ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਇਕ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਹ ਮੁਹਿੰਮ 15 ਦਿਨਾਂ ਲਈ ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੀਡ ਜ਼ਿਲ੍ਹਾ ਮੈਨੇਜਰ ਮੁਹਾਲੀ ਹੇਮੇਂਦਰ ਜੈਨ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਯੋਗ ਲਾਭਪਾਤਰੀਆਂ ਨੂੰ ਬੈਂਕਾਂ ਕੋਲ ਉਪਲੱਬਧ ਫਾਰਮ ਭਰ ਕੇ ਦੇਣੇ ਹੋਣਗੇ ਅਤੇ ਸਬੰਧਿਤ ਬੈਂਕਾਂ ਦੁਆਰਾ ਯੋਗ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ | ਉਨ੍ਹਾਂ ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਨੂੰ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ | ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਦਾ ਇਹ ਕਾਰਡ ਪਹਿਲਾਂ ਬਣਾਇਆ ਹੋਇਆ ਹੈ, ਉਹ ਇਸ ਦੀ ਲਿਮਟ ਵਧਾ ਸਕਦੇ ਹਨ | ਇਸ ਤੋਂ ਇਲਾਵਾ ਬੰਦ ਪਏ ਕਾਰਡ ਨੂੰ ਮੁੜ ਐਕਟੀਵੇਟ ਵੀ ਕਰਵਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਸ਼ੂ-ਪਾਲਣ ਅਤੇ ਮੱਛੀ-ਪਾਲਣ ਦਾ ਸਹਾਇਕ ਧੰਦਾ ਅਪਣਾਉਣ ਵਾਲੇ ਕਿਸਾਨਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਇਸ ਲਈ ਇਹ ਸਹਾਇਕ ਧੰਦੇ ਅਪਣਾਉਣ ਵਾਲੇ ਕਿਸਾਨ ਵੀ ਕ੍ਰੈਡਿਟ ਕਾਰਡ ਬਣਵਾ ਸਕਦੇ ਹਨ | ਇਸੇ ਦੌਰਾਨ ਡੀ. ਡੀ. ਐਮ. ਨਾਬਾਰਡ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਲਾਭਪਾਤਰੀਆਂ ਲਈ ਕੇਂਦਰ ਸਰਕਾਰ ਨੇ ਇਕ ਪੇਜ ਦਾ ਬਿਨੈ-ਪੱਤਰ ਜਾਰੀ ਕੀਤਾ ਹੈੈ | ਉਨ੍ਹਾਂ ਕਿਹਾ ਕਿ ਇਹ ਸਹੂਲਤ ਸੁਵਿਧਾ/ ਸੇਵਾ ਕੇਂਦਰਾਂ ਵਿਖੇ ਵੀ ਉਪਲੱਬਧ ਕਰਵਾਈ ਜਾ ਰਹੀ ਹੈ |