ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-1984 ਦੇ ਦੰਗਾ ਪੀੜਤਾਂ ਲਈ ਬਣੀ ਮਦਨਪੁਰ ਚੱਪੜਚਿੜੀ ਸੁਸਾਇਟੀ ਦੀ ਬੀਤੇ ਕੱਲ੍ਹ ਹੋਈ ਚੋਣ ਦੌਰਾਨ ਸੁਸਾਇਟੀ ਮੈਂਬਰਾਂ ਵਲੋਂ ਬਣਾਈ ਗਈ ਐਕਸ਼ਨ ਕਮੇਟੀ ਦੇ ਸੱਤ ਮੈਂਬਰਾਂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਜਿੱਤ ਪ੍ਰਾਪਤ ਕਰਨ ਵਾਲੇ ਇਨ੍ਹਾਂ ਕਮੇਟੀ ਮੈਂਬਰਾਂ ਵਿਚ ਜਸਵੀਰ ਸਿੰਘ ਕਲਸੀ, ਰਣਜੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਓਬਰਾਏ, ਆਰ. ਪੀ. ਐੱਸ. ਵਿੱਜ, ਵਰਜਿੰਦਰ ਕੌਰ ਅਤੇ ਆਸ਼ਾ ਜੋਸ਼ੀ ਸ਼ਾਮਿਲ ਹਨ, ਜਦਕਿ ਦੂਜੀ ਧਿਰ ਦੇ ਕੇਵਲ ਐੱਨ. ਐੱਸ. ਅਰੋੜਾ ਅਤੇ ਸੁਰਜੀਤ ਸਿੰਘ ਬਿੰਦਰਾ ਹੀ ਜਿੱਤਣ 'ਚ ਸਫ਼ਲ ਹੋ ਸਕੇ | ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਐਕਸ਼ਨ ਕਮੇਟੀ ਦੇ ਪ੍ਰਮੁੱਖ ਮੈਂਬਰ ਜਸਪਾਲ ਸਿੰਘ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਬੇਸ਼ੱਕ ਨਵੀਂ ਕਮੇਟੀ ਦੇ ਰਾਹ ਵਿਚ ਬਹੁਤ ਸਾਰੀਆਂ ਚੁਣੌਤੀਆਂ ਹਨ, ਪ੍ਰੰਤੂ ਉਨ੍ਹਾਂ ਦਾ ਮਕਸਦ ਸੁਸਾਇਟੀ ਦੇ ਉਨ੍ਹਾਂ ਮੈਂਬਰਾਂ ਨੂੰ ਜ਼ਮੀਨ ਦਿਵਾਉਣਾ ਹੈ, ਜਿਨ੍ਹਾਂ ਦੀ ਜ਼ਮੀਨ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੇ ਲਈ ਸਰਕਾਰ ਵਲੋਂ ਐਕਵਾਇਰ ਕੀਤੀ ਗਈ ਸੀ, ਲੇਕਿਨ ਉਸ ਦਾ ਮੁਆਵਜ਼ਾ ਪਿਛਲੀ ਕਮੇਟੀ ਨੇ ਮੈਂਬਰਾਂ ਨੂੰ ਨਹੀਂ ਦਿੱਤਾ ਗਿਆ | ਉਨ੍ਹਾਂ ਦਾ ਦੂਜਾ ਉਦੇਸ਼ ਜ਼ਮੀਨ ਦੇ ਲਈ ਸੀ. ਐੱਲ. ਸੀ. ਯੂ. ਹਾਸਲ ਕਰਨਾ ਅਤੇ ਬਹੁਤ ਸਾਰੇ ਮੈਂਬਰਾਂ ਜਿਨ੍ਹਾਂ ਦਾ ਪਿਛਲੇ ਲੰਬੇ ਸਮੇਂ ਤੋਂ ਕੋਈ ਥਹੁ-ਪਤਾ ਨਹੀਂ ਚੱਲ ਰਿਹਾ, ਦੀ ਤਲਾਸ਼ ਕਰਨਾ ਜਾਂ ਫਿਰ ਉਨ੍ਹਾਂ ਦਾ ਹਿੱਸਾ ਅਲੱਗ ਕਰਕੇ ਉਨ੍ਹਾਂ ਦੀ ਜ਼ਮੀਨ ਨੂੰ ਉਨ੍ਹਾਂ ਮੈਂਬਰਾਂ ਵਿਚ ਵੰਡਣਾ ਹੈ | ਇਸੇ ਦੌਰਾਨ ਜਸਵੀਰ ਸਿੰਘ ਕਲਸੀ ਤੇ ਇਕਬਾਲ ਸਿੰਘ ਓਬਰਾਏ ਨੇ ਪੰਜਾਬ ਸਰਕਾਰ, ਗਮਾਡਾ ਅਤੇ ਕੋਆਪ੍ਰੇਟਿਵ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀ ਨੂੰ ਵਸਾਉਣ 'ਚ ਸਹਿਯੋਗ ਕਰਨ |