16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਨਵੇਂ ਸਾਲ ਦਾ ਸੁਨੇਹਾ

Ad Position 21
repet_subhas-goyals [Copy P29]
ਅਜੀਤ ਡੈਸਕ 01-01-2025

ਦਿਲ ਦੀ ਧੜਕਨ ਵਾਂਗ ਸਮਾਂ ਕਦੇ ਰੁਕਦਾ ਨਹੀਂ। ਜਦੋਂ ਕੁੱਲ ਦੁਨੀਆ ਸੌਂ ਜਾਂਦੀ ਹੈ, ਸਮਾਂ ਫੇਰ ਵੀ ਚਲਦਾ ਰਹਿੰਦਾ ਹੈ। ਅਸੀਂ ਟਾਈਮ ਪਾਸ ਨਹੀਂ ਕਰਦੇ ਟਾਈਮ ਸਾਨੂੰ ਪਾਸ ਕਰਕੇ ਨਿਰੰਤਰ ਆਪਣੀ ਚਾਲੇ ਪਿਆ ਰਹਿੰਦਾ ਹੈ। ਸਵੇਰ ਹੋ ਜਾਂਦੀ ਹੈ, ਸ਼ਾਮ ਹੋ ਜਾਂਦੀ ਹੈ, ਐਦਾਂ ਹੀ ਸੋਮਵਾਰ ਤੋਂ ਲੈ ਕੇ ਐਤਵਾਰ ਦੇ ਵਿਚ ਹੀ ਹਰ ਪ੍ਰਾਣੀ ਦਾ ਜਨਮ-ਮਰਨ ਹੋ ਨਿੱਬੜਦਾ ਹੈ। ਹਰ ਰੋਜ਼ ਜ਼ਿੰਦਗੀ ਦਾ ਇਕ ਦਿਨ ਘਟ ਰਿਹਾ ਹੈ।
ਨਵੇਂ ਸਾਲ ਦਾ ਸੂਰਜ, ਨਵੇਂ ਫ਼ਰਜ਼ਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਦਾ ਹੈ। ਖ਼ੁਸ਼ੀ ਦੇ ਤਿਉਹਾਰ ਤੇ ਇਤਿਹਾਸਕ ਦਿਹਾੜਿਆਂ ਵਾਂਗ ਨਵਾਂ ਸਾਲ ਵੀ ਖ਼ੁਸ਼ੀਆਂ, ਖੇੜਿਆਂ ਦੇ ਸੰਗ ਊਰਜਾ, ਉਤਸ਼ਾਹ, ਪ੍ਰਕਾਸ਼ ਤੇ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਪਹਿਲਾ ਪਾਠ, ਜੇ ਚਮਕਣਾ ਹੈ ਤਾਂ ਸੂਰਜ ਵਾਂਗ ਤਪਣਾ ਪਵੇਗਾ। ਬੀਤੇ ਸਮੇਂ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ, ਭਵਿੱਖ ਵਿਚ ਪ੍ਰੈਕਟੀਕਲ ਉਦਾਹਰਨ ਰਾਹੀਂ ਸੁਜੱਗ ਤੇ ਸੁਚੇਤ ਰਹਿ ਕੇ ਆਪ ਰੌਸ਼ਨ ਹੋ ਕੇ ਹੋਰਨਾਂ ਨੂੰ ਰੌਸ਼ਨ ਕਰਨਾ ਹੋਵੇਗਾ। ਸੂਰਜ ਕੁਦਰਤ ਦਾ ਆਲੌਕਿਕ ਦੀਵਾ ਹੈ। ਇਸ ਵਿਚ ਪ੍ਰਕਾਸ਼ ਹੈ, ਸ਼ਕਤੀ ਤੇ ਜੀਵਨ ਹੈ। ਸਲਾਮ ਚੜ੍ਹਦੇ ਸੂਰਜ ਨੂੰ ਕੀਤੀ ਜਾਂਦੀ ਹੈ। ਹੱਸ-ਖੇਡ ਲੰਘਾ ਲਓ, ਅੱਜ ਦਿਨ ਫੇਰ ਗਿਆ। ਇਕ ਸੁਨੇਹਾ, ਆਲਸੀਆਂ, ਵਿਹਲੜਾਂ ਅਤੇ ਨਸ਼ੇੜੀਆਂ ਨੂੰ ਵੀ ਦੇਣਾ ਬਣਦਾ ਹੈ। ਬਸ, ਬਹੁਤ ਹੋ ਗਿਆ। ਰਾਤ ਗਈ, ਬਾਤ ਗਈ। ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੋਚੋ, ਕਿਸ ਦੀ ਸੰਗਤ ਨੇ ਮਾਮਲਾ ਗੜਬੜ ਕੀਤਾ ਹੈ। ਜਾਗਰੂਕ ਹੋਈਏ, ਚੇਤਨ ਹੋਈਏ। ਜੇਕਰ ਪਹਿਲਾਂ ਮਾਪਿਆਂ ਤੇ ਬਜ਼ੁਰਗਾਂ ਦਾ ਆਖਾ ਨਹੀਂ ਮੰਨਿਆ ਤਾਂ ਨਵੇਂ ਸਾਲ 'ਚ ਨਵਾਂ ਸੰਕਲਪ ਲੈ ਕੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਆਰੰਭ ਕਰ ਦੇਈਏ।
ਬਰਬਾਦ ਹੋਣ ਪਿੱਛੋਂ ਹੋਸ਼ ਵਿਚ ਆਉਣ 'ਤੇ ਮਹਿੰਗੇ ਭਾਅ ਸਿੱਖਿਆ ਗ੍ਰਹਿਣ ਕਰਨ ਦਾ ਕੀ ਲਾਭ? ਆਓ, ਬਦਲਾ ਲੈਣ ਦਾ ਵਿਚਾਰ ਛੱਡ ਦੇਈਏ, ਮੱਤ-ਭੇਦ ਭੁਲਾ ਦੇਈਏ, ਸੰਘਰਸ਼ਸ਼ੀਲ ਤੇ ਸਹਿਣਸ਼ੀਲ ਬਣ ਜਾਈਏ। ਯਾਦ ਰਹੇ, ਭਰਾਵੋ ਪਲ ਭਰ ਦਾ ਗੁੱਸਾ, ਉਮਰ ਭਰ ਦਾ ਪਛਤਾਵਾ ਬਣ ਜਾਊ। ਨਵੇਂ ਸਾਲ 'ਚ, ਮੋਬਾਈਲ ਤੇ ਟੀ.ਵੀ. ਦੀ ਦੁਰਵਰਤੋਂ ਤੋਂ ਗੁਰੇਜ ਕਰਨਾ ਹੋਵੇਗਾ, ਵਰਨਾ ਹਰ ਬਾਲਗ-ਨਾਬਾਲਗ ਸਭ ਨੂੰ ਮਾਨਸਿਕ ਰੋਗੀ ਬਣਾ ਦੇਣਗੇ?
ਅੱਜਕਲ੍ਹ ਦੁਨੀਆ ਇਕ ਬਟਨ 'ਤੇ ਟਿਕੀ ਖੜ੍ਹੀ ਹੈ। ਇਕ ਬਟਨ ਦੱਬਣ ਨਾਲ ਸਾਰੇ ਸੰਸਾਰ ਦਾ ਮੰਗਲ, ਜੰਗਲ ਵਿਚ ਤਬਦੀਲ ਹੋ ਜਾਵੇਗਾ। ਬੰਬਾਂ ਦੇ ਢੇਰ 'ਤੇ ਬੈਠਣ ਵਾਲਿਓ, ਅਕਲਾਂ ਵਾਲਿਓ, ਅਕਲ ਦੀਆਂ ਪੌੜੀਆਂ ਚੜ੍ਹੋ। ਆਓ, ਅਮਨ-ਸ਼ਾਂਤੀ ਦਾ ਹੋਕਾ ਦੇਣ ਵਾਲੇ ਪੰਚਸ਼ੀਲ ਦੇ ਘਾੜੇ, ਸੰਸਾਰ ਦੇ ਅਧਿਆਤਮਕ ਗੁਰੂ ਭਾਰਤ ਤੋਂ ਅਹਿੰਸਾ ਦਾ ਪਾਠ ਪੜ੍ਹੀਏ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਈਏ।
ਆਓ! ਆਪਾਂ ਨਵੇਂ ਸਾਲ ਵਿਚ ਨਵੇਂ ਸੰਕਲਪ ਲਈਏ। ਉਦਾਹਰਨਾਂ ਦੇਣ ਦੀ ਬਜਾਏ, ਖੁਦ ਉਦਾਹਰਨ ਬਣ ਜਾਈਏ। ਸਲਾਹਕਾਰ ਨਹੀਂ, ਮਦਦਗਾਰ ਬਣ ਜਾਈਏ। ਧੰਨਵਾਦ ਕਰਨਾ ਸਿੱਖੀਏ, ਕਦਰਦਾਨ ਬਣੀਏ। ਨਸ਼ਿਆਂ ਤੋਂ ਦੂਰ ਰਹੀਏ, ਘੋਲ ਨਹੀਂ, ਜੀਵਨ ਵਿਚ ਘੋਲ ਕਰਨਾ ਸਿੱਖੀਏ। ਮੁਆਫ਼ੀ ਮੰਗ ਲਈਏ ਜਾਂ ਮੁਆਫ਼ ਕਰ ਦਈਏ, ਦਿਆਲੂ-ਕ੍ਰਿਪਾਲੂ ਬਣ ਜਾਈਏ। ਅਸੁੰਦਰ ਸ਼ਬਦ ਤਿਆਗੀਏ, ਮਧੁਰ ਵਚਨ ਬੋਲ ਕੇ, ਖੂਬਸੀਰਤ ਤੇ ਖੂਬਸੂਰਤ ਬਣ ਜਾਈਏ। ਨਿਰਸੰਦੇਹ ਆਪਾਂ ਨੇ ਚੰਦ ਦੀ ਸੈਰ ਕਰ ਲਈ ਹੈ, ਹਿਮਾਲਿਆ ਪਰਬਤ ਨੂੰ ਵੀ ਸਰ ਕਰ ਲਿਆ ਹੈ, ਮੱਛੀਆਂ ਵਾਂਗ ਪਾਣੀ ਵਿਚ ਰਹਿਣਾ ਵੀ ਸਿੱਖ ਲਿਆ ਹੈ ਤੇ ਪੰਛੀਆਂ ਵਾਂਗ ਹਵਾ ਵਿਚ ਉਡਾਰੀਆਂ ਵੀ ਲਗਾਉਂਦੇ ਫਿਰਦੇ ਹਾਂ। ਆਓ, ਹੁਣ ਨਵੇਂ ਸਾਲ ਵਿਚ ਇਕ ਨੇਕ, ਪਰਉਪਕਾਰੀ ਤੇ ਦਇਆਵਾਨ ਇਨਸਾਨ ਦੇ ਤੌਰ 'ਤੇ ਵਿਚਰਨਾ ਵੀ ਸਿੱਖ ਲਈਏ। ਥੋੜ੍ਹਾ ਹੱਸ ਲਈਏ ਤੇ ਥੋੜ੍ਹਾ ਹਸਾ ਲਈਏ।
ਦੋਸਤੋ! ਉਦਾਸ, ਨਿਰਾਸ਼ ਜਾਂ ਹਤਾਸ਼ ਹੋਣ ਦੀ ਲੋੜ ਨਹੀਂ। ਨਿਰੰਤਰ ਕਾਰਜਸ਼ੀਲ ਤੇ ਯਤਨਸ਼ੀਲ ਬਣੇ ਰਹੋ। ਸੰਘਰਸ਼ ਕਰਨ ਵਾਲਿਆਂ ਨੂੰ ਸਫਲਤਾ ਮਿਲੇਗੀ ਜਾਂ ਸਿੱਖਿਆ। ਇਮਪੌਸੀਬਲ ਦਾ ਅਰਥ ਹੈ, 'ਆਈ ਐਮ ਪੌਸੀਬਲ'। ਜੇ ਸਭ ਕੁਝ ਗੁਆਚ ਗਿਆ ਹੈ ਤਾਂ ਵੀ ਹੰਝੂ ਨਾ ਕੇਰੋ ਕਿਉਂਕਿ ਹੰਝੂਆਂ ਨਾਲ ਨਹੀਂ , ਹਿੰਮਤ ਨਾਲ ਤਕਦੀਰ ਬਦਲ ਸਕਦੀ ਹੈ। ਅਸੀਂ ਕਦੇ ਜਿਊਂ ਨਾ ਸਕੇ, 'ਅੱਜ' ਅੱਜ ਵਾਸਤੇ। ਜੇ ਤੁਹਾਡੇ ਕੋਲ ਕੁਝ ਨਹੀਂ ਬਚਿਆ, ਸੋਚੋ ਭਵਿੱਖ ਤਾਂ ਸਾਡੇ ਖਜ਼ਾਨੇ ਵਿਚ ਸੁਰੱਖਿਅਤ ਪਿਆ ਹੈ। ਮੰਨਿਆ ਅੱਜ ਵਾਲੀ ਸਖ਼ਤ ਘੜੀ ਹੈ, ਦਲੇਰ ਬਣੋ, ਜੀਨੇ ਕੋ ਤੋ ਏਕ ਉਮਰ ਪੜੀ ਹੈ, ਰਾਤ ਪਿਛੋਂ ਕਦੇ ਰਾਤ ਨਹੀਂ ਆਉਂਦੀ। ਸੂਰਜ ਗ੍ਰਹਿਣ ਪਿੱਛੋਂ ਫਿਰ ਚਮਕ ਉਠਦਾ ਹੈ। ਆਓ, ਨਵੇਂ ਸਾਲ ਵਿਚ ਆਸ਼ਾਵਾਦੀ ਸੋਚ ਦੇ ਧਾਰਨੀ ਬਣੀਏ। ਦਿਲ ਵਧਾਊ ਸ਼ਬਦਾਂ ਵੱਲ ਧਿਆਨ ਦੇਣਾ:
ਦਿਲ ਨਾ ਛੱਡਿਓ, ਨਾ ਘਬਰਾਇਓ,
ਲਾਉਂਦਾ ਜ਼ੋਰ ਹਨੇਰਾ ਹੁੰਦੈ।
ਰਾਤ ਕਿੰਨੀ ਵੀ ਕਾਲੀ ਹੋਵੇ,
ਉਸ ਦਾ ਅੰਤ ਸਵੇਰਾ ਹੁੰਦੈ।
ਯਕੀਨਨ ਇਨ੍ਹਾਂ ਸਤਰਾਂ ਵਿਚ ਬੜੀ ਆਸ ਤੇ ਉਮੀਦ ਹੈ। ਪ੍ਰੰਤੂ ਸੜਕਾਂ, ਫੁਟਪਾਥਾਂ, ਰਲੇਵੇਂ ਸਟੇਸ਼ਨਾਂ 'ਤੇ ਝੁੱਗੀਆਂ-ਝੌਂਪੜੀਆਂ ਵਿਚ ਨਰਕ ਦੀ ਜ਼ਿੰਦਗੀ ਭੋਗ ਰਹੇ ਰੱਬ ਦੇ ਬੰਦਿਆਂ ਨੂੰ ਨਵਾਂ ਸਾਲ ਮੁਬਾਰਕ ਕਿੰਝ ਆਖੀਏ? ਗ਼ਰੀਬਾਂ ਦੇ ਵਿਹੜਿਆਂ ਵਿਚ ਸੂਰਜ ਕਦੋਂ ਚੜ੍ਹੇਗਾ, ਮਘੇਗਾ ਤੇ ਚੌਗਿਰਦੇ ਨੂੰ ਰੌਸ਼ਨ ਕਰੇਗਾ? ਅਸੀਂ ਆਸ਼ਾਵਾਦੀ ਹਾਂ ਕਿ ਸਭਨਾਂ ਦੇ ਵਿਹੜੇ ਵਿਚ ਸੂਰਜ ਛੇਤੀ ਹੀ ਚਮਕਣ ਵਾਲਾ ਹੈ।

-ਮੋਬਾਈਲ : 94171-76877

Ad Position 22
No active advertisement
ਪਿਛਲੀ ਖ਼ਬਰ * ਡਾ. ਸਰਬਜੀਤ ਕੌਰ ਸੰਧਾਵਾਲੀਆ * ਅਗਲੀ ਖ਼ਬਰ ਹੇ! ਨਵੇਂ ਸਾਲ ਦੇ ਸੂਰਜਾ...
Ad Position 24