ਐੱਸ. ਏ. ਐੱਸ. ਨਗਰ, 11 ਫਰਵਰੀ (ਜਸਬੀਰ ਸਿੰਘ ਜੱਸੀ)-ਭੋਲਾ ਡਰੱਗਜ਼ ਮਾਮਲੇ 'ਚ ਇਨਫਰੋਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਮਨੀ ਲਾਂਡਰਿੰਗ ਮਾਮਲੇ 'ਚ ਨਾਮਜ਼ਦ ਕੀਤੇ ਗਏ ਚੁੰਨੀ ਲਾਲ ਗਾਬਾ ਵਲੋਂ ਆਪਣੇ ਵਕੀਲ ਰਾਹੀਂ ਸੀ. ਬੀ. ਆਈ. ਦੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ, ਲਿਹਾਜ਼ਾ ਅਦਾਲਤ ਵਲੋਂ ਈ. ਡੀ. ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚੁੰਨੀ ਲਾਲ ਗਾਬਾ ਦੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ | ਚੁੰਨੀ ਲਾਲ ਗਾਬਾ ਇਸ ਸਮੇਂ ਜੇਲ੍ਹ 'ਚ ਬੰਦ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਅਦਾਲਤ ਵਲੋਂ ਪੇਸ਼ੀ 'ਤੇ ਨਾ ਆਉਣ ਕਾਰਨ ਉਸ ਿਖ਼ਲਾਫ਼ ਸੰਮਨ ਜਾਰੀ ਕੀਤੇ ਗਏ ਸਨ | ਚੁੰਨੀ ਲਾਲ ਗਾਬਾ ਵਲੋਂ ਸੀ. ਬੀ. ਆਈ. ਅਦਾਲਤ 'ਚ ਆਤਮ-ਸਮਰਪਣ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਈ. ਡੀ. ਵਲੋਂ ਦੋ ਸਾਬਕਾ ਮੰਤਰੀਆਂ ਸਮੇਤ 12 ਮੁਲਜ਼ਮਾਂ ਅਤੇ ਉਨ੍ਹਾਂ ਦੀਆਂ ਵੱਖ-ਵੱਖ ਫਰਮਾਂ ਿਖ਼ਲਾਫ਼ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ | ਈ. ਡੀ. ਵਲੋਂ ਪੇਸ਼ ਚਲਾਨ 'ਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਮੰਤਰੀ ਅਵੀਨਾਸ਼ ਚੰਦਰ, ਫਿਲੌਰ ਦੇ ਲੜਕੇ ਦਮਨਵੀਰ ਸਿੰਘ ਫਿਲੌਰ, ਜਗਜੀਤ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਜਗਜੀਤ ਸਿੰਘ ਚਾਹਲ ਦੀ ਪਤਨੀ ਇੰਦਰਜੀਤ ਕੌਰ, ਦਵਿੰਦਰ ਕਾਂਤ ਸ਼ਰਮਾ, ਜਸਵਿੰਦਰ ਸਿੰਘ, ਸਚਿਨ ਸਰਦਾਨਾ, ਸੁਸ਼ੀਲ ਕੁਮਾਰ ਸਰਦਾਨਾ, ਕੈਲਾਸ਼ ਸਰਦਾਨਾ, ਰਸ਼ਮੀ ਸਰਦਾਨਾ, ਚੁੰਨੀ ਲਾਲ ਗਾਬਾ, ਗੁਰਮੇਸ਼ ਗਾਬਾ ਅਤੇ ਚਾਹਲ ਦੀਆਂ ਕਈ ਕੰਪਨੀਆਂ ਦੇ ਨਾਂਅ ਸ਼ਾਮਿਲ ਹਨ | ਉਕਤ ਮੁਲਜ਼ਮਾਂ 'ਤੇ ਇਸ ਡਰੱਗ ਮਾਮਲੇ 'ਚ ਇਕ ਦੂਜੇ ਦੀ ਮਦਦ ਨਾਲ ਬੇਨਾਮੀ ਜਾਇਦਾਦਾਂ ਬਣਾਉਣ ਦਾ ਦੋਸ਼ ਹੈ |