ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

ਹਰ ਦਿਨ ਹੋਵੇ ਨਵਾਂ ਸਾਲ

Ad Position 21
No active advertisement
ਅਜੀਤ ਡੈਸਕ 01-01-2020

ਨਵਾਂ ਵਰ੍ਹਾ ਸ਼ੁਰੂ ਹੋ ਰਿਹਾ। ਨਵੇਂ ਵਰ੍ਹੇ 'ਤੇ ਕੁਝ ਅਹਿਦ ਲੈ ਲੈਣੇ ਚਾਹੀਦੇ ਹਨ। ਕੁਝ ਵਾਅਦੇ ਆਪਣੇ ਨਾਲ ਕਰ ਲੈਣੇ ਚਾਹੀਦੇ ਹਨ ਤਾਂ ਕਿ ਜੋ ਸੁਪਨੇ ਜਾਂ ਇੱਛਾਵਾਂ ਪਿਛਲੇ ਵਰ੍ਹੇ ਪੂਰੀਆਂ ਨਹੀਂ ਹੋ ਸਕੀਆਂ ਉਨ੍ਹਾਂ ਨੂੰ ਇਸ ਵਰ੍ਹੇ ਪੂਰਾ ਕਰਨ ਦੇ ਯਤਨ ਕੀਤੇ ਜਾਣ। ਸਭ ਤੋਂ ਪਹਿਲਾਂ ਆਪਣੀ ਸਿਹਤ ਤੋਂ ਸ਼ੁਰੂ ਕਰ ਕੇ ਆਪਣੇ ਪਰਿਵਾਰ ਅਤੇ ਪਰਿਵਾਰ ਤੋਂ ਸਮਾਜ ਵੱਲ ਵਧਦਿਆਂ ਆਪਣੀਆਂ ਜ਼ਿੰਮੇਵਾਰੀਆਂ, ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਆਓ! ਕੁਝ ਫ਼ੈਸਲੇ ਲੈਂਦੇ ਹਾਂ। ਸਿਹਤ ਨੂੰ ਮੁੱਖ ਰੱਖਦੇ ਹੋਏ ਇਸ ਵਰ੍ਹੇ ਕੋਸ਼ਿਸ਼ ਕਰੀਏ ਕਿ ਬਾਹਰੀ ਖਾਣ-ਪੀਣ (ਜੰਕ ਫੂਡ) ਦਾ ਸੇਵਨ ਇਸ ਵਾਰ ਬਿਲਕੁਲ ਨਹੀਂ ਕਰਾਂਗੇ ਜਾਂ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਕਰਾਂਗੇ। ਪਾਣੀ ਨਿਯਮਤ ਰੂਪ ਵਿਚ ਪੀਵਾਂਗੇ ਅਤੇ ਰੋਜ਼ਾਨਾ ਕਸਰਤ ਨੂੰ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ। ਕਿਉਂਜੁ ਕਹਾਵਤ ਮਸ਼ਹੂਰ ਹੈ, 'ਪਹਿਲਾ ਸੁਖ ਨਿਰੋਗੀ ਕਾਇਆ' ਇਸ ਲਈ ਜਦ ਸਰੀਰ ਚੁਸਤ-ਦਰੁਸਤ ਅਤੇ ਤੰਦਰੁਸਤ ਹੋਵੇਗਾ ਤਾਂ ਅਸੀਂ ਆਪਣੇ ਪਰਿਵਾਰ, ਸਮਾਜ, ਧਰਮ ਅਤੇ ਦੇਸ਼ ਲਈ ਕੁਝ ਚੰਗਾ ਕਰਨ ਬਾਰੇ ਸੋਚ ਸਕਾਂਗੇ।
ਡਿਜੀਟਲ ਤਕਨੀਕੀ (ਮੋਬਾਈਲ/ਲੈਪਟਾਪ/ਇੰਟਰਨੈੱਟ) ਨੇ ਸਾਡਾ ਸਮਾਂ, ਰਿਸ਼ਤਿਆਂ ਦਾ ਨਿੱਘ, ਮੋਹ ਸਾਡੇ ਕੋਲੋਂ ਖੋਹ ਲਿਆ ਹੈ। ਪਰ ਕਿਉਂਕਿ ਇਸ ਤੋਂ ਬਿਨਾਂ ਵੀ ਜੀਵਨ ਅਧੂਰਾ ਹੈ ਇਸ ਲਈ ਇਸ ਵਰ੍ਹੇ ਇਹ ਫ਼ੈਸਲਾ ਕਰੀਏ ਕਿ ਘੱਟੋ-ਘੱਟ ਹਫ਼ਤੇ ਵਿਚੋਂ ਇਕ ਦਿਨ ਵਾਸਤੇ ਇਸ ਡਿਜੀਟਲ ਦੁਨੀਆ ਨੂੰ ਅਲਵਿਦਾ ਕਹਾਂਗੇ ਅਤੇ ਉਸ ਦਿਨ ਨੂੰ ਆਪਣੇ ਮਾਤਾ-ਪਿਤਾ, ਪਤੀ/ਪਤਨੀ ਜਾਂ ਆਪਣੇ ਬੱਚਿਆਂ ਨਾਲ ਮਨਾਈਏ। ਜੋ ਵੀ ਹਫ਼ਤੇ ਵਿਚ ਇਕ ਦਿਨ ਚੁਣੀਏ ਉਸ ਲਈ ਆਪਣੇ ਜਾਣ-ਪਹਿਚਾਣ ਜਾਂ ਰਿਸ਼ਤੇਦਾਰਾਂ ਨੂੰ ਵੀ ਦੱਸ ਦੇਈਏ ਕਿ ਫਲਾਣੇ ਦਿਨ ਮੇਰਾ ਮੋਬਾਈਲ, ਇੰਟਰਨੈੱਟ ਬੰਦ ਰਹੇਗਾ ਤਾਂ ਕਿ ਉਹ ਵੀ ਪ੍ਰੇਸ਼ਾਨ ਨਾ ਹੋਣ ਅਤੇ ਸ਼ਾਇਦ ਉਨਾਂ ਨੂੰ ਵੀ ਇਕ ਦਿਨ ਪਰਿਵਾਰ ਨਾਲ ਗੁਜ਼ਾਰਨ ਵਾਲਾ ਤਰੀਕਾ ਪਸੰਦ ਆ ਜਾਵੇ।
ਇਸੇ ਤਰ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਪ੍ਰਤੀ, ਆਪਣੇ ਕਾਰੋਬਾਰ ਦੇ ਵਾਧੇ ਲਈ, ਜੋ ਰੱਬ ਨੇ ਦਾਤਾਂ ਬਖ਼ਸ਼ੀਆਂ ਹਨ ਉਨ੍ਹਾਂ ਨੂੰ ਹੋਰਨਾਂ ਲੋੜਵੰਦਾਂ ਨਾਲ ਵੰਡਣ ਲਈ, ਧਾਰਮਿਕ ਸਥਾਨ 'ਤੇ ਜਾ ਕੇ ਰੱਬ ਨੂੰ ਚੇਤੇ ਕਰਨ ਲਈ, ਰੋਜ਼ਾਨਾ ਅਖ਼ਬਾਰ/ਰਸਾਲਾ ਜਾਂ ਕੋਈ ਨਾ ਕੋਈ ਕਿਤਾਬ ਪੜ੍ਹਨ ਦੀ ਆਦਤ ਪਾਉਣ ਲਈ, ਮਿੱਠਾ ਬੋਲਣ ਲਈ, ਸਹਿਜ ਵਿਚ ਰਹਿਣ ਲਈ, ਮੁਸਕਰਾਉਂਦੇ ਰਹਿਣ ਲਈ ਕੁਝ ਨਿਯਮ ਜਾਂ ਫ਼ੈਸਲੇ ਕਰ ਲਈਏ।

-ਸੁਲਤਾਨਵਿੰਡ ਰੋਡ, ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ - ਜਿਨ੍ਹਾਂ ਨੇ ਇਤਿਹਾਸ ਦੀ ਨੁਹਾਰ ਬਦਲ ਦਿੱਤੀ ਅਗਲੀ ਖ਼ਬਰ ਨਵਾਂ ਸਾਲ ਮਨਾਉਣ ਦੇ ਨਵੇਂ ਨੁਕਤੇ
Ad Position 24
No active advertisement