ਐੱਸ. ਏ. ਐੱਸ. ਨਗਰ, 31 ਮਈ (ਕੇ. ਐੱਸ. ਰਾਣਾ)-ਪਿੰਡ ਮੌਲੀ ਬੈਦਵਾਣ ਨੇੜਿਓਾ ਲੰਘਦੇ ਐਨ-ਚੋਅ ਦੇ ਕੰਢੇ ਵਸੇ ਲੋਕਾਂ ਨੂੰ ਹੁਣ ਬਰਸਾਤੀ ਪਾਣੀ ਦੀ ਮਾਰ ਨਹੀਂ ਝੱਲਣੀ ਪਵੇਗੀ ਅਤੇ ਨਾ ਹੀ ਹੁਣ ਉਨ੍ਹਾਂ ਦੇ ਘਰਾਂ ਨੂੰ ਨੁਕਸਾਨ ਹੋਵੇਗਾ | ਇਹ ਵਿਚਾਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਮੌਲੀ ਬੈਦਵਾਣ ਵਿਖੇ 16 ਲੱਖ ਦੀ ਗ੍ਰਾਂਟ ਨਾਲ ਐਨ-ਚੋਅ ਦੇ ਕਿਨਾਰਿਆਂ ਨੂੰ ਪੱਕਾ ਅਤੇ ਮਜ਼ਬੂਤ ਕਰਨ ਦੇ ਕਰਵਾਏ ਗਏ ਕੰਮ ਦਾ ਜਾਇਜ਼ਾ ਲੈਣ ਮੌਕੇ ਪ੍ਰਗਟਾਏ | ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਨੇ ਦੱਸਿਆ ਕਿ ਐਨ-ਚੋਅ ਵਿਚ ਬਾਰਿਸ਼ ਦਾ ਜ਼ਿਆਦਾ ਪਾਣੀ ਆਉਣ ਕਾਰਨ ਇਹ ਲੋਕਾਂ ਦੇ ਘਰਾਂ ਤੱਕ ਮਾਰ ਕਰਨ ਲੱਗ ਪਿਆ ਸੀ | ਇਥੋਂ ਤੱਕ ਕਿ ਚੋਅ ਨੇੜਲੀ ਜ਼ਮੀਨ ਅਤੇ ਗਲੀ ਵੀ ਧੱਸ ਗਈ ਸੀ, ਜਦਕਿ ਕੁਝ ਪਰਿਵਾਰਾਂ ਦੇ ਘਰ ਤੱਕ ਢਹਿ-ਢੇਰੀ ਹੋ ਗਏ ਸਨ | ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਵਲੋਂ ਪੰਜਾਬ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ 16 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਨਾਲ ਇਸ ਚੋਅ ਦੇ ਕੰਢਿਆਂ ਨੂੰ ਪੱਥਰ ਲਗਾ ਕੇ ਪੱਕਾ ਅਤੇ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਇਸ ਦੇ ਕੰਢੇ ਵਸੇ ਲੋਕਾਂ ਨੂੰ ਬਰਸਾਤ ਦੇ ਮੌਸਮ ਵਿਚ ਕੋਈ ਪ੍ਰੇਸ਼ਾਨੀ ਜਾਂ ਨੁਕਸਾਨ ਨਾ ਝੱਲਣਾ ਪਵੇ | ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਐਨ-ਚੋਅ ਦੇ ਕੰਢਿਆਂ ਨੂੰ ਪੱਕਾ ਅਤੇ ਮਜ਼ਬੂਤ ਕਰਨ ਦੇ ਲਈ ਕਰਵਾਏ ਗਏ ਕਾਰਜਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਸਿੱਧੂ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਾਰਜਕਾਰੀ ਇੰਜ: ਡਰੇਨਜ਼ ਵਿਭਾਗ ਕਿਰਨਦੀਪ, ਐਸ. ਡੀ. ਓ. ਡਰੇਨਜ਼ ਵਿਭਾਗ ਭੁਪਿੰਦਰ ਸਿੰਘ, ਭਗਤ ਸਿੰਘ ਨਾਮਧਾਰੀ, ਬਾਲਕਿ੍ਸ਼ਨ ਸਰਪੰਚ, ਕਮਲਜੀਤ ਸਿੰਘ ਪੰਚ, ਰਾਜਿੰਦਰ ਸਿੰਘ ਰਾਜਾ ਪੰਚ, ਇੰਦਰਜੀਤ ਸ਼ਰਮਾ ਪੰਚ, ਭਰਪੂਰ ਸਿੰਘ ਪੰਚ, ਗੁਰਬਾਜ ਸਿੰਘ ਪੰਚ, ਜਸਵੰਤ ਸਿੰਘ ਪੰਚ, ਹਮੀਰ ਸਿੰਘ ਪੰਚ, ਹਰਜੱਸ ਸਿੰਘ ਬੈਦਵਾਣ ਅਤੇ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |