ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

ਸ਼ੁਰੂਆਤ ਨਵੇਂ ਸੰਕਲਪ ਅਤੇ ਨਵੀਆਂ ਕਾਮਨਾਵਾਂ ਨਾਲ

Ad Position 21
No active advertisement
ਅਜੀਤ ਡੈਸਕ 01-01-2020

ਵਰ੍ਹਾ 2019 ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਸਾਡੇ ਕੋਲੋਂ ਵਿਦਾਇਗੀ ਲੈ ਗਿਆ ਹੈ। ਨਵੇਂ ਵਰ੍ਹੇ 2020 ਦਾ ਸੂਰਜ ਆਪਣੀਆਂ ਸੋਨ ਸੁਨਹਿਰੀ ਕਿਰਨਾਂ ਬਿਖੇਰਦਾ ਸਾਡੇ ਬੂਹਿਆਂ 'ਤੇ ਦਸਤਕ ਦੇਣ ਆ ਗਿਆ ਹੈ। ਪੂਰਬ ਚੋਂ ਅੰਗੜਾਈ ਲੈ ਕੇ ਉੱਚਾ ਉੱਠਦੇ ਨਵੇਂ ਵਰ੍ਹੇ ਦੇ ਸੂਰਜ ਦੀਆਂ ਕਿਰਨਾਂ ਸਾਨੂੰ ਲਗਾਤਾਰ ਗਤੀਸ਼ੀਲ ਰਹਿਣ ਦਾ ਪੈਗ਼ਾਮ ਦਿੰਦੀਆਂ ਜਾਪਦੀਆਂ ਹਨ। ਮਿਥੇ ਨਿਸ਼ਾਨਿਆਂ ਵੱਲ ਨਵੇਂ ਉਤਸ਼ਾਹ ਨਾਲ ਵਧਣ ਦਾ। ਜਾਪਦਾ ਹੈ ਜਿਵੇਂ ਨਵੇਂ ਵਰ੍ਹੇ ਦੀ ਆਮਦ 'ਤੇ ਸਮੁੱਚੀ ਕਾਇਨਾਤ ਹੀ ਇਨਸਾਨ ਨੂੰ ਕੈਲੰਡਰਾਂ ਦੀ ਤਬਦੀਲੀ ਦੇ ਨਾਲ ਨਾਲ ਸੋਚ ਬਦਲਣ ਅਤੇ ਇਰਾਦੇ ਦ੍ਰਿੜ੍ਹ ਕਰਨ ਦਾ ਸੰਦੇਸ਼ ਦੇ ਰਹੀ ਹੋਵੇ।
ਨਵੇਂ ਵਰ੍ਹੇ ਦੀ ਆਮਦ 'ਤੇ ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਮੋਬਾਈਲਾਂ ਰਾਹੀਂ ਮੁਬਾਰਕਬਾਦ ਕਹਿਣ ਦੇ ਕਈ ਦਿਨਾਂ ਤੋਂ ਸ਼ੁਰੂ ਹੋਏ ਸਿਲਸਲੇ ਦੇ ਨਾਲ ਨਾਲ ਨੱਚਣ, ਗਾਉਣ ਅਤੇ ਖਾਣ ਪੀਣ ਦੀਆਂ ਰੌਣਕਾਂ ਚੌਤਰਫਾ ਹਨ। ਪਰ ਹਕੀਕਤ ਵਿਚ ਨਵੇਂ ਵਰ੍ਹੇ ਦੇ ਜਸ਼ਨ ਅਤੇ ਮੁਬਾਰਕਾਂ ਤਾਂ ਇਸ ਤੋਂ ਕਿਤੇ ਪਾਰ ਦੀਆਂ ਹਨ। ਨਵੇਂ ਵਰ੍ਹੇ ਦੇ ਜਸ਼ਨਾਂ ਦੇ ਤਾਂ ਅਰਥ ਬਹੁਤ ਵਿਸ਼ਾਲ ਹਨ। ਨਵੇਂ ਵਰ੍ਹੇ ਦੇ ਜਸ਼ਨਾਂ ਦੀ ਸਾਰਥਿਕਤਾ ਤਾਂ ਨਵੇਂ ਸੰਕਲਪਾਂ ਅਤੇ ਕਾਮਨਾਵਾਂ ਵਿਚ ਹੈ। ਜਸ਼ਨਾਂ ਦੀ ਸਾਰਥਿਕਤਾ ਤਾਂ ਸਮਾਨਤਾ ਭਰਪੂਰ ਸਮਾਜ ਦੀ ਸਿਰਜਣਾ 'ਚ ਹੈ। ਜਸ਼ਨਾਂ ਦੀ ਸਾਰਥਿਕਤਾ ਤਾਂ ਬੀਤੇ ਵਰ੍ਹੇ ਦਾ ਵਿਸ਼ਲੇਸ਼ਣ ਕਰਕੇ ਗ਼ਲਤੀਆਂ ਸੁਧਾਰਦਿਆਂ ਅੱਗੇ ਵਧਣ 'ਚ ਹੈ। ਜਸ਼ਨਾਂ ਦੀ ਸਾਰਥਿਕਤਾ ਤਾਂ ਜ਼ਿੰਦਗੀ ਦੇ ਨਵੇਂ ਟੀਚੇ ਮਿਥਣ 'ਚ ਹੈ। ਜਸ਼ਨਾਂ ਦੀ ਸਾਰਥਿਕਤਾ ਤਾਂ ਬੁਰਾਈਆਂ ਮੁਕਤ ਸਮਾਜ ਦਾ ਸੁਪਨਾ ਵੇਖਣ 'ਚ ਹੈ। ਜਸ਼ਨਾਂ ਦੀ ਸਾਰਥਿਕਤਾ ਤਾਂ ਸਮੁੱਚੀ ਮਨੁੱਖਤਾ ਦੀ ਭਲਾਈ ਬਾਰੇ ਸੋਚਣ 'ਚ ਹੈ। ਨਵੇਂ ਵਰ੍ਹੇ ਦੇ ਜਸ਼ਨਾਂ ਦੀ ਸਾਰਥਿਕਤਾ ਤਾਂ ਸਮਾਜਿਕ ਖੁਸ਼ਹਾਲੀ ਦੇ ਰਸਤੇ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲੇ ਸੰਕਲਪਾਂ ਦੀ ਦ੍ਰਿੜ੍ਹਤਾ 'ਚ ਹੈ।
ਔਰਤਾਂ ਨਾਲ ਜਬਰ ਜਨਾਹ ਕਰਕੇ ਉਨ੍ਹਾਂ ਨੂੰ ਦਰਦਨਾਕ ਤਰੀਕਿਆਂ ਨਾਲ ਮੌਤ ਦੇਣ ਵਾਲੇ ਸਮਾਜ 'ਚ ਰਹਿੰਦਿਆਂ ਸਾਨੂੰ ਨਵੇਂ ਵਰ੍ਹੇ ਦੇ ਨੱਚਣ ਗਾਉਣ ਵਾਲੇ ਜਸ਼ਨ ਸ਼ੋਭਾ ਨਹੀਂ ਦਿੰਦੇ। ਸਾਨੂੰ ਤਾਂ ਸੋਚਣਾ ਚਾਹੀਦਾ ਹੈ ਔਰਤਾਂ ਲਈ ਸੁਰੱਖਿਅਤ ਸਮਾਜ ਦੀ ਸਿਰਜਣਾ ਬਾਰੇ। ਸਾਨੂੰ ਸੋਚਣਾ ਚਾਹੀਦਾ ਹੈ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਬਾਰੇ। ਸਾਨੂੰ ਤਾਂ ਸੋਚਣਾ ਚਾਹੀਦਾ ਹੈ ਸਮਾਨਤਾ ਅਤੇ ਸੁਤੰਤਰਤਾ ਵਾਲੇ ਸਮਾਜ ਦੀ ਸਿਰਜਣਾ ਬਾਰੇ। ਸਾਨੂੰ ਸਵੈ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਜਿਹੇ ਸਮਾਜ ਦੀ ਸਿਰਜਣਾ ਵਿਚ ਆਪੋ ਆਪਣੀ ਭੂਮਿਕਾ ਦਾ। ਸਾਨੂੰ ਸੋਚਣਾ ਪਵੇਗਾ ਕਿ ਗੁਰੂ ਸਾਹਿਬਾਨਾਂ ਵਲੋਂ ਮਾਤਾ, ਪਿਤਾ ਅਤੇ ਗੁਰੂ ਸਮਾਨ ਕਹੇ ਭੂਮੀ, ਪਾਣੀ ਅਤੇ ਹਵਾ ਨੂੰ ਕਿਤੇ ਅਸੀਂ ਖੁਦ ਹੀ ਪਲੀਤ ਤਾਂ ਨਹੀਂ ਕਰ ਰਹੇ? ਕਿਤੇ ਇਨ੍ਹਾਂ ਦੀ ਮਲੀਨਤਾ ਜ਼ਰੀਏ ਅਸੀਂ ਖੁਦ ਹੀ ਸਮਾਜ ਨੂੰ ਲਾਇਲਾਜ ਬਿਮਾਰੀਆਂ ਦੀ ਅਲਾਮਤ ਤਾਂ ਨਹੀਂ ਪਰੋਸ ਰਹੇ?
ਸਮਾਜਿਕ ਖੁਸ਼ਹਾਲੀ ਦੇ ਪੈਰੀਂ ਪਈਆਂ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਮਿਲਾਵਟਖੋਰੀ, ਭਾਈ ਭਤੀਜਾਵਾਦ, ਪ੍ਰਦੂਸ਼ਣ, ਮਾਦਾ ਭਰੂਣ ਹੱਤਿਆ, ਬੇਰੁਜ਼ਗਾਰੀ ਅਤੇ ਔਰਤਾਂ 'ਤੇ ਹੂੰਦੇ ਜ਼ੁਲਮਾਂ ਦੀਆਂ ਬੇੜੀਆਂ ਨੇ ਬੀਤੇ ਵਰ੍ਹੇ 'ਚ ਵੀ ਆਪਣੀ ਪਕੜ ਬਣਾਈ ਰੱਖੀ। ਅਸਲ ਵਿਚ ਸਾਡਾ ਸਭ ਦਾ ਵਿਹਾਰ ਹੀ ਸਮਾਜਿਕ ਖੁਸ਼ਹਾਲੀ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਤ ਕਰਦਾ ਹੈ। ਸਮਾਜਿਕ ਖੁਸ਼ਹਾਲੀ ਦੇ ਰਸਤੇ ਦੀਆਂ ਬੁਰਾਈਆਂ ਦੀ ਉਪਜ ਆਪਾਂ ਖੁਦ ਹੀ ਹਾਂ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਜਨਮਦਾਤਾ ਆਪਾਂ ਆਪ ਹੀ ਹਾਂ। ਮਿਲਾਵਟਖੋਰੀ ਅਤੇ ਮਾਦਾ ਭਰੂਣ ਹੱਤਿਆਵਾਂ ਸਾਡੀ ਅਪੰਗ ਮਾਨਸਿਕ ਸੋਚ ਦਾ ਪ੍ਰਤੱਖ ਪ੍ਰਮਾਣ ਹੀ ਤਾਂ ਹਨ। ਔਰਤਾਂ ਨਾਲ ਹੋਣ ਵਾਲੇ ਜਬਰ ਜਨਾਹ ਸਾਡੀ ਹੈਵਾਨੀਅਤ ਦੀ ਮੂੰਹ ਬੋਲਦੀ ਤਸਵੀਰ ਨਹੀਂ ਤਾਂ ਹੋਰ ਕੀ ਹਨ? ਨਸ਼ਿਆਂ ਦਾ ਕਹਿਰ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਗੱਭਰੂਆਂ ਦੇ ਨਾਲ-ਨਾਲ ਮੁਟਿਆਰਾਂ ਨੂੰ ਲੱਗ ਰਹੀ ਨਸ਼ੇ ਦੀ ਲੱਤ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੈ। ਸੱਭਿਆਚਾਰ ਅਤੇ ਵਿਰਸੇ ਦੀ ਅਮੀਰੀ ਸਾਡੇ ਤੋਂ ਖੁਸ ਰਹੀ ਹੈ। ਗਾਇਕੀ 'ਚ ਲੱਚਰਤਾ ਅਤੇ ਹਿੰਸਾ ਦਾ ਬੋਲਬਾਲਾ ਸਾਰੇ ਹੱਦਾਂ ਬੰਨੇ ਪਾਰ ਕਰਦਾ ਜਾ ਰਿਹਾ ਹੈ। ਗਾਇਕੀ ਜ਼ਰੀਏ ਨੌਜਵਾਨਾਂ ਨੂੰ ਭੜਕਾਉਣ ਦੀ ਪੂਰਨ ਆਜ਼ਾਦੀ ਹੈ। ਸਾਡੇ ਸ਼ਹੀਦ ਸਾਡੇ ਲਈ ਆਦਰਸ਼ ਨਹੀਂ ਰਹੇ। ਸਿੱਖਿਆ ਗ਼ਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਸਰਕਾਰੀ ਨੌਕਰੀਆਂ ਗੰਜੇ ਦੇ ਸਿਰ ਤੋਂ ਵਾਲਾਂ ਵਾਂਗ ਅਲੋਪ ਹੋ ਰਹੀਆਂ ਹਨ। ਜਵਾਨੀ ਧੜਾਧੜ ਪਰਵਾਸ ਕਰਨ ਲਈ ਮਜਬੂਰ ਹੈ। ਸਰਹੱਦਾਂ 'ਤੇ ਜਵਾਨਾਂ ਦੇ ਸੀਨੇ ਛਲਣੀ ਹੋ ਰਹੇ ਹਨ। ਸਾਡੀ ਸਭ ਦੀ ਸੋਚ ਮੈਂ ਅਤੇ ਮੇਰਾ ਪਰਿਵਾਰ 'ਤੇ ਅਟਕੀ ਹੋਈ ਹੈ। ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਸੋਚਣ ਦਾ ਤਾਂ ਅਸੀਂ ਮਨ 'ਚ ਕਦੇ ਖਿਆਲ ਵੀ ਨਹੀਂ ਲਿਆਂਦਾ ਹੋਣਾ।
ਨਵੇਂ ਵਰ੍ਹੇ ਦੀ ਆਮਦ 'ਤੇ ਅਰਦਾਸ ਕਰੀਏ ਕਿ ਇਸ ਵਰ੍ਹੇ ਦੌਰਾਨ ਕਿਸੇ ਅਬਲਾ ਨੂੰ ਹੈਵਾਨੀਅਤ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਨਾ ਧੋਣੇ ਪੈਣ। ਕਿਸੇ ਧੀ ਦੇ ਚਿਹਰੇ ਨੂੰ ਤੇਜ਼ਾਬੀ ਵਰਖਾ ਦੇ ਕਹਿਰ ਦਾ ਸ਼ਿਕਾਰ ਨਾ ਹੋਣਾ ਪਵੇ। ਕਿਸੇ ਨੌਜਵਾਨ ਨੂੰ ਰੋਜ਼ੀ ਰੋਟੀ ਦੀ ਤਲਾਸ਼ 'ਚ ਸਮੁੰਦਰੋਂ ਪਾਰ ਵਸੇਬਾ ਨਾ ਕਰਨਾ ਪਵੇ। ਸਭ ਨੂੰ ਆਪਣੀ ਧਰਤੀ 'ਤੇ ਹੀ ਰੋਜ਼ਗਾਰ ਨਸੀਬ ਹੋਵੇ। ਹੱਦਾਂ ਸਰੱਹਦਾਂ 'ਤੇ ਤਾਇਨਾਤ ਕਿਸੇ ਮਾਂ ਦੇ ਦਿਲ ਦੀ ਆਂਦਰ, ਕਿਸੇ ਭੈਣ ਦੀ ਰੱਖੜੀ ਅਤੇ ਕਿਸੇ ਸੁਹਾਗਣ ਦਾ ਚੂੜਾ ਨਾ ਟੁੱਟੇ। ਸਰੱਹਦਾਂ 'ਤੇ ਨਫ਼ਰਤਾਂ ਦੀ ਬਜਾਏ ਬਹਾਰਾਂ ਦੇ ਫੁੱਲ ਖਿੜ ਆਉਣ। ਸਭ ਨੂੰ ਨਿਆਂ ਨਸੀਬ ਹੋਵੇ ਅਤੇ ਕਿਸੇ ਨੂੰ ਵੀ ਵਿਤਕਰੇਬਾਜ਼ੀ ਦਾ ਸ਼ਿਕਾਰ ਨਾ ਹੋਣਾ ਪਵੇ। ਕਿਸੇ ਦਾ ਹੱਕ ਨਾ ਮਾਰਿਆ ਜਾਵੇ। ਗੁਰਬਤ ਅਤੇ ਲਾਚਾਰੀ ਬੀਤੇ ਦੀ ਗੱਲ ਹੋ ਜਾਵੇ। ਕਿਸੇ ਦੀ ਕਿਰਤ ਲੁੱਟੀ ਨਾ ਜਾਵੇ। ਸਭ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਦੀ ਸੋਝੀ ਆ ਜਾਵੇ। ਸੋਝੀ ਆ ਜਾਵੇ ਮਨੁੱਖਤਾ ਲਈ ਆਪਣੇ ਬਣਦੇ ਫਰਜ਼ ਨਿਭਾਉਣ ਦੀ। ਸੋਝੀ ਆ ਜਾਵੇ ਵਾਤਾਵਰਨ ਬਚਾਉਣ ਦੀ। ਸੋਝੀ ਆ ਜਾਵੇ ਰੁੱਖ ਅਤੇ ਕੁੱਖ ਬਚਾਉਣ ਦੀ।


-ਗਲੀ ਨੰਬਰ 1, ਸ਼ਕਤੀ ਨਗਰ, ਬਰਨਾਲਾ।
ਮੋਬਾਈਲ : 98786-05965

Ad Position 22
No active advertisement
ਪਿਛਲੀ ਖ਼ਬਰ ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ <h4>* ਬਲਵਿੰਦਰ 'ਬਾਲਮ' ਗੁਰਦਾਸਪੁਰ *</h4> ਅਗਲੀ ਖ਼ਬਰ kanya
Ad Position 24
No active advertisement