ ਨੇ ਵੀ ਸੰਬੋਧਨ ਕੀਤਾ | ਉਨ੍ਹਾਂ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀ ਗਈਆਂ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਤੇ ਪਾਰਟੀ ਦੀਆਂ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਨ ਲਈ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕੀਤਾ | ਮੀਟਿੰਗ ਵਿਚ ਰਣਜੀਤ ਸਿੰਘ ਖੋਜੇਵਾਲ ਨੇ ਇਕ ਰਾਜਨੀਤਿਕ ਮਤਾ ਪੇਸ਼ ਕੀਤਾ ਜਿਸਦੀ ਪਾਰਟੀ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਨੇ ਤਾਈਦ ਕੀਤੀ | ਬਾਅਦ ਵਿਚ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਇਸ ਮੌਕੇ ਚੇਤਨ ਸੂਰੀ ਨੇ ਮੀਟਿੰਗ ਵਿਚ ਸ਼ਾਮਲ ਹੋਏ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਸੂਬਾ ਕਾਰਜਕਾਰਨੀ ਮੈਂਬਰ, ਸੂਬੇ ਦੇ ਵੱਖ-ਵੱਖ ਆਗੂ, ਜਨਰਲ ਸਕੱਤਰ, ਉਪ ਪ੍ਰਧਾਨ, ਜ਼ਿਲ੍ਹੇ ਦੇ ਸਕੱਤਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ, ਮੰਡਲ ਪ੍ਰਧਾਨ ਤੇ ਪਾਰਟੀ ਦੇ ਸਰਗਰਮ ਵਰਕਰ ਹਾਜ਼ਰ ਸਨ |