ਪਿੰਡ ਕੁੰਭੜਾ ਦੀ ਫਿਰਨੀ ਵਿਚਕਾਰ ਮੌਤ ਦਾ ਖੂਹ ਬਣਿਆ ਮੇਨਹੋਲ ਤੁਰੰਤ ਬੰਦ ਕਰਨ ਦੀ ਮੰਗ
ਅਜੀਤ ਡੈਸਕ
30-01-2020
ਐੱਸ. ਏ. ਐੱਸ. ਨਗਰ, 29 ਜਨਵਰੀ (ਕੇ. ਐੱਸ. ਰਾਣਾ)-ਨਗਰ ਨਿਗਮ ਮੁਹਾਲੀ ਅਧੀਨ ਪੈਂਦੇ ਪਿੰਡ ਕੁੰਭੜਾ ਦੀ ਮੁੱਖ ਫਿਰਨੀ ਦੇ ਬਿਲਕੁੱਲ ਵਿਚਕਾਰ ਕਾਫ਼ੀ ਡੂੰਘਾ ਅਤੇ ਚੌੜਾ ਮੇਨਹੋਲ ਖੁੱਲ੍ਹਾ ਪਿਆ ਹੈ | ਜੇਕਰ ਇਸ ਮੇਨਹੋਲ ਨੂੰ ਮੌਤ ਦਾ ਖੂਹ ਵੀ ਕਹਿ ਲਿਆ ਜਾਵੇ ਤਾਂ ਇਸ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਵਿਚ ਕਿਸੇ ਵੀ ਸਮੇਂ ਕੋਈ ਬੱਚਾ, ਬਜ਼ੁਰਗ ਆਦਿ ਡਿੱਗ ਕੇ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ | ਇਹ ਜਾਣਕਾਰੀ ਦਿੰਦਿਆਂ ਪੰਚਾਇਤ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਅੱਤਿਆਚਾਰ ਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ ਉੱਤੇ ਵਾਲਮੀਕਿ ਮੰਦਰ ਦੇ ਨਜ਼ਦੀਕ ਮੁੱਖ ਫਿਰਨੀ ਉੱਤੇ ਵਾਟਰ ਸਪਲਾਈ ਦੀ ਨਵੀਂ ਪੈਣ ਵਾਲੀ ਟੈਂਕੀ ਦਾ ਮੇਨਹੋਲ ਪਿਛਲੇ 20 ਦਿਨਾਂ ਤੋਂ ਟੁੱਟਿਆ ਹੋਇਆ ਹੈ | ਇਸੇ ਦੌਰਾਨ ਪਿੰਡ ਕੁੰਭੜਾ ਦੇ ਵਸਨੀਕਾਂ ਮਹਿੰਦਰ ਸਿੰਘ, ਮਨਜੀਤ ਸਿੰਘ, ਮਨਿੰਦਰ ਸਿੰਘ, ਜਗਦੀਪ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਪ੍ਰੇਮ ਸਿੰਘ, ਗੁਰਜੋਤ ਸਿੰਘ ਆਦਿ ਨੇ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮੇਨਹੋਲ ਨੂੰ ਤੁਰੰਤ ਬੰਦ ਕਰਵਾਇਆ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੇਨਹੋਲ 'ਚ ਕਿਸੇ ਵੀ ਵਿਅਕਤੀ ਜਾਂ ਪਸ਼ੂ ਦੇ ਡਿੱਗਣ ਕਾਰਨ ਉਸ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ 'ਤੇ ਨਿਗਮ ਅਧਿਕਾਰੀ ਜ਼ਿੰਮੇਵਾਰ ਹੋਣਗੇ |