ਐੱਸ. ਏ. ਐੱਸ. ਨਗਰ, 10 ਮਈ (ਨਰਿੰਦਰ ਸਿੰਘ ਝਾਂਮਪੁਰ)- ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਫ਼ਤਹਿ ਕਰਨ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ 12 ਮਈ ਨੂੰ ਗੁਰਦੁਆਰਾ ਫ਼ਤਹਿ ਜੰਗ ਸਾਹਿਬ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਫ਼ਤਹਿ ਮਾਰਚ ਸਜਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਤੇ ਗੁ: ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਫ਼ਤਹਿ ਮਾਰਚ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਫ਼ਤਿਹ ਮਾਰਚ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਫ਼ਤਿਹ-ਏ-ਜੰਗ ਸਾਹਿਬ ਚੱਪੜਚਿੜੀ ਵਿਖੇ ਸ੍ਰੀ ਅਖੰਡ ਪਾਠ ਆਰੰਭ ਹੋ ਚੁੱਕੇ ਹਨ | ਇਸੇ ਦੌਰਾਨ ਉਚੇਚੇ ਤੌਰ 'ਤੇ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਪ੍ਰੋ: ਕਿ੍ਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਫ਼ਤਹਿ ਮਾਰਚ ਦੇ ਸਬੰਧ 'ਚ ਅੱਜ 11 ਮਈ ਨੂੰ ਸ਼ਾਮ ਦੇ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਦਕਿ 12 ਮਈ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਖ-ਵੱਖ ਰਾਗੀ ਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਕਥਾ, ਕੀਰਤਨ ਤੇ ਢਾਡੀ ਵਾਰਾਂ ਦੁਆਰਾ ਨਿਹਾਲ ਕੀਤਾ ਜਾਵੇਗਾ ਅਤੇ ਫਿਰ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਫ਼ਤਹਿ ਮਾਰਚ ਸਜਾਇਆ ਜਾਵੇਗਾ |