ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2025

ਹੇ! ਨਵੇਂ ਸਾਲ ਦੇ ਸੂਰਜਾ...

Ad Position 21
No active advertisement
ਅਜੀਤ ਡੈਸਕ 01-01-2025

ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ ਤੇ ਇਸ ਵਾਰ ਵੀ ਲੱਖਾਂ ਲੋਕਾਂ ਨੇ ਆਪਣੇ ਮਨਾਂ ਵਿਚ ਖੁਸ਼ੀਆਂ ਤੇ ਖੁਸ਼ਹਾਲੀ ਦੇ ਅਨੇਕਾਂ ਅਨੇਕ ਖ਼ੁਆਬ ਵਸਾਏ ਹੋਏ ਹਨ।
ਹੇ, ਨਵੇਂ ਸਾਲ! ਸਾਡੀ ਦੁਆ ਹੈ ਕਿ ਕੋਈ ਕਿਰਤੀ-ਕਾਮਾ ਭੁੱਖਾ ਨਾ ਸੌਂਵੇਂ। ਇਨ੍ਹਾਂ ਦੇ ਚੁੱਲ੍ਹੇ ਮਘਦੇ ਰਹਿਣ। ਤੂੰ ਖਿਆਲ ਰੱਖੀਂ..ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਹੈ, ਮਜਬੂਰ ਹਨ, ਉਨ੍ਹਾਂ ਦਾ ਆਪਣੇ ਘਰ ਦਾ ਸੁਪਨਾ ਪੂਰਾ ਕਰੀਂ।
ਹੇ! ਨਵੇਂ ਵਰ੍ਹੇ, ਸਾਲਾਂ ਤੋਂ ਡਿਗਰੀਆਂ ਚੁੱਕੀ ਫਿਰਦੇ ਬੇਰੁਜ਼ਗਾਰਾਂ ਦੀ ਝੋਲੀ ਵਿਚ ਰੁਜ਼ਗਾਰਾਂ ਦੀ ਖ਼ੈਰ ਪਾਈਂ। ਖਿਆਲ ਰੱਖੀਂ, ਇਸ ਵਾਰ ਕਿਸੇ ਧੀ/ਪੁੱਤਰ ਨੂੰ ਖੁਦਕੁਸ਼ੀ ਦੇ ਰਾਹ ਨਾ ਤੁਰਨਾ ਪਵੇ। ਇਸ ਵਾਰ ਸਰਕਾਰਾਂ ਨੂੰ ਕੋਈ ਸੁਮੱਤ ਬਖਸ਼ੀਂ ਕਿ ਬੇਰੁਜ਼ਗਾਰਾਂ ਦੀ ਝੋਲੀ ਰੁਜ਼ਗਾਰ ਪਾਉਣ ਤਾਂ ਕਿ ਉਹ ਵੀ ਜਿਊਂਦਿਆਂ ਵਿਚ ਹੋ ਸਕਣ।
ਧਰਤੀ ਨੂੰ ਵਾਹੁੰਦਾ ਬੀਜਦਾ, ਲੋਕਾਂ ਦੇ ਢਿੱਡ ਭਰਦਾ ਵਾਹੀਕਾਰ ਵੀ ਉਦਾਸ ਨਾ ਹੋਵੇ ਤੇ ਨਾ ਹੀ ਉਸ ਨੂੰ ਸੜਕਾਂ 'ਤੇ ਭੁੱਖ ਹੜਤਾਲ ਤੇ ਧਰਨਿਆਂ 'ਤੇ ਬੈਠਣਾ ਪਵੇ।
ਹੇ, ਨਵੇਂ ਸਾਲ! ਗ਼ਰੀਬਾਂ ਤੇ ਅਣਹੋਇਆਂ ਦੀ ਬਾਂਹ ਜ਼ਰੂਰ ਫੜੀਂ। ਉਨ੍ਹਾਂ ਨੂੰ ਵੀ ਰੁੱਖੀ-ਮਿਸੀ ਹੀ ਸਹੀ ਪਰ ਦੋ ਡੰਗਾਂ ਦੀ ਰੋਟੀ ਮਿਲਦੀ ਰਹੇ। ਹਰ ਕਾਮੇ-ਕਿਰਤੀ ਨੂੰ ਕਿਸੇ ਬਿਮਾਰੀ ਤੋਂ ਵੀ ਬਚਾਈਂ।
ਨਵੇਂ ਸਾਲ! ਕਿਸੇ ਗ਼ਰੀਬ ਦੀ ਜਿਹੜੀ ਧੀ ਘਰ ਦੀ ਮਾੜੀ ਹਾਲਤ ਦੇ ਥਪੇੜੇ ਝਲਦਿਆਂ, ਪਿਛਲੇ ਸਾਲ ਹੱਥ ਪੀਲੇ ਕਰਨ ਤੋਂ ਰਹਿ ਗਈ ਸੀ, ਇਸ ਸਾਲ ਉਹਨੂੰ ਸੁੱਖੀਂ-ਸਾਂਦੀਂ ਸਹੁਰੇ ਘਰ ਤੋਰਨ ਦੀ ਭਰਪੂਰ ਕੋਸ਼ਿਸ਼ ਕਰੀਂ।
ਹੇ, ਸਾਲ ਨਵੇਂ! ਇਸ ਸਾਲ ਨਸ਼ਿਆਂ ਦੀ ਮਾਰ ਨਾਲ ਮਾਪਿਆਂ ਦੇ ਘਰ ਸੱਥਰ ਨਾ ਵਿਛੇ।
ਨਵੇਂ ਵਰ੍ਹਿਆ। ਇਹ ਖਿਆਲ ਰੱਖੀਂ ਇਸ ਸਾਲ ਸੱਚ ਤੇ ਇਮਾਨਦਾਰੀ ਦੇ ਰਾਹ ਤੁਰੇ ਕਿਸੇ ਮਨੁੱਖ ਨੂੰ, ਹਕੂਮਤਾਂ ਦਾ ਤਸ਼ੱਦਦ ਨਾ ਸਹਿਣਾ ਪਏ।
ਹੇ, ਨਵੇਂ ਵਰ੍ਹੇ। ਹਕੂਮਤਾਂ ਦੇ ਮਨਾਂ ਵਿਚ ਲੋਕਾਂ ਪ੍ਰਤੀ ਆਪਣੇ ਫਰਜ਼ ਪੂਰੇ ਕਰਨ ਦੀ ਸੋਚ ਪੈਦਾ ਕਰੀਂ। ਸਰਕਾਰਾਂ ਨੇ ਲੋਕਾਂ ਵੱਲ ਪਿੱਠ ਕੀਤੀ ਹੋਈ ਹੈ, ਜਿਵੇਂ ਜਨਤਾ ਦੀ ਕੋਈ ਚਿੰਤਾ ਹੀ ਨਾ ਹੋਵੇ।
ਨਵੇਂ ਵਰ੍ਹਿਆ। ਤੇਰੀ ਆਮਦ 'ਤੇ ਕਿਸੇ ਨੂੰ ਜੀ ਆਇਆਂ ਤੇ ਮੁਬਾਰਕ ਕਹਿਣ ਤੋਂ ਵੀ ਮਨ ਹੁਣ ਉਚਾਟ ਹੋ ਗਿਆ ਹੈ। ਕਿਸੇ ਆਮ ਆਦਮੀ ਦੇ ਜੀਵਨ ਵਿਚ ਤਾਂ ਸਾਰਾ ਸਾਲ ਹੀ ਮੁਬਾਰਕ ਵਰਗਾ ਕੁਝ ਵਾਪਰਦਾ ਹੀ ਨਹੀਂ, ਫਿਰ ਕਿਹੜੇ ਮਨ ਨਾਲ ਉਸ ਦੇ ਦਰਦ ਨੂੰ ਵੰਡਾਈਏ। ਉਂਝ ਵੀ ਜੇ ਢਿੱਡ ਭੁੱਖਾ ਹੋਵੇ ਤੇ ਜੇਬ ਖਾਲੀ ਹੋਵੇ ਤਾਂ ਕਿਸੇ ਦੇ ਮਨ ਨੂੰ ਮੁਬਾਰਕਾਂ ਦਾ ਕੀ ਆਸਰਾ ਹੋ ਸਕਦਾ ਹੈ।
ਨਵੇਂ ਸਾਲ ਦੇ ਸੂਰਜਾ! ਲੋਕਾਂ ਦੀਆਂ ਆਪਸੀ ਸਾਂਝਾਂ ਤੇ ਪਿਆਰ ਦੀ ਤੰਦ ਨੂੰ ਹੋਰ ਪੀਡਾ ਕਰੀਂ। ਮਨਾਂ ਵਿਚ ਪੈਦਾ ਹੁੰਦੀ ਨਫਰਤ, ਲਾਲਚ ਤੇ ਸਵਾਰਥ ਮਿਟਾਵੀਂ ਤੇ ਹਰ ਮਨ ਵਿਚ ਮਿਲਵਰਤਣ ਦੇ ਦੀਪ ਜਗਾਵੀਂ। ਜੇ ਹਰ ਕੋਈ ਇਕ ਦੂਜੇ ਦੇ ਦਰਦ ਨੂੰ ਸਮਝਣ ਲੱਗ ਜਾਵੇ, ਤਾਂ ਨਵਂੇ ਸਾਲ ਦੀ ਇਸ ਤੋਂ ਵੱਡੀ ਮੁਬਾਰਕ ਕੀ ਹੋ ਸਕਦੀ ਹੈ। ਹੇ, ਨਵੇਂ ਸਾਲ! ਹਕੂਮਤਾਂ ਨੂੰ ਵੀ ਸੁਮੱਤ ਬਖਸ਼ੀਂ ਕਿ ਆਪਸੀ ਪਿਆਰ ਤੇ ਸਾਂਝਾਂ ਨਾਲ ਵਸਦੇ-ਰਸਦੇ ਲੋਕਾਂ ਵਿਚ ਨਫਰਤ ਭਰੀਆਂ ਵੰਡੀਆਂ ਨਾ ਪਾਵੇ। ਇਹ ਦੇਸ਼ ਸਭ ਦਾ ਸਾਂਝਾ ਹੈ, ਤੇ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ। ਹੇ। ਨਵੇਂ ਵਰ੍ਹੇ! ਪੂਰੀ ਦੁਨੀਆ ਦੇ ਲੋਕਾਂ ਲਈ ਸੁੱਖ ਦਾ ਚੜ੍ਹੀਂ। ਹਰ ਅੱਖ ਦਾ ਸੁਪਨਾ ਪੂਰਾ ਕਰੀਂ। ਨਵੇਂ ਸਾਲ! ਜੰਗਬਾਜ਼ਾਂ ਦੇ ਮਨਾਂ ਵਿਚ ਵੀ ਕੋਈ ਅਕਲ ਦੀ ਗੱਲ ਪਾਈਂ ਕਿ ਇਨ੍ਹਾਂ ਬੇਰਹਿਮ ਹਾਕਮਾਂ ਨੂੰ ਵੀ ਗੋਲੀਆਂ ਨਾਲ ਵਿੰਨ੍ਹੇ ਬੱਚਿਆਂ ਦੀਆਂ ਚੀਕਾਂ ਤੇ ਵਿਰਲਾਪ ਸੁਣਨ ਲੱਗ ਜਾਵੇ। ਆਓ! ਆਸਾਂ ਦਾ ਪਰਚਮ ਲਹਿਰਾਈਏ ਤੇ ਨਰੋਈ ਜ਼ਿੰਦਗੀ ਦੇ ਰਾਹ ਤੁਰੀਏ। ਮੁਬਾਰਕ ਹੋਵੇ ਨਵਾਂ ਸਾਲ।

-ਮੋਬਾਈਲ : 98153-56086

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦਾ ਸੁਨੇਹਾ ਅਗਲੀ ਖ਼ਬਰ ਨਵੇਂ ਸਾਲ ਦਾ ਨਵਾਂ ਸਵੇਰਾ ਖੁਸ਼ੀਆਂ ਲੈ ਕੇ ਆਇਆ
Ad Position 24
No active advertisement