ਚੰਡੀਗੜ੍ਹ, 9 ਅਗਸਤ (ਐਨ.ਐਸ.ਪਰਵਾਨਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਡਹਾਕ) ਦਾ ਕੇਸ 3 ਸਤੰਬਰ ਨੂੰ ਲੱਗ ਗਿਆ ਹੈ | ਇਹ ਜਾਣਕਾਰੀ ਉਕਤ ਕਮੇਟੀ ਦੇ ਜਨਰਲ ਸੈਕਟਰੀ ਸ. ਜੋਗਾ ਸਿੰਘ ਨੇ ਅੱਜ 'ਅਜੀਤ' ਨੂੰ ਦਿੱਤੀ | ਇਸ ਬਾਰੇ ਪਟੀਸ਼ਨ ਐਸ.ਜੀ.ਪੀ.ਸੀ ਦੇ ਮੈਂਬਰ ਸ. ਹਰਭਜਨ ਸਿੰਘ ਨੇ ਸੁਪਰੀਮ ਕੋਰਟ ਵਿਚ ਦਾਇਰ ਕਰ ਰੱਖੀ ਹੈ | ਵਰਨਣਯੋਗ ਗੱਲ ਇਹ ਹੈ ਕਿ ਹਰਭਜਨ ਸਿੰਘ ਨੇ ਇਹ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਲਗਪਗ 5 ਸਾਲਾਂ ਤੋਂ ਦਾਇਰ ਕਰ ਰੱਖੀ ਹੈ ਪਰ ਉਦੋਂ ਤੋਂ ਹੀ ਤਰੀਕਾਂ ਪੈ ਰਹੀਆਂ ਹਨ | ਇਸ ਐਡਹਾਕ ਕਮੇਟੀ ਦਾ ਗਠਨ ਸਮੇਂ ਦੀ ਭੂਪਿੰਦਰ ਸਿੰਘ ਹੁੱਡਾ ਸਰਕਾਰ ਨੇ ਕੀਤਾ ਸੀ, ਤਦੋਂ ਤੋਂ ਹੀ ਇਹ ਅਦਾਲਤੀ ਚੱਕਰ ਵਿਚ ਪਈ ਹੋਈ ਹੈ | ਸ. ਜੋਗਾ ਸਿੰਘ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਮਾਣਯੋਗ ਸੁਪਰੀਮ ਕੋਰਟ ਲੰਬੇ ਸਮੇਂ ਤੋਂ ਲਟਕਦਾ ਚੱਲਿਆ ਆ ਰਿਹੈ | ਇਸ ਕੇਸ ਨੂੰ ਨਿਪਟਾਉਣ ਵਲ ਹੁਣ ਕਦਮ ਉਠਾਏਗੀ | ਯਾਦ ਰਹੇ ਕਿ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫ਼ੈਸਲੇ 'ਤੇ ਸਟੇਅ ਆਰਡਰ ਜਾਰੀ ਕਰ ਰੱਖਿਆ ਹੈ, ਜਿਸ ਦੇ ਅਧੀਨ ਹਰਿਆਣਾ ਦੇ ਕੁਝ ਇਕ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਉਕਤ ਐਡਹਾਕ ਕਮੇਟੀ ਦੇ ਕੰਟਰੋਲ ਵਿਚ ਹੈ, ਜਦੋਂ ਕਿ ਬਾਕੀ ਦਾ ਕੰਟਰੋਲ ਐਸ.ਜੀ.ਪੀ.ਸੀ. ਅੰਮਿ੍ਤਸਰ ਦੇ ਕੋਲ ਹੈ |