ਐੱਸ. ਏ. ਐੱਸ. ਨਗਰ, 11 ਫਰਵਰੀ (ਕੇ. ਐੱਸ. ਰਾਣਾ)-ਸਥਾਨਕ ਫੇਜ਼-8 ਸਥਿਤ ਦੁਸਹਿਰਾ ਗਰਾਊਾਡ ਵਿਖੇ ਓਲਾ ਅਤੇ ਉਬਰ ਕੰਪਨੀ ਦੇ ਡਰਾਈਵਰਾਂ ਵਲੋਂ ਦਿੱਤਾ ਜਾ ਰਿਹਾ ਧਰਨਾ ਨਿਰੰਤਰ ਜਾਰੀ ਹੈ | ਅੱਜ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਪਿੰਦਰ ਸਿੰਘ ਬਰਾੜ ਵਲੋਂ ਦੁਸਹਿਰਾ ਗਰਾਊਾਡ ਵਿਖੇ ਪਹੁੰਚ ਕੇ ਡਰਾਈਵਰਾਂ ਦੇ ਧਰਨੇ ਨੂੰ ਸਮਰਥਨ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਡਰਾਈਵਰਾਂ ਦੇ ਹੱਕ ਵਿਚ ਕੰਪਨੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦਾ ਮਸਲਾ ਜਲਦ ਹੱਲ ਹੋ ਸਕੇ | ਇਸੇ ਦੌਰਾਨ ਆਲ ਕੈਬ ਡਰਾਈਵਰ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਕੰਪਨੀਆਂ ਦੇ ਅਧਿਕਾਰੀਆਂ ਵਲੋਂ ਸਟੇਟ ਟਰਾਂਸਪੋਰਟ ਅਥਾਰਟੀ ਨੂੰ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ, ਜਿਸ ਕਾਰਨ ਇਸ ਦਾ ਖਮਿਆਜ਼ਾ ਡਰਾਈਵਰਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕਿ ਇਹ ਗੱਡੀਆਂ ਡਰਾਈਵਰਾਂ ਨੇ ਆਪ ਖ਼ਰੀਦੀਆਂ ਹੋਈਆਂ ਹਨ ਅਤੇ ਇਨ੍ਹਾਂ ਦੀਆਂ ਕਿਸ਼ਤਾਂ ਵੀ ਅਦਾ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕੰਮ ਠੱਪ ਹੋਣ ਕਾਰਨ ਉਨ੍ਹਾਂ ਨੂੰ ਘਰਾਂ ਦਾ ਗੁਜਾਰਾ ਚਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਟੇਟ ਟਰਾਂਸਪੋਰਟ ਅਥਾਰਟੀ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਵਾਏ ਤਾਂ ਜੋ ਉਨ੍ਹਾਂ ਦੇ ਘਰਾਂ ਦੇ ਚੱੁਲ੍ਹੇ ਮੱਘਦੇ ਰਹਿ ਸਕਣ | ਉਨ੍ਹਾਂ ਕਿਹਾ ਕਿ ਜੇਕਰ ਸਬੰਧਿਤ ਕੰਪਨੀਆਂ ਵਲੋਂ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਨਾ ਕੱਢਿਆ ਗਿਆ ਤਾਂ ਉਹ ਭੁੱਖ ਹੜਤਾਲ 'ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਇੰਦਰਜੀਤ ਸਿੰਘ, ਸੁਰਜੀਤ ਸਿੰਘ, ਮਨਦੀਪ ਸਿੰਘ, ਗੌਰਵ ਲਾਂਬਾ, ਕਮਲਜੀਤ ਸਿੰਘ, ਰੋਹਿਤ, ਜਸਵੰਤ, ਜਸਪ੍ਰੀਤ ਸਿੰਘ, ਨਵੀਨ ਸ਼ਰਮਾ ਤੇ ਗੁਰਸੇਵਕ ਸਿੰਘ ਸਮੇਤ ਹੋਰ ਡਰਾਈਵਰ ਵੀ ਹਾਜ਼ਰ ਸਨ |