ਐੱਸ. ਏ. ਐੱਸ. ਨਗਰ, 31 ਮਈ (ਕੇ. ਐੱਸ. ਰਾਣਾ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਲੱਗੇ ਚੋਣ ਜ਼ਾਬਤੇ ਦੇ ਹਟਦਿਆਂ ਹੀ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਮੁੜ ਪਲੇਸਮੈਂਟ ਕੈਂਪਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਹਰਪ੍ਰੀਤ ਕੌਰ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਲੇਸਮੈਂਟ ਕੈਂਪ ਦਾ ਲਾਭ ਲੈਣ ਲਈ ਪੁੱਜੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਘਰ-ਘਰ ਰੁਜ਼ਗਾਰ ਮੁਹਿੰਮ' ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਭਵਿੱਖ ਸੰਵਾਰਨਾ ਚਾਹੀਦਾ ਹੈ | ਪਲੇਸਮੈਂਟ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ ਮਾਰੂਤੀ ਸੁਜ਼ੂਕੀ ਡੀਲਰ ਨੈਟਵਰਕ ਦੇ ਨੁਮਾਇੰਦਿਆਂ ਵਲੋਂ ਹਿੱਸਾ ਲਿਆ ਗਿਆ, ਜਦਕਿ 61 ਉਮੀਦਵਾਰ ਰੁਜ਼ਗਾਰ ਦੀ ਪ੍ਰਾਪਤ ਲਈ ਇੰਟਰਵਿਊ ਦੇਣ ਲਈ ਪੁੱਜੇ ਹੋਏ ਸਨ, ਜਿਨ੍ਹਾਂ 'ਚੋਂ 28 ਨੂੰ ਨੌਕਰੀ ਲਈ ਸ਼ਾਰਟਲਿਸਟ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿਚ ਪਹਿਲਾਂ ਵੀ ਪਲੇਸਮੈਂਟ ਕੈਂਪਾਂ ਅਤੇ ਰੁਜ਼ਗਾਰ ਮੇਲਿਆਂ ਦਾ ਸਫਲਤਾਪੂਵਰਕ ਆਯੋਜਨ ਕੀਤਾ ਜਾਂਦਾ ਰਿਹਾ ਹੈ ਅਤੇ ਹੁਣ ਆਦਰਸ਼ ਚੋਣ ਜ਼ਾਬਤਾ ਹਟਦਿਆਂ ਹੀ ਪਲੇਸਮੈਂਟਾਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ-ਨਿਰਭਰ ਬਣਾਇਆ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਸੀ. ਈ. ਓ. ਮਨਜੇਸ਼ ਕੁਮਾਰ ਸਮੇਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਸਮੁੱਚਾ ਸਟਾਫ਼ ਵੀ ਮੌਜੂਦ ਸੀ |