ਐੱਸ. ਏ. ਐੱਸ. ਨਗਰ, 31 ਮਈ (ਕੇ. ਐੱਸ. ਰਾਣਾ)-ਅੱਜ ਨਗਰ ਨਿਗਮ ਵਲੋਂ ਸ਼ਹਿਰ ਵਿਚ ਜਾਂਚ ਕੀਤੀ ਗਈ, ਇਸ ਟੀਮ ਵਲੋਂ ਨਿਗਮ ਦੇ ਸੁਪਰੀਡੈਂਅ ਭੀਮਸੇਨ, ਇੰਸਪੈਕਟਰ ਅਵਤਾਰ ਕਲਸੀਆ, ਐਡੀਸ਼ਨਲ ਡਿਸਟਿਰਕਟ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਦੀ ਅਗਵਾਈ ਵਿਚ ਦੋ ਅਜਿਹੀਆਂ ਬਿਲਡਿੰਗਾਂ ਦਾ ਪਾਣੀ ਅਤੇ ਸਿਵਰ ਕੁਨੈਕਸ਼ਨ ਕਟਵਾਉਣ ਗਈ, ਜਿਨ੍ਹਾਂ ਨੂੰ ਨੋਟਿਸ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਵਲੋਂ ਕੁਤਾਹੀ ਵਰਤੀ ਜਾ ਰਹੀ ਸੀ | ਇਸ ਵਿਚ ਫ਼ੇਜ਼ 3ਬੀ2 ਵਿਚ ਸਥਿਤ ਕੋਚਿੰਗ ਇੰਸਟੀਚਿਊਟ ਟੱਚ ਸਟੋਨ ਅਤੇ ਇੰਡਸ ਹਸਪਤਾਲ ਸੀ | ਇਸ ਮੌਕੇ ਕੋਚਿੰਗ ਇੰਸਟੀਚਿਊਟ ਅਤੇ ਇੰਡਸ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਜਾਂਚ ਟੀਮ ਕੋਲੋਂ ਸਮੇਂ ਦੀ ਮੰਗ ਕੀਤੀ ਗਈ, ਜਿਸ ਕਾਰਨ ਉਕਤ ਪ੍ਰਬੰਧਕਾਂ ਤੋਂ ਲਿਖਵਾ ਕੇ ਲਿਆ ਗਿਆ ਹੈ ਕਿ ਉਹ ਜਾਂਚ ਟੀਮ ਵਲੋਂ ਦੱਸੇ ਜ਼ਰੂਰੀ ਫ਼ੇਅਰ ਸੇਫ਼ਟੀ ਦੇ ਪ੍ਰਬੰਧ ਕਰਨਗੇ | ਫਾਇਰ ਵਿਭਾਗ ਦੇ ਏ. ਡੀ. ਐੱਫ. ਓ. ਮੋਹਨ ਲਾਲ ਵਰਮਾ ਨੇ ਦੱਸਿਆ ਕਿ ਫ਼ੇਜ਼ 3ਬੀ2 ਦੇ ਟੱਚ ਸਟੋਨ ਵਿਖੇ ਇਹ ਹਾਲਾਤ ਦੇਖਣ ਨੂੰ ਮਿਲੇ ਕਿ ਉਥੇ ਕਰੀਬ 250 ਵਿਦਿਆਰਥੀ ਕੋਚਿੰਗ ਲੈਂਦੇ ਹਨ | ਪਰ ਇਥੇ ਹਾਲਾਤ ਇਹ ਸਨ ਕਿ ਕਮਰਿਆਂ ਅੰਦਰ ਹੋਰ ਛੋਟੇ ਕਮਰੇ ਬਣਾਏ ਹੋਏ ਹਨ | ਪੂਰੀ ਇਮਾਰਤ ਕਮਰਸ਼ੀਅਲ ਤੌਰ 'ਤੇ ਬਣਾਈ ਗਈ ਹੈ ਅਤੇ ਵੈਂਟੀਲੇਸ਼ਨ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਤੇ ਲਕੜੀ ਦੀਆਂ ਕੰਧਾਂ ਨਾਲ ਇਨ੍ਹਾਂ ਕਮਰਿਆਂ ਦੀ ਵੰਡ ਕੀਤੀ ਗਈ ਹੈ ਅਤੇ ਇਸ ਬਿਲਡਿੰਗ 'ਚੋਂ ਨਿਕਲਣ ਲਈ ਰਾਹ ਵੀ ਇਕ ਹੀ ਹੈ | ਇਸ ਮੌਕੇ ਜਾਂਚ ਟੀਮ ਵਲੋਂ ਇੰਸਟੀਚਿਊਟ ਦੇ ਜੀ. ਐੱਮ. ਨੂੰ ਦੱਸਿਆ ਗਿਆ ਕਿ ਇਹ ਇੰਸਟੀਚਿਊਟ ਕਿਸੇ ਵੀ ਪੱਖੋਂ ਫਾਇਰ ਸੇਫ਼ਟੀ ਦੇ ਲਿਹਾਜ ਨਾਲ ਠੀਕ ਨਹੀਂ ਹੈ | ਇਸ ਲਈ ਇਸਨੂੰ ਸੀਲ ਕੀਤਾ ਜਾਵੇਗਾ | ਟੀਮ ਪਰ ਇੰਸਟੀਚਿਊਟ ਦੇ ਜੀ. ਐੱਮ. ਵਲੋਂ ਇਕ ਹਫ਼ਤੇ ਦਾ ਸਮਾਂ ਮੰਗਦਿਆਂ ਕਿਹਾ ਕਿ ਉਹ ਇਕ ਹਫ਼ਤੇ ਦੇ ਅੰਦਰ ਅੰਦਰ ਫਾਇਰ ਸੇਫ਼ਟੀ ਦੇ ਪ੍ਰਬੰਧਾਂ ਨੂੰ ਪੂਰਾ ਕਰ ਲੈਣਗੇ | ਇਸੇ ਤਰ੍ਹਾਂ ਇੰਡਸ ਹਸਪਤਾਲ ਦੇ ਪ੍ਰਬੰਧਕਾਂ ਤੋਂ ਜਾਂਚ ਟੀਮ ਵਲੋਂ ਲਿਖਤ ਰੂਪ ਵਿਚ ਲਿਖਵਾਇਆ ਗਿਆ ਕਿ ਉਹ ਵੀ ਫਾਇਰ ਸੇਫ਼ਟੀ ਦੇ ਪ੍ਰਬੰਧ ਜਲਦ ਤੋਂ ਜਲਦ ਕਰ ਲੈਣਗੇ | ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਜਾਂਚ ਟੀਮ ਵਲੋਂ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਬਿਲਡਿੰਗਾਂ ਨੂੰ ਬੰਦ ਕੀਤਾ ਜਾਵੇਗਾ | ਇਸ ਮੌਕੇ ਫਾਇਰ ਵਿਭਾਗ ਦੇ ਏ. ਡੀ. ਐੱਫ. ਓ. ਮੋਹਨ ਲਾਲ ਵਰਮਾ ਕਿਹਾ ਕਿ ਇਸ ਤਰ੍ਹਾਂ ਦੀ ਜਾਂਚ ਭਵਿੱਖ ਵਿਚ ਵੀ ਕੀਤੀ ਜਾਵੇਗੀ ਅਤੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |