ਐੱਸ. ਏ. ਐੱਸ. ਨਗਰ 19 ਸਤੰਬਰ (ਕੇ. ਐੱਸ. ਰਾਣਾ)-ਭਾਰਤ ਚੋਣ ਕਮਿਸ਼ਨ ਵਲੋਂ ਸ਼ੁਰੂ ਕੀਤੇ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ (ਈ. ਵੀ. ਪੀ.) ਬਾਰੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਚੋਣ ਅਮਲੇ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਚੋਣ ਤਹਿਸੀਲਦਾਰ ਮੁਹਾਲੀ ਸੰਜੇ ਕੁਮਾਰ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਮੁਹਿੰਮ ਦੌਰਾਨ ਮੌਜੂਦਾ ਵੋਟਰ ਸੂਚੀ ਵਿਚ ਦਰਜ ਹਰੇਕ ਵੋਟਰ ਦੀ ਪੁਸ਼ਟੀ (ਓਥੈਂਟੀਕੇਸ਼ਨ) ਕਰਨ ਮਗਰੋਂ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਪੜਤਾਲ ਕੀਤੀ ਜਾਵੇਗੀ | ਵੋਟਰ ਵਲੋਂ ਬਤੌਰ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਦੇ ਲਿੰਕ, ਵੋਟਰ ਹੈਲਪਲਾਈਨ ਮੋਬਾਈਲ ਐਪ, ਕੋਮਨ ਸਰਵਿਸ ਸੈਂਟਰ (ਸੀ. ਐਸ. ਸੀ.) 'ਤੇ ਜਾ ਕੇ ਅਤੇ ਚੋਣ ਰਜਿਸਟ੍ਰੇਸ਼ਨ ਅਫਸਰ ਦੇ ਦਫ਼ਤਰ ਵਿਚ ਬਣੇ ਫੈਸੀਲੀਟੇਸ਼ਨ ਸੈਂਟਰ ਵਿਖੇ ਜਾ ਕੇ ਕੀਤੀ ਜਾ ਸਕਦੀ ਹੈ | ਇਸੇ ਤਰ੍ਹਾਂ ਦਿਵਿਆਂਗ ਵੋਟਰ ਹੈਲਪਲਾਈਨ (1950) ਉੱਤੇ ਕਾਲ ਕਰਕੇ ਇਹ ਸੁਵਿਧਾ ਲੈ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ 15 ਅਕਤੂਬਰ ਤੱਕ ਬੂਥ ਲੈਵਲ ਅਫ਼ਸਰ (ਬੀ. ਐਲ. ਓ.) ਆਪਣੇ-ਆਪਣੇ ਪੋਲਿੰਗ ਖੇਤਰ ਵਿਚ ਦਰਜ ਵੋਟਰਾਂ ਦੀ ਵੈਰੀਫਿਕੇਸ਼ਨ 'ਬੀ. ਐਲ. ਓ. ਮੋਬਾਈਲ ਐਪ' ਰਾਹੀਂ ਆਨਲਾਈਨ ਜਾਂ 'ਬੀ. ਐਲ. ਓ. ਵਰਕਿੰਗ ਕੋਪੀਜ਼' ਰਾਹੀਂ ਆਫ਼ ਲਾਈਨ ਵਿਧੀ ਰਾਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਆਪਣੀ ਅਤੇ ਆਪਣੇ ਪਰਿਵਾਰ ਦੀ ਵੈਰੀਫਿਕੇਸ਼ਨ ਕਰਨ/ਕਰਵਾਉਣ ਸਮੇਂ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅਰਧ-ਸਰਕਾਰੀ ਸ਼ਨਾਖਤੀ ਕਾਰਡ, ਬੈਂਕ ਪਾਸਬੁੱਕ, ਕਿਸਾਨ ਸ਼ਨਾਖਤੀ ਕਾਰਡ ਆਦਿ ਵਿਚੋਂ ਕਿਸੇ ਇਕ ਦਸਤਾਵੇਜ਼ ਦੀ ਕਾਪੀ ਅੱਪਲੋਡ ਕਰ ਸਕਦੇ ਹਨ ਜਾਂ ਇਸ ਦੀ ਫੋਟੋ ਸਟੇਟ ਕਾਪੀ ਸਬੰਧਿਤ ਬੂਥ ਲੈਵਲ ਅਫ਼ਸਰ ਨੂੰ ਡੋਰ-ਟੂ-ਡੋਰ ਸਰਵੇਖਣ ਸਮੇਂ ਮੁਹੱਈਆ ਕਰਵਾ ਸਕਦੇ ਹਨ | ਇਸ ਤੋਂ ਇਲਾਵਾ ਚੋਣ ਅਮਲੇ ਵਲੋਂ ਪਿੰਡਾਂ ਦੇ ਕਾਮਨ ਸਰਵਿਸ ਸੈਂਟਰਾਂ ਵਿਖੇ ਵੀ ਇਲੈਕਟਰਜ਼ ਵੈਰੀਫਿਕੇਸ਼ਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ | ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਚੋਣ ਦਫ਼ਤਰ ਮੁਹਾਲੀ ਦੇ ਮੁਲਾਜ਼ਮ ਜਗਤਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |