ਕੁਰਾਲੀ, 13 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੇ ਮੋਰਿੰਡਾ ਮਾਰਗ 'ਤੇ ਦੋ ਸਾਨ੍ਹਾਂ ਦੇ ਭੇੜ 'ਚ ਆਉਣ ਕਰ ਕੇ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਸੰਧੂ ਵਾਸੀ ਕੁਰਾਲੀ ਨੇ ਦੱਸਿਆ ਕਿ ਰਾਤ ਕਰੀਬ 9.15 ਵਜੇ ਉਹ ਕੁਰਾਲੀ ਮੋਰਿੰਡਾ ਮਾਰਗ 'ਤੇ ਜਦੋਂ ਉਹ ਮਹਿਕ ਰੈਸਟੋਰੈਂਟ ਨੇੜੇ ਪੁੱਜਾ ਤਾਂ ਸੜਕ 'ਤੇ ਲੜ ਰਹੇ ਦੋ ਸਾਨ੍ਹ ਅਚਾਨਕ ਉਸ ਦੀ ਲਗਜ਼ਰੀ ਕਾਰ ਨੰਬਰ ਪੀ. ਬੀ. 65 ਏ ਜੇ 8500 ਦੇ ਅੱਗੇ ਆ ਗਏ | ਉਨ੍ਹਾਂ ਦੱਸਿਆ ਕਿ ਭਾਵੇਂ ਉਸ ਨੇ ਬਚਾਓ ਦੀ ਵੱਡੀ ਕੋਸ਼ਿਸ਼ ਕੀਤੀ, ਪਰ ਇਸ ਦੇ ਬਾਵਜੂਦ ਕਾਰ ਲੜ ਰਹੇ ਸਾਨ੍ਹਾਂ ਦੀ ਲਪੇਟ ਵਿਚ ਆ ਗਈ | ਉਨ੍ਹਾਂ ਦੱਸਿਆ ਕਿ ਅਚਾਨਕ ਵਾਪਰੇ ਇਸ ਹਾਦਸੇ ਕਾਰਨ ਜਿਥੇ ਉਸ ਦੇ ਗੁੱਝੀਆਂ ਸੱਟਾਂ ਆਈਆਂ, ਉਥੇ ਹੀ ਉਸ ਦੀ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ, ਜਿਸ ਕਾਰਨ ਉਸ ਨੂੰ ਕਰੀਬ ਸਵਾ ਲੱਖ ਰੁ: ਦਾ ਨੁਕਸਾਨ ਹੋਇਆ ਹੈ | ਸੰਧੂ ਨੇ ਸ਼ਹਿਰ ਵਿਚ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣ ਰਹੇ ਲਾਵਾਰਸ ਪਸ਼ੂਆਂ ਲਈ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਤੁਰੰਤ ਨਿਜ਼ਾਤ ਦਿਵਾਈ ਜਾਵੇ |