ਚੰਡੀਗੜ੍ਹ, 13 ਸਤੰਬਰ (ਅਜੀਤ ਬਿਊਰੋ)-ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਅੱਜ ਇੱਥੇ ਕਿਹਾ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ਹਰਿਆਣਾ ਵਿਚ 10 ਸੀਟਾਂ 'ਤੇ ਆਪਣੀ ਪਾਰਟੀ ਦੇ ਉਮੀਦਵਾਰ ਖੜ੍ਹਾ ਕਰੇਗੀ | ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਰਾਸ਼ਟਰੀ ਦਲ ਹੈ ਇਸ ਲਈ ਅਸੀਂ ਆਪਣੇ ਉਮੀਦਵਾਰ ਜ਼ਰੂਰ ਖੜ੍ਹਾ ਕਰਾਂਗੇ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਇਹ 10 ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਵਿਚ ਮੱਦਦ ਕਰਨਗੇ | ਉਨ੍ਹਾਂ ਕਿਹਾ ਕਿ ਇਸ ਦੇ ਸਿਆਸੀ ਮਾਇਨੇ ਕਿਤੇ ਨਾ ਕਿਤੇ ਕਾਂਗਰਸ ਅਤੇ ਬੀ.ਐਸ.ਪੀ ਦੇ ਦਲਿਤ ਵੋਟ ਬੈਂਕ ਦੀ ਵੰਡ ਵਲ ਜਾ ਰਹੇ ਹਨ | ਰਾਮ ਦਾਸ ਅਠਾਵਲੇ ਨੇ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਵੀ 282 ਵਿੱਚੋਂ 10 ਸੀਟਾਂ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ਨੂੰ 8 ਤੋਂ 10 ਸੀਟਾਂ ਮਿਲ ਜਾਣਗੀਆਂ | ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਵਲੋਂ ਚੰਡੀਗੜ੍ਹ ਵਿਖੇ ਪੰਜਾਬ, ਹਰਿਆਣਾ ਅਤੇ ਯੂ.ਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ |