ਕੁਦਰਤ ਦੇ ਵਰਤਾਰੇ ਵਿਚ ਹਰ ਨਵੇਂ ਦਿਨ ਦਾ ਸੂਰਜ ਹੀ ਨਵੀਆਂ ਆਸਾਂ ਉਮੰਗਾਂ ਤੇ ਸੁਪਨਿਆਂ ਦੀ ਪ੍ਰਭਾਤ ਲੈ ਕੇ ਚੜ੍ਹਦਾ ਹੈ। ਸਮੇਂ ਦੀ ਕੰਨੀ ਨੂੰ ਕਦੇ ਕੋਈ ਫੜ ਨਹੀਂ ਸਕਿਆ, ਇਸ ਲਈ ਬੀਤਿਆ ਸਮਾਂ ਹੱਥ ਨਹੀਂ ਆਉਂਦਾ। ਜਿਨ੍ਹਾਂ ਦੇ ਮਨਾਂ ਵਿਚ ਅਜਿਹਾ ਅਹਿਸਾਸ ਹੋਵੇ, ਉਹ ਸਮੇਂ ਦੀ ਕਦਰ ਕਰਦਿਆਂ ਆਪਣੀ ਜ਼ਿੰਦਗੀ ਦੇ ਖਾਤੇ ਵਿਚ, ਪ੍ਰਾਪਤੀਆਂ ਤੇ ਖੁਸ਼ੀਆਂ ਦਰਜ ਕਰ ਲੈਂਦੇ ਹਨ। ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਦੇ ਸਫ਼ਰ ਦਾ ਨਾਂਅ ਹੈ ਨਵਾਂ ਸਾਲ। ਉਂਜ ਨਵਾਂ ਇਸ ਵਿਚ ਕੁਝ ਨਹੀਂ ਹੁੰਦਾ। ਜੇ ਮਨਾਂ ਵਿਚ ਨਵੀਆ ਸੋਚਾਂ ਹੋਣ, ਨਵੇਂ ਦਿਸਹੱਦਿਆਂ ਨੂੰ ਚੁੰਮਣ ਦੀ ਤੀਬਰ ਜਗਿਆਸਾ ਹੋਵੇ, ਗਿਆਨ ਰੂਪੀ ਸਮੁੰਦਰ ਵਿਚੋਂ ਕੁਝ ਬੂੰਦਾਂ ਪੀਣ ਦੀ ਅੰਦਰੂਨੀ ਸਿੱਕ ਹੋਵੇ ਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਬਾਵਜੂਦ, ਅੱਖਾਂ ਵਿਚ ਆਕਾਸ਼ ਦੀਆਂ ਨਿਲੱਤਣਾਂ ਨੂੰ ਛੂਹਣ ਦੇ ਸੁਨਹਿਰੀ ਸੁਪਨੇ ਸਮੋਏ ਹੋਣ ਤਾਂ ਹਰ ਦਿਨ ਦਾ ਚੜ੍ਹਦਾ ਸੂਰਜ ਹੀ ਨਵਾਂ ਹੁੰਦਾ ਹੈ। ਉਂਜ ਤਾਂ ਹਰ ਸਾਲ ਹੀ ਦੁਖਦਾਈ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਬੀਤ ਰਹੇ ਸਾਲ 2020 ਨੇ ਤਾਂ ਪੂਰੀ ਦੁਨੀਆ ਨੂੰ ਦੁੱਖਾਂ ਤੇ ਕਸ਼ਟਾਂ ਦੀ ਗਹਿਰੀ ਖੱਡ ਵਿਚ ਸੁੱਟ ਦਿੱਤਾ। ਕੋਰੋਨਾ ਮਹਾਂਮਾਰੀ ਨੇ ਜੀਵਨ ਦੇ ਹਰ ਖੇਤਰ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਇਸ ਦਾ ਅਸਰ ਕਈ ਸਾਲਾਂ ਤੱਕ ਲੋਕ ਮਨਾਂ ਨੂੰ ਤੜਪਾਉਂਦਾ ਰਹੇਗਾ। ਦੁਨੀਆ ਦੇ ਕਹਿੰਦੇ ਕਹਾਉਂਦੇ ਅਮੀਰ ਦੇਸ਼ ਵੀ ਕਰੋਨਾ ਦੇ ਕਹਿਰ ਤੋਂ ਬਚ ਨਹੀਂ ਸਕੇ। ਆਰਥਿਕਤਾ ਡਾਵਾਂਡੋਲ ਹੋ ਗਈ। ਕਰੋੜਾਂ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪਏ। ਭਾਰਤ ਵਰਗੇ ਦੇਸ਼ ਵਿਚ ਤਾਂ ਛੋਟੇ-ਮੋਟੇ ਕਾਰੋਬਾਰ ਹੀ ਬੰਦ ਹੋ ਗਏ। ਸ਼ਹਿਰਾਂ ਵਿਚ ਕੰਮ ਬੰਦ ਹੋਣ ਕਾਰਨ ਲੱਖਾਂ ਕਾਮੇ ਸੈਂਕੜੇ ਮੀਲਾਂ ਦਾ ਸਫ਼ਰ ਪੈਦਲ ਕਰਕੇ, ਭੁੱਖੇ ਤਿਹਾਏ, ਮਸੂਮ ਬੱਚਿਆਂ ਨੂੰ ਨਾਲ ਚੁੱਕੀ ਕੁਝ ਤਾਂ ਰਾਹਾਂ ਦੀ ਮਿੱਟੀ ਬਣ ਗਏ ਤੇ ਕੁਝ ਆਪਣੇ ਘਰਾਂ ਤੱਕ ਪਹੁੰਚੇ। ਕੁਝ ਰੇਲ ਲਾਈਨਾਂ 'ਤੇ ਸੁੱਤੇ ਰੇਲ ਨੇ ਕੁਚਲ ਦਿੱਤੇ, ਕੁਝ ਭੁੱਖ, ਥਕਾਵਟ ਤੇ ਬਿਮਾਰੀ ਦੀ ਹਾਲਤ ਵਿਚ ਘਰ ਦੀਆਂ ਬਰੂਹਾਂ ਤੱਕ ਪਹੁੰਚਦਿਆਂ ਦਮ ਤੋੜ ਗਏ। ਹਕੂਮਤ ਏਨੀ ਸੰਵੇਦਨਹੀਣ ਹੈ ਕਿ ਉਸ ਕੋਲ ਇਨ੍ਹਾਂ ਗ਼ਰੀਬ ਕਿਰਤੀਆਂ ਲਈ ਰਾਹਤ ਦੀ ਕੋਈ ਯੋਜਨਾ ਤਾਂ ਕੀ ਹੋਣੀ ਸੀ, ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਿੰਨੇ ਕੁ ਲੋਕ ਮਾਰੇ ਗਏ ਹਨ। ਪੂਰੇ ਸੰਸਾਰ ਵਿਚ ਕੋਰੋਨਾ ਦੇ ਕਹਿਰ ਨੇ ਦਸੰਬਰ ਦੇ ਤੀਜੇ ਹਫ਼ਤੇ ਤੱਕ ਪੌਣੇ ਦੋ ਕਰੋੜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਮਰੀਕਾ ਤੋਂ ਬਾਅਦ ਦੂਜਾ ਨੰਬਰ ਭਾਰਤ ਦਾ ਹੈ ਜਿੱਥੇ ਡੇਢ ਲੱਖ ਦੇ ਕਰੀਬ ਲੋਕ ਕੋਰੋਨਾ ਦਾ ਖਾਜਾ ਬਣ ਚੁੱਕੇ ਹਨ ਤੇ ਲਗਾਤਾਰ ਬਣ ਰਹੇ ਹਨ। ਕੁਦਰਤ ਨੇ ਮਨੁੱਖ ਨੂੰ ਬਹੁਤ ਗਹਿਰਾ ਝਟਕਾ ਦਿੱਤਾ ਹੈ। ਮਨੁੱਖ ਵਲੋਂ ਕੁਦਰਤ ਉੱਤੇ ਗਲਬਾ ਪਾਉਣ ਦੇ ਸਵਾਰਥੀ ਤੇ ਲਾਲਸਾ ਭਰਪੂਰ ਵਰਤਾਰੇ ਨੂੰ ਕੁਦਰਤ ਨੇ ਇਕ ਝਟਕੇ ਨਾਲ ਹੀ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਦੁਸ਼ਵਾਰੀਆਂ ਨਾਲ ਜੂਝਦੇ ਲੱਖਾਂ ਲੋਕਾਂ ਲਈ ਨਵੇਂ ਸਾਲ ਦੇ ਕੀ ਅਰਥ ਹਨ। ਦੂਜੀ ਇਸ ਸਾਲ ਦੀ ਸਭ ਤੋਂ ਵੱਡੀ ਘਟਨਾ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹੈ। ਸ਼ਾਇਦ ਇਹ ਪਹਿਲਾ ਅਜਿਹਾ ਸੰਘਰਸ਼ ਹੈ, ਜਿਸ ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ। ਪੰਜਾਬ ਦੇ ਕਿਸਾਨਾਂ ਵਲੋਂ, ਕੇਂਦਰ ਵਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼ੁਰੂ ਹੋਇਆ ਇਹ ਸੰਘਰਸ਼ ਹੁਣ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ। ਕਿਸਾਨ ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਤੇ ਡਟੇ ਹੋਏ ਹਨ। ਪੋਹ ਮਹੀਨੇ ਦੀਆਂ ਠੰਢੀਆਂ ਯਖ ਰਾਤਾਂ ਤੇ ਹੋਰ ਅਨੇਕਾਂ ਪ੍ਰੇਸ਼ਾਨੀਆਂ ਦੇ ਬਾਵਜੂਦ ਸੰਘਰਸ਼ੀ ਯੋਧਿਆਂ ਦੀ ਹਿੰਮਤ ਤੇ ਹੌਸਲਾ ਬਰਕਰਾਰ ਹੈ। ਹੁਣ ਇਹ ਲੋਕ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਤੇ ਪੂਰੇ ਸਮਾਜ ਵਲੋਂ ਦਿੱਲੀ ਵਿਚ ਸੰਘਰਸ਼ ਦੀ ਲਾਟ ਨੂੰ ਮਘਾ ਰਹੇ ਯੋਧਿਆਂ ਦੀ ਹਰ ਪੱਖ ਤੋਂ ਹਮਾਇਤ ਤੇ ਸਹਾਇਤਾ ਕੀਤੀ ਜਾ ਰਹੀ ਹੈ। ਕਿਸਾਨ ਆਪਣੇ ਪਰਿਵਾਰਾਂ ਸਮੇਤ, ਬੱਚੇ, ਕੁੜੀਆਂ, ਔਰਤਾਂ, ਬਜ਼ੁਰਗ ਮਾਤਾਵਾਂ, ਬਾਪੂਆਂ ਤੇ ਸੰਘਰਸ਼ ਦੀ ਜਿੰਦ-ਜਾਨ ਬਣੇ ਹੋਏ ਨੌਜਵਾਨ ਗੱਭਰੂ ਤੇ ਮੁਟਿਆਰਾਂ ਗੱਲ ਕੀ ਪੂਰਾ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੇ ਕਿਸਾਨ ਇਸ ਸੰਘਰਸ਼ ਦੀ ਜੋਤ ਨੂੰ ਹਰ ਹੀਲੇ ਮਘਦਾ ਰੱਖਣ ਲਈ, ਸਰਹੱਦਾਂ 'ਤੇ ਡਟੇ ਜਵਾਨਾਂ ਵਾਂਗ ਮੋਰਚਾ ਸੰਭਾਲੀ ਬੈਠੇ ਹਨ। ਛੱਤੀ ਪ੍ਰਕਾਰ ਦੇ ਲੰਗਰ, ਲੱਡੂ, ਜਲੇਬੀਆਂ, ਪਿੰਨੀਆਂ, ਖੀਰਾਂ ਦੇ ਕੜਾਹੇ ਤੇ ਹੋਰ ਲੋੜੀਂਦੀ ਸਮੱਗਰੀ ਪਹੁੰਚਾ ਰਹੇ ਦਰਿਆ-ਦਿਲ ਲੋਕਾਂ ਨੇ ਇਸ ਸੰਘਰਸ਼ ਨੂੰ ਸੰਸਾਰ ਭਰ ਵਿਚ ਨਿਵੇਕਲਾ ਬਣਾਉਣ ਦੀ ਵੱਡੀ ਭੂਮਿਕਾ ਨਿਭਾਈ ਹੈ। ਲੇਖਕਾਂ, ਕਲਾਕਾਰਾਂ, ਖਿਡਾਰੀਆਂ ਤੇ ਹੋਰ ਅਨੇਕਾਂ ਨਾਮਵਰ ਵਿਅਕਤੀਆਂ ਨੇ ਰੋਸ ਵਜੋਂ ਆਪਣੇ ਸਨਮਾਨ ਵਾਪਸ ਕਰਕੇ ਖੇਤਾਂ ਦੇ ਪੁੱਤਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ। ਸਰਕਾਰ ਦੀ ਅੜੀ ਕਾਰਨ ਇਨ੍ਹਾਂ ਧਰਤੀ ਪੁੱਤਰਾਂ ਨੂੰ ਤਾਂ ਸ਼ਾਇਦ ਨਵਾਂ ਸਾਲ ਵੀ ਸੰਘਰਸ਼ ਦੇ ਮੈਦਾਨ ਵਿਚ ਹੀ ਗੁਜ਼ਾਰਨਾ ਪਵੇ। ਸਮਾਜਿਕ ਆਰਥਿਕ ਮਰਦਮ-ਸ਼ੁਮਾਰੀ ਦੇ ਅਨੁਸਾਰ ਅੱਜ ਵੀ ਭਾਰਤ ਮਹਾਨ ਦੇ 7 ਲੱਖ ਪਰਿਵਾਰ ਭੀਖ ਮੰਗ ਕੇ ਅਤੇ 4 ਲੱਖ ਪਰਿਵਾਰ ਕੂੜਾ ਚੁਗ ਕੇ ਜ਼ਿੰਦਗੀ ਦੇ ਸਾਹਾਂ ਨੂੰ ਚਲਦੇ ਰੱਖਣ ਦੇ ਯਤਨਾਂ ਵਿਚ ਹਨ।
ਕਾਸ਼! ਨਵਾਂ ਸਾਲ ਜ਼ਿੰਦਗੀ ਦੇ ਅਜਿਹੇ ਮਰਜੀਵੜਿਆਂ ਲਈ ਸੱਚਮੁੱਚ ਮੁਬਾਰਕ ਬਣ ਸਕੇ। ਜਿਹੜੇ ਕਾਲਖ਼ਾਂ ਦੇ ਪਹਿਰੇ ਨੂੰ ਚਾਨਣ 'ਚ ਬਦਲਣ ਦੇ ਰਾਹ ਤੁਰੇ ਹੋਏ ਨੇ, ਉਨ੍ਹਾਂ ਦੀ ਨਿਸ਼ਠਾ ਤੇ ਹੌਸਲੇ ਨੂੰ ਸਲਾਮ! ਉਹ ਸੱਚਮੁੱਚ ਹੀ ਮੁਬਾਰਕ ਦੇ ਹੱਕਦਾਰ ਹਨ। ਕਾਸ਼ ! ਇਹ ਸਾਲ ਉਨ੍ਹਾਂ ਸਭ ਲੋਕਾਂ ਲਈ ਸਹੀ ਅਰਥਾਂ ਵਿਚ ਮੁਬਾਰਕ ਬਣੇ, ਜਿਨ੍ਹਾਂ ਦੀਆਂ ਅੱਖਾਂ ਵਿਚ ਚਿਰਾਂ ਤੋਂ ਸੁਪਨੇ ਲਟਕ ਰਹੇ ਹਨ।
-ਸੰਪਰਕ : 98153-56086