ਐੱਸ. ਏ. ਐੱਸ. ਨਗਰ, 31 ਮਈ (ਜਸਬੀਰ ਸਿੰਘ ਜੱਸੀ)-ਲੋਕ ਸਭਾ ਚੋਣਾਂ ਤੋਂ ਬਾਅਦ ਚੋਣ ਜਾਬਤਾ ਹੱਟਣ ਮਗਰੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਅੱਜ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੁਹਾਲੀ) ਵਿਚਲੇ ਕਈ ਥਾਣਿਆਂ ਦੇ ਮੁਖੀਆਂ ਦੇ ਤਬਾਦਲੇ ਕਰ ਦਿੱਤੇ ਗਏ ਸਨ | ਉਕਤ ਥਾਣਾ ਮੁਖੀਆਂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਆਪਣਾ-ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰੰਘ ਭੁੱਲਰ ਦੇ ਹੁਕਮਾਂ 'ਤੇ ਇੰਸਪੈਕਟਰ ਮਨਫੂਲ ਸਿੰਘ ਨੂੰ ਸਪੈਸ਼ਲ ਸੈੱਲ ਤੋਂ ਬਦਲ ਕੇ ਥਾਣਾ ਸੋਹਾਣਾ ਦਾ ਮੁਖੀ, ਇੰਸਪੈਕਟਰ ਲਖਵਿੰਦਰ ਸਿੰਘ ਨੂੰ ਥਾਣਾ ਫ਼ੇਜ਼-1 ਦਾ ਮੁਖੀ, ਰਾਮ ਦਰਸਨ ਨੂੰ ਸੀ. ਆਈ. ਏ.-2 ਮੁਬਾਰਕਪੁਰ ਦਾ ਇੰਚਾਰਜ, ਸਬ ਇੰਸਪੈਕਟਰ ਖੁਸ਼ਪ੍ਰੀਤ ਕੌਰ ਨੂੰ ਥਾਣਾ ਸੋਹਾਣਾ ਤੋਂ ਬਦਲ ਕੇ ਥਾਣਾ ਫ਼ੇਜ਼-11 ਦਾ ਮੁਖੀ, ਇੰਸਪੈਕਟਰ ਬਲਜੀਤ ਸਿੰਘ ਨੂੰ ਥਾਣਾ ਏਅਰਪੋਰਟ ਦਾ ਮੁਖੀ ਲਗਾਇਆ ਗਿਆ ਹੈ | ਪੁਲਿਸ ਦੇ ਇਕ ਅਧਿਕਾਰੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਜ਼ਿਲ੍ਹੇ 'ਚ ਕੁਝ ਹੋਰ ਬਦਲੀਆਂ ਵੀ ਹੋਣ ਜਾ ਰਹੀਆਂ ਹਨ | ਇਸ ਸਬੰਧੀ ਇੰਸਪੈਕਟਰ ਮਨਫੂਲ ਸਿੰਘ ਅਤੇ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ 'ਚ ਭੈੜੇ ਅਨਸਰਾਂ ਨੂੰ ਨਕੇਲ ਪਾਉਣੀ ਅਤੇ ਅਪਰਾਧ ਮੁਕਤ ਮਾਹੌਲ ਪੈਦਾ ਕਰਨਾ ਅਤੇ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਹੇਠ ਰੱਖਣਾ ਉਨ੍ਹਾਂ ਦੀ ਪਹਿਲ ਹੋਵੇਗੀ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਅਪਰਾਧ ਜਾਂ ਅਪਰਾਧੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ |