ਖਰੜ, 10 ਮਈ (ਜੰਡਪੁਰੀ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਨਗਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਚੋਰੀ ਕਰ ਲਈ ਗਈ | ਜਾਣਕਾਰੀ ਅਨੁਸਾਰ ਚੋਰਾਂ ਵਲੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਰੇਕੀ ਕੀਤੀ ਗਈ ਤੇ ਬਾਅਦ 'ਚ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋ ਕੇ 7-8 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ, ਪਰ ਸਿੱਕੇ ਉਥੇ ਹੀ ਛੱਡ ਦਿੱਤੇ | ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਤਾਰਾਂ ਵੱਡ ਦਿੱਤੀਆਂ ਗਈਆਂ ਸਨ | ਇਸ ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਵੇਰੇ ਨਿੱਤਨੇਮ ਕਰਨ ਲਈ ਦਰਬਾਰ ਸਾਹਿਬ ਵਿਖੇ ਪੁੱਜਾ | ਉਸ ਨੇ ਤੁਰੰਤ ਇਸ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਨੇਕ ਸਿੰਘ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਜਾਣੂ ਕਰਵਾਇਆ | ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |