ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਟ੍ਰੈਫ਼ਿਕ ਪੁਲਿਸ ਦੇ ਬੂਥ ਸਾਹਮਣੇ ਨਿੱਜੀ ਬੱਸ ਚਾਲਕਾਂ ਨੇ ਸੜਕ 'ਤੇ ਹੀ ਬਣਾਇਆ 'ਅੱਡਾ'

Ad Position 21
No active advertisement
ਅਜੀਤ ਡੈਸਕ 01-06-2019
ਜ਼ੀਰਕਪੁਰ, 31 ਮਈ (ਹੈਪੀ ਪੰਡਵਾਲਾ)-ਜ਼ੀਰਕਪੁਰ ਸ਼ਹਿਰ ਟ੍ਰੈਫ਼ਿਕ ਦੇ ਲੱਗਦੇ ਵੱਡੇ ਜਾਮ ਕਰਕੇ ਸੂਬੇ ਭਰ 'ਚ ਬਦਨਾਮ ਹੈ, ਪਰ ਇਥੋਂ ਦੇ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਵਲੋਂ ਇਸ ਵੱਡੀ ਸਮੱਸਿਆ ਦੇ ਹੱਲ ਲਈ ਕੋਈ ਪ੍ਰਸਤਾਵ ਪੇਸ਼ ਕਰਨ ਦੀ ਥਾਂ ਹਾਈਵੇਅ 'ਤੇ ਹੀ ਨਿੱਜੀ ਬੱਸਾਂ ਦਾ ਅੱਡਾ ਬਣਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਸ਼ਹਿਰ ਦੀਆਂ ਸੜਕਾਂ 'ਤੇ ਨਿੱਜੀ ਬੱਸ ਚਾਲਕਾਂ ਵਲੋਂ ਸ਼ਰੇਆਮ ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਬੱਸਾਂ ਵਾਲੇ ਕਾਲਕਾ ਲਾਈਟ ਪੁਆਇੰਟ 'ਤੇ ਟ੍ਰੈਫ਼ਿਕ ਪੁਲਿਸ ਦੇ ਬੂਥ ਸਾਹਮਣੇ ਹੀ ਸ਼ਰੇਆਮ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਨੂੰ ਹੋਕੇ ਦਿੰਦੇ ਹਨ, ਪਰ ਪਿੱਛੇ ਖੜ੍ਹੀ ਪੁਲਿਸ ਇਸ ਕਾਰਵਾਈ ਤੋਂ ਅਣਜਾਣ ਜਾਪਦੀ ਹੈ | ਭਾਵੇਂ ਇਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਕ ਅੰਤਰਰਾਜੀ ਬੱਸ ਅੱਡਾ ਬਣਾਇਆ ਹੋਇਆ ਹੈ, ਪਰ ਉਸ 'ਚ ਬੱਸਾਂ ਘੱਟ ਤੇ ਕਾਰਾਂ ਵੱਧ ਦਿਸਦੀਆਂ ਹਨ | ਵੱਡੀ ਗਿਣਤੀ ਸਥਾਨਕ ਲੋਕਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਹਿਰ ਦੀ ਟ੍ਰੈਫ਼ਿਕ ਪੁਲਿਸ ਦੀ ਨੱਕ ਹੇਠ ਹੀ ਨਿੱਜੀ ਬੱਸ ਚਾਲਕਾਂ ਨੇ ਸੜਕ ਕਿਨਾਰੇ ਆਪਣੇ ਵੱਖਰੇ ਅੱਡੇ ਬਣਾ ਲਏ ਹਨ, ਜਿਸ ਕਾਰਨ ਕਰੋੜਾਂ ਦੀ ਲਾਗਤ ਨਾਲ ਬਣਿਆ ਇੰਟਰਸਟੇਟ ਬੱਸ ਟਰਮੀਨਲ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ | ਲੋਕਾਂ ਨੇ ਦੋਸ਼ ਲਗਾਇਆ ਕਿ ਬੱਸ ਅੱਡੇ 'ਤੇ ਕੁਝ ਮਿੰਟ ਦੇ ਕਾਊਾਟਰ ਟਾਈਮ ਤੋਂ ਬਾਅਦ ਵੀ ਜਦੋਂ ਨਿੱਜੀ ਬੱਸਾਂ 'ਚ ਸਵਾਰੀਆਂ ਫੁੱਲ ਨਹੀਂ ਹੁੰਦੀਆਂ ਤਾਂ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ ਨਿੱਜੀ ਬੱਸਾਂ ਵਾਲਿਆਂ ਵਲੋਂ ਨਵੇਂ ਬਣਾਏ ਅੱਡਿਆਂ 'ਤੇ ਸਵਾਰੀਆਂ ਤੁੰਨ-ਤੁੰਨ ਕੇ ਭਰਿਆ ਜਾਂਦਾ ਹੈ | ਪੀ. ਆਰ. ਟੀ. ਸੀ. ਅਧਿਕਾਰੀਆਂ ਨੇ ਮੰਨਿਆ ਕਿ ਬੱਸ ਅੱਡੇ ਦੇ ਬਾਹਰ ਚੱਲ ਰਹੇ ਇਸ ਨਾਜਾਇਜ਼ ਬੱਸ ਸਟੈਂਡ ਨਾਲ ਸਰਕਾਰੀ ਟਰਾਂਸਪੋਰਟ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਈ ਵਾਰ ਇਸ ਬਾਰੇ ਐਸ. ਪੀ. ਟ੍ਰੈਫ਼ਿਕ ਨੂੰ ਲਿਖਤੀ ਭੇਜਿਆ ਜਾ ਚੁੱਕਾ ਹੈ, ਪਰ ਕੋਈ ਫ਼ਰਕ ਨਹੀਂ ਪਿਆ | ਸ਼ਹਿਰ ਵਾਸੀਆਂ ਨੇ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਕਦੇ ਵੀ ਸੜਕ ਕਿਨਾਰੇ ਖੜ੍ਹੀਆਂ ਬੱਸਾਂ ਦੇ ਚਲਾਨ ਨਹੀਂ ਕੱਟਦੀ ਸਗੋਂ ਬਾਹਰੀ ਰਾਜਾਂ ਤੋਂ ਆਉਂਦੇ ਵਾਹਨਾਂ ਨੂੰ ਦਸਤਾਵੇਜ ਪੂਰੇ ਹੋਣ 'ਤੇ ਵੀ ਘੰਟਿਆਂਬੱਧੀ ਖੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ | ਅਜਿਹਾ ਹੀ ਹਾਲ ਪਟਿਆਲਾ-ਅੰਬਾਲਾ ਲਾਈਟ ਪੁਆਇੰਟ ਚੌਕ ਦੇ ਦੋਵੇਂ ਪਾਸੇ ਅਤੇ ਪੰਚਕੂਲਾ ਚੌਕ 'ਤੇ ਵੀ ਵੇਖਣ ਨੂੰ ਮਿਲਦਾ ਹੈ, ਜਿਥੇ ਸੜਕ ਵਿਚਾਲੇ ਬੱਸਾਂ ਰੋਕਣ ਨਾਲ ਲੰਮਾ ਟ੍ਰੈਫ਼ਿਕ ਜਾਮ ਲੱਗਾ ਰਹਿੰਦਾ ਹੈ, ਪਰ ਹੋਰ ਵਾਹਨਾਂ ਨੂੰ ਫੜ੍ਹਨ 'ਚ ਕੋਈ ਮੌਕਾ ਨਾ ਛੱਡਣ ਵਾਲੇ ਟ੍ਰੈਫ਼ਿਕ ਮੁਲਾਜ਼ਮ ਸੜਕੀ ਨਿਯਮ ਤੋੜਨ ਵਾਲੀਆਂ ਨਿੱਜੀ ਬੱਸਾਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕਰਦੇ |
ਕੀ ਕਹਿਣਾ ਟ੍ਰੈਫ਼ਿਕ ਪੁਲਿਸ ਇੰਚਾਰਜ ਦਾ
ਇਸ ਸਬੰਧ 'ਚ ਟ੍ਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਸਰਬਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਗ਼ਲਤ ਪਾਰਕਿੰਗ ਦੇ ਲਗਾਤਾਰ ਚਲਾਨ ਕੀਤੇ ਜਾ ਰਹੇ ਹਨ | ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ, ਪਰ ਫਿਰ ਵੀ ਉਹ ਟ੍ਰੈਫ਼ਿਕ ਬੂਥ ਨੇੜੇ ਖੜ੍ਹਦੀਆਂ ਬੱਸਾਂ ਿਖ਼ਲਾਫ਼ ਬਣਦੀ ਕਾਰਵਾਈ ਕਰਨਗੇ | ਉਨ੍ਹਾਂ ਟ੍ਰੈਫ਼ਿਕ ਪੁਲਿਸ ਵਲੋਂ ਬੱਸਾਂ 'ਚ ਸਵਾਰੀਆਂ ਭਰਨ ਦੀ ਗੱਲ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇੰਨੀ ਤੇਜ਼ ਧੁੱਪ ਹੋਣ ਦੇ ਬਾਵਜ਼ੂਦ ਮੁਲਾਜ਼ਮ ਸਾਰਾ ਦਿਨ ਆਵਾਜਾਈ ਨਿਰਵਿਘਨ ਚਲਾਉਣ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਪੁੱਡਾ ਤੇ ਹੋਰ ਅਥਾਰਟੀਆਂ ਸ਼ੁਰੂ ਕਰਨਗੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਅਗਲੀ ਖ਼ਬਰ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
Ad Position 24
No active advertisement