ਕੋਰੋਨਾ ਵਾਇਰਸ ਕਾਰਨ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ
ਅਜੀਤ ਡੈਸਕ
30-01-2020
ਐੱਸ. ਏ. ਐੱਸ. ਨਗਰ, 29 ਜਨਵਰੀ (ਕੇ. ਐੱਸ. ਰਾਣਾ)-ਚੀਨ ਤੋਂ ਕੋਰੋਨਾ ਵਾਇਰਸ ਬਾਰੇ ਆਈਆਂ ਰਿਪੋਰਟਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਿਹਾ ਹੈ ਤੇ ਇਸ ਲਈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਹਾਲੀ ਵਿਖੇ ਇਕ ਵੱਖਰਾ ਵਾਰਡ ਤਿਆਰ ਕੀਤਾ ਗਿਆ ਹੈ ਅਤੇ ਰੈਪਿਡ ਰਿਸਪਾਂਸ ਟੀਮ ਪਹਿਲਾਂ ਤੋਂ ਹੀ ਤਿਆਰ ਹੈ, ਜਿਸ ਵਿਚ ਨੋਡਲ ਅਧਿਕਾਰੀ ਵਜੋਂ ਐਪੀਡੈਮੀਲੋਜਿਸਟ, ਮੈਡੀਕਲ ਮਾਹਿਰ, ਬੱਚਿਆ ਦੇ ਡਾਕਟਰ, ਛਾਤੀ ਮਾਹਿਰ ਅਤੇ ਸਹਾਇਕ ਸਟਾਫ਼ ਸ਼ਾਮਿਲ ਹੈ, ਜਿਨ੍ਹਾਂ ਕੋਲ ਦਸਤਾਨਿਆਂ ਤੇ ਮਾਸਕਾਂ ਆਦਿ ਲੋੜੀਂਦਾ ਸਟਾਕ ਉਪਲਬੱਧ ਹੈ | ਵਿਦੇਸ਼ਾਂ ਤੋਂ ਜ਼ਿਲ੍ਹੇ 'ਚ ਆਉਣ ਵਾਲੇ ਵਿਅਕਤੀਆਂ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੀਨ ਤੋਂ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਕੋਈ ਉਡਾਣ ਨਹੀਂ ਹੈ ਅਤੇ ਇਕ ਅੰਤਰਰਾਸ਼ਟਰੀ ਉਡਾਣ ਸ਼ਾਰਜਾਂਹ ਤੋਂ ਹੈ, ਜਿਸ 'ਚ ਆਏ ਮੁਸਾਫ਼ਿਰਾਂ ਦੀ ਜਾਂਚ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਕੀਤੀ ਜਾ ਰਹੀ ਹੈ |