16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

ਆਓ! ਕੁਝ ਨਵਾਂ ਕਰਨ ਦਾ ਪ੍ਰਣ ਕਰੀਏ

Ad Position 21
repet_subhas-goyals [Copy P29]
ਅਜੀਤ ਡੈਸਕ 01-01-2021

ਹੁਣੇ ਜਿਹੇ ਸਾਲ 2020 ਚੜ੍ਹਿਆ ਸੀ, ਯਾਨਿ 365 ਦਿਨ ਬੀਤ ਗਏ। ਓਦੋਂ ਸਾਡੀਆਂ ਆਸਾਂ ਤੇ ਉਮੰਗਾਂ ਕੀ ਸਨ? ਕਿੰਨੀਆਂ ਨੂੰ ਬੂਰ ਪਿਆ ਹੈ? ਕਿੰਨੀਆਂ ਕੁ ਬਾਕੀ ਰਹਿ ਗਈਆਂ? ਸਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਰਹਿ ਗਈਆਂ ਅਤੇ ਨਵੀਆਂ ਉਮੰਗਾਂ ਨੂੰ ਹਾਸਲ ਕੀਤਾ ਜਾ ਸਕੇ।
'ਕੱਲਾ ਭਾਰਤ ਹੀ ਨਹੀਂ, ਸਗੋਂ ਸਾਰਾ ਸੰਸਾਰ ਹੀ ਮਹਾਂਮਾਰੀ ਕੋਵਿਡ-19, ਪ੍ਰਦੂਸ਼ਣ, ਅੱਤਵਾਦ, ਭ੍ਰਿਸ਼ਟਾਚਾਰ, ਆਰਥਿਕ ਮੰਦੀ ਆਦਿ ਮੁੱਦਿਆਂ ਨਾਲ ਜੂਝ ਰਿਹਾ ਹੈ। 'ਭੰਡਾ ਭੰਡਾਰੀਏ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ'। ਧਰਤੀ ਦੀ ਤਪਸ਼ ਦਿਨ-ਬ-ਦਿਨ ਵਧ ਰਹੀ ਹੈ। ਹਰ ਪ੍ਰਾਣੀ ਚਿੰਤਾਤੁਰ ਹੈ। ਇਕ ਗੱਲ ਜੋ ਉਭਰ ਕੇ ਸਾਹਮਣੇ ਆਈ ਹੈ, ਜੇ ਪੌਣ-ਪਾਣੀ ਤੇ ਧਰਤੀ ਨੂੰ ਬਚਾਉਣਾ ਹੈ ਤਾਂ ਊਰਜਾ ਪੈਦਾ ਕਰਨ ਲਈ ਸਾਨੂੰ ਨਵਿਆਉਣਯੋਗ ਕੁਦਰਤੀ ਸੋਮਿਆਂ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ, ਭਾਵ ਕਾਰਬਨ ਉਤਸਰਜਨ ਵਿਚ ਕਟੌਤੀ ਕਰਨੀ ਚਾਹੀਦੀ ਹੈ। 21ਵੀਂ ਸਦੀ ਨਿਊਕਲੀਅਰ ਊਰਜਾ ਦਾ ਜ਼ਮਾਨਾ ਹੈ, ਸੂਰਜੀ ਊਰਜਾ, ਹਵਾ ਤੇ ਹਾਈਡ੍ਰੋਜਨ ਬਾਲਣ ਦਾ ਸਮਾਂ ਹੈ। ਇਸੇ ਕਰਕੇ ਭਾਰਤ ਵੀ ਕਾਗਜ਼, ਰਬੜ, ਧਾਤਾਂ, ਸ਼ੀਸ਼ੇ, ਫਾਲਤੂ ਸਾਮਾਨ, ਆਦਿ ਨੂੰ ਦੁਬਾਰਾ ਵਰਤੋਂ ਵਿਚ ਲਿਆ ਕੇ ਆਲਮੀ ਤਪਸ਼ ਨੂੰ ਘਟਾਉਣ ਦਾ ਯਤਨ ਕਰ ਰਿਹਾ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ।
ਭਾਵੇਂ ਭਾਰਤ ਨੂੰ ਆਜ਼ਾਦ ਹੋਇਆਂ 73-74 ਸਾਲ ਹੋ ਗਏ ਨੇ, ਪ੍ਰੰਤੂ ਭ੍ਰਿਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਰਾਜਨੀਤੀ ਦੇ ਉੱਚ-ਗਲਿਆਰਿਆਂ ਵਿਚ ਇਹ ਵਧਦਾ ਹੀ ਜਾ ਰਿਹਾ ਹੈ, ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਜਿੱਥੇ ਵੀ ਕਿਸੇ ਦਾ ਹੱਥ ਪੈਂਦਾ ਹੈ, ਦੋਵੇਂ ਹੱਥੀਂ ਦੇਸ਼ ਨੂੰ ਲੁੱਟ ਰਿਹਾ ਹੈ।
ਪੰਜਾਬ ਦੇ ਕੁਲ ਰਕਬੇ ਦਾ ਲਗਭਗ 5 ਫੀਸਦੀ ਰਕਬਾ ਵਣਾਂ ਹੇਠ ਹੈ, ਜਦਕਿ ਕੌਮੀ ਪੱਧਰ 'ਤੇ ਬਣੀ ਇਸ ਸਬੰਧੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਇਹ ਰਕਬਾ ਘੱਟ ਤੋਂ ਘੱਟ 20 ਫੀਸਦੀ ਹੋਣਾ ਚਾਹੀਦਾ ਹੈ।
ਸਰਕਾਰ ਨੇ ਕਿਸਾਨੀ ਨੂੰ ਲੈ ਕੇ ਤਿੰਨ ਕਾਨੂੰਨ-ਕਿਸਾਨਾਂ ਦੀ ਜਿਣਸ ਦੇ ਵਪਾਰ ਤੇ ਵਣਜ (ਪ੍ਰਸਾਰ ਅਤੇ ਸਹੂਲਤਾਂ) ਸਬੰਧੀ ਐਕਟ-2020, ਕਿਸਾਨਾਂ ਦੇ (ਸਸ਼ਕਤੀਕਰਨ ਤੇ ਸੁਰੱਖਿਆ) ਸਬੰਧੀ ਐਕਟ-2020 ਅਤੇ ਜ਼ਰੂਰੀ ਵਸਤਾਂ ਬਾਰੇ (ਸੋਧ) ਐਕਟ-2020, ਸਤੰਬਰ-2020 ਵਿਚ ਬਣਾਏ, ਇਸ ਵਿਰੁੱਧ ਕਿਸਾਨ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਸਾਗਰ ਵਾਂਗ ਸ਼ਾਂਤ ਹੈ, ਭਾਈਚਾਰਕ ਸਾਂਝ ਦੀ ਮਿਸਾਲ ਹੈ। ਹੋਰ ਤਾਂ ਹੋਰ, ਕਿਸਾਨਾਂ ਦੇ ਪੁੱਤ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਉਤੇ ਲੜ ਰਹੇ ਨੇ, ਭਾਰਤ ਮਾਂ ਦੀ ਖਾਤਰ ਸ਼ਹੀਦੀਆਂ ਪਾ ਰਹੇ ਨੇ, ਪਰ ਪਿਉ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਹਨ, ਉਹ ਵੀ ਕਹਿਰਾਂ ਦੀ ਠੰਢ ਵਿਚ, ਤਾਰਿਆਂ ਦੀ ਛਾਵੇਂ। ਇਤਿਹਾਸ ਦੁਹਰਾ ਰਹੇ ਨੇ ਠੰਢੇ ਬੁਰਜ ਦਾ।
ਭਾਰਤ ਦਾ ਆਪਣਾ ਹੀ ਇਕ ਗੌਰਵਮਈ ਵਿਰਸਾ ਹੈ। ਇੱਥੇ ਤਾਂ ਨਵਾਂ ਸਾਲ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ। ਫਿਰ ਵੀ ਇੱਥੋਂ ਦੇ ਵਸਨੀਕ ਪੱਛਮੀ ਸ਼ੈਲੀ ਮੁਤਾਬਿਕ ਅੱਜ ਕਿਸੇ ਤੋਂ ਪਿੱਛੇ ਨਹੀਂ ਹਨ। ਪਹਿਲੀ ਜਨਵਰੀ ਨੂੰ ਨਵੇਂ ਸਾਲ ਦੀ ਖੁਸ਼ੀ ਮਨਾਈ ਜਾਂਦੀ ਹੈ। ਇਸ ਖ਼ੁਸ਼ੀ ਭਰੇ ਮੌਕੇ 'ਤੇ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਕੇ 31 ਦਸੰਬਰ ਦੇ ਰਾਤ ਦੇ 12 ਵੱਜੇ ਤੱਕ ਇਕ-ਦੂਜੇ ਨੂੰ ਵਧਾਈਆਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਰੰਗ-ਬਰੰਗੇ (ਸੱਭਿਆਚਾਰਕ) ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ।
ਆਓ ਸਾਰੇ ਹੀ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਮੁਕਾਵਾਂਗੇ, ਕਿਸਾਨੀ ਬੂਟੇ ਨੂੰ ਪਾਣੀ ਪਾਉਂਦਿਆਂ ਹੋਇਆਂ ਹਰ ਪਾਸੇ ਹੀ ਸ਼ਾਂਤੀ ਦਾ ਪੈਗ਼ਾਮ ਫੈਲਾਵਾਂਗੇ ਤਾਂ ਜੋ ਭਾਰਤ ਬੁਲੰਦੀਆਂ ਨੂੰ ਛੂਹ ਸਕੇ। ਸਭ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਹੋਵੇ। ਉੱਘੇ ਗ਼ਜ਼ਲਗੋ ਤ੍ਰੈਲੋਚਨ ਲੋਚੀ ਦਾ ਸ਼ਿਅਰ ਹੈ:
ਬਾਲ ਕੇ ਰਾਹ ਵਿਚ ਦੀਵੇ ਰੱਖੀਂ।
ਰਾਹੀਆਂ ਲਈ ਇਹ ਤੋਹਫ਼ੇ ਰੱਖੀਂ।

-ਲੁਧਿਆਣਾ।
-ਮੋਬਾਈਲ : 94170-01983

Ad Position 22
No active advertisement
ਪਿਛਲੀ ਖ਼ਬਰ ਸੁੱਖਾਂ ਦੇ ਸੁਨੇਹੇ ਅਗਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ <h4>* ਹਰਦੇਵ ਸਿੰਘ ਭੁੱਲਰ * </h4>
Ad Position 24