ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ-ਪਟਿਆਲਾ ਸੜ੍ਹਕ 'ਤੇ ਪਿੰਡ ਨਾਭਾ ਸਾਹਿਬ ਨੇੜੇ ਸਥਿਤ ਸ਼ਿਵਾ ਐੱਚ. ਪੀ. ਅਤੇ ਸੀ. ਐੱਨ. ਜੀ. ਪੰਪ 'ਤੇ ਅੱਜ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਪੰਪ ਮਾਲਕ ਪੁਨੀਤ ਭਾਰਦਵਾਜ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਇਕ ਸਿਲਵਰ ਰੰਗ ਦੀ ਆਲਟੋ ਕਾਰ ਪੰਪ 'ਤੇ ਪੈਟਰੋਲ ਪਵਾਉਣ ਲਈ ਰੁਕੀ | ਕਾਰ 'ਚ 2 ਔਰਤਾਂ ਸਵਾਰ ਸਨ | ਉਨ੍ਹਾਂ ਮਹਿਲਾ ਵਰਕਰ ਰਾਜਬੀਰ ਕੌਰ ਨੂੰ ਡੈਬਿਟ ਕਾਰਡ ਦਿੰਦਿਆਂ ਹਜ਼ਾਰ ਰੁਪਏ ਦਾ ਤੇਲ ਪਾਉਣ ਲਈ ਕਿਹਾ | ਰਾਜਬੀਰ ਨੇ ਕਾਰ 'ਚ ਤੇਲ ਪਾਉਣ ਲਈ ਨੋਜ਼ਲ ਲਾ ਕੇ ਕਾਰਡ ਸਵਾਈਪ ਕਰਕੇ ਕਾਰ ਸਵਾਰ ਔਰਤ ਨੂੰ ਫੜਾ ਦਿੱਤਾ | ਕਾਰ 'ਚ ਹਲੇ 800 ਰੁਪਏ ਦਾ ਹੀ ਤੇਲ ਪਿਆ ਸੀ, ਪਰ ਇੰਨੇ ਨੂੰ ਚਾਲਕ ਔਰਤ ਨੇ ਬਿਨ੍ਹਾਂ ਦੇਖੇ ਨੋਜ਼ਲ ਲੱਗੀ ਗੱਡੀ ਨੂੰ ਸਟਾਰਟ ਕੀਤਾ ਤੇ ਮਸ਼ੀਨ ਨੂੰ ਘੜੀਸਦੀ ਹੋਈ ਲੈ ਗਈ | ਤਾਰਾਂ 'ਚ ਸ਼ਾਰਟ ਸਰਕਟ ਹੋਣ ਨਾਲ ਮਸ਼ੀਨ ਨੂੰ ਅੱਗ ਲੱਗ ਗਈ | ਉਨ੍ਹਾਂ ਦੱਸਿਆ ਕਿ ਪੰਪ 'ਤੇ ਕੰਮ ਕਰਦੇ ਕਰਿੰਦਿਆਂ ਨੇ ਬੜੀ ਮੁਸਕਲ ਨਾਲ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ | ਭਾਰਦਵਾਜ ਨੇ ਦੱਸਿਆ ਕਿ ਪੰਪ 'ਤੇ ਤਾਰਾਂ ਪਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸਾਰੇ ਕੈਮਰੇ ਬੰਦ ਪਏ ਸਨ | ਉਨ੍ਹਾਂ ਦੱਸਿਆ ਕਿ ਕਾਰ ਸਵਾਰ ਔਰਤਾਂ ਪਟਿਆਲਾ ਵੱਲ੍ਹ ਨੂੰ ਫਰਾਰ ਹੋਈਆਂ ਸਨ | ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਤੋਂ ਡੈਬਿਟ ਕਾਰਡ ਦੀ ਡਿਟੇਲ ਮੰਗੀ ਗਈ ਹੈ | ਉਸਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ |