ਸਮੇਂ ਦਾ ਚੱਕਰ ਵੀ ਮਨੁੱਖੀ ਜੀਵਨ ਵਾਂਗ ਚਲਦਾ ਹੈ। ਦਿਨ ਚੜ੍ਹਦਾ ਹੈ, ਰਾਤ ਪੈ ਜਾਂਦੀ। ਰਾਤ ਦੇ ਬਾਅਦ ਫਿਰ ਦਿਨ ਚੜ੍ਹਦਾ ਹੈ, ਰਾਤ ਪੈ ਜਾਂਦੀ। ਪਲ ਤੋਂ ਮਿੰਟ, ਮਿੰਟਾਂ ਤੋਂ ਘੰਟੇ, ਘੰਟਿਆਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ, ਸਾਲਾਂ ਤੋਂ ਸਦੀਆਂ ਬਣਦੀਆਂ ਹਨ। ਸਮੇਂ ਦਾ ਚੱਕਰ ਇਉਂ ਹੀ ਚਲਦਾ ਰਹਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਮਨੁੱਖੀ ਜੀਵਨ ਦਾ ਚੱਕਰ ਚਲਦਾ ਹੈ। ਬੱਚਾ ਪੈਦਾ ਹੁੰਦਾ ਹੈ, ਲੱਖ ਖੁਸ਼ੀਆਂ ਮਨਾਈਆਂ ਜਾਂਦੀਆਂ। ਬਚਪਨ, ਜਵਾਨੀ ਤੇ ਬੁਢਾਪਾ ਕਿੰਜ ਬੀਤ ਜਾਂਦਾ ਹੈ, ਕੋਈ ਪਤਾ ਨਹੀਂ ਚਲਦਾ। ਇੱਥੇ ਕਈ ਆਏ ਤੇ ਕਈ ਤੁਰ ਗਏ, ਪਰ ਸਮਾਂ ਆਪਣੀ ਰਫ਼ਤਾਰ 'ਤੇ ਤੁਰਿਆ ਜਾਂਦਾ ਹੈ। ਆਧੁਨਿਕ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਨੇ ਸਮੇਂ ਬਾਰੇ ਬਹੁਤ ਸੁੰਦਰ ਸ਼ਬਦਾਂ ਵਿਚ ਲਿਖਿਆ ਹੈ:
ਰਹੀ ਵਾਸਤੇ ਘੱਤ, 'ਸਮੇਂ' ਨੇ ਇਕ ਨ ਮੰਨੀ,
ਫੜ ਫੜ ਰਹੀ ਧਰੀਕ, 'ਸਮੇਂ' ਖਿਸਕਾਈ ਕੰਨੀ...
ਹੋ! ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨ ਮੁੜਕੇ ਆਂਵਦਾ।
ਹੁਣੇ ਜਿਹੇ ਸਾਲ 2023 ਚੜ੍ਹਿਆ ਸੀ, ਯਾਨਿ 365 ਦਿਨ ਬੀਤ ਗਏ। ਓਦੋਂ ਸਾਡੀਆਂ ਆਸਾਂ ਤੇ ਉਮੰਗਾਂ ਕੀ ਸਨ? ਉਨ੍ਹਾਂ ਵਿਚੋਂ ਕਿਹੜੇ ਟੀਚੇ ਹਾਸਿਲ ਕੀਤੇ ਅਤੇ ਕਿਹੜੇ ਬਾਕੀ ਰਹਿ ਗਏ ਹਨ? ਕਿੰਨੀ ਕੁ ਮਿਹਨਤ ਰੰਗ ਲਿਆਈ ਤੇ ਸਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬਾਕੀ ਰਹਿੰਦੇ ਤੇ ਨਵੇਂ ਟੀਚਿਆਂ ਨੂੰ ਹਾਸਿਲ ਕਰ ਸਕੀਏ।
ਨਵੇਂ ਸਾਲ ਦੀ ਪੂਰਵ-ਸੰਧਿਆ 'ਤੇ ਸਾਰੇ ਸੰਸਾਰ ਵਿਚ ਖੂਬ ਰੌਣਕਾਂ ਹੁੰਦੀਆਂ ਹਨ। ਸਾਰੀ ਰਾਤ ਹੀ ਸੱਭਿਆਚਾਰਕ ਪ੍ਰੋਗਰਾਮ ਚਲਦੇ ਰਹਿੰਦੇ ਹਨ। ਰੈਸਟੋਰੈਂਟਾਂ, ਕਲੱਬਾਂ ਅਤੇ ਘਰਾਂ ਵਿਚ ਵੀ ਪੂਰੀ ਰੌਣਕ ਹੁੰਦੀ ਹੈ। ਇਸ ਸ਼ੁੱਭ ਘੜੀ ਦਾ ਪਟਾਕਿਆਂ ਤੇ ਆਤਿਸ਼ਬਾਜ਼ੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ਹਰ ਚਿਹਰਾ ਖੁਸ਼ੀ ਵਿਚ ਝੂਮ ਉਠਦਾ ਹੈ ਅਤੇ ਇਕ ਦੂਸਰੇ ਨੂੰ ਵਧਾਈਆਂ ਦਿੰਦਾ ਹੈ। ਲੋਕ ਇਸ ਦਿਨ ਕੋਈ ਵੀ ਉਲਟਾ-ਸਿੱਧਾ ਕੰਮ ਨਹੀਂ ਕਰਦੇ, ਸਗੋਂ ਪਰਮਾਤਾਮਾ ਅੱਗੇ ਇਹੀ ਅਰਜ਼ੋਈ ਕਰਦੇ ਹਨ ਕਿ ਇਹ ਸਾਰਾ ਸਾਲ ਹੀ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋਵੇ। ਇਸ ਤੋਂ ਜ਼ਿਆਦਾ ਇਹ ਹੈ ਕਿ ਲੋਕ ਇਸ ਦਿਨ ਹੱਕ-ਹਲਾਲ ਦੀ ਕਮਾਈ ਕਰਨਾ ਪਸੰਦ ਕਰਦੇ ਹਨ। ਹੇ ਰੱਬਾ! ਤੂੰ ਹੀ ਕੋਈ ਐਸੀ ਸੋਝੀ ਬਖਸ਼ ਦੇ ਕਿ ਸਾਲ ਦੇ 365 ਦਿਨ ਹੀ ਨਵੇਂ ਸਾਲ ਦੀ ਪੂਰਵ-ਸੰਧਿਆ ਵਾਂਗ ਮਨਾਏ ਜਾਣ ਤਾਂ ਜੋ ਸਾਰੇ ਹੀ ਲੋਕ ਹੱਕ-ਹਲਾਲ ਦੀ ਕਮਾਈ ਕਰਿਆ ਕਰਨ। ਸ. ਗੁਰਬਖਸ਼ ਸਿੰਘ ਦਾ ਕਹਿਣਾ ਹੈ, ਚੰਗਿਆਈ ਕਰਨ ਦੀ ਖਾਹਿਸ਼ ਆਪਣੇ ਆਪ ਵਿਚ ਇਕ ਸਵਰਗੀ ਅਵਸਥਾ ਹੈ।
ਹਰੇਕ ਦੇਸ਼, ਪ੍ਰਾਂਤ, ਇਲਾਕੇ ਦਾ ਆਪੋ-ਆਪਣਾ ਸੱਭਿਆਚਾਰ ਹੁੰਦਾ ਹੈ ਤੇ ਉਹ ਆਪੋ-ਆਪਣੇ ਵਿਰਸੇ ਦੇ ਹਿਸਾਬ ਨਾਲ ਹਰ ਦਿਨ-ਤਿਉਹਾਰ ਮਨਾਉਂਦੇ ਹਨ। ਭਾਰਤ ਆਪਣੀ ਬੁੱਕਲ 'ਚ ਗੌਰਵਮਈ ਵਿਰਸਾ ਸਮੋਈ ਬੈਠਾ ਹੈ। ਨਵਾਂ ਵਰ੍ਹਾ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਹੈ, ਪਰ ਇੱਥੋਂ ਦੇ ਵਸਨੀਕ ਪੱਛਮੀ ਸ਼ੈਲੀ ਮੁਤਾਬਕ ਪਹਿਲੀ ਜਨਵਰੀ ਨੂੰ 'ਨਵੇਂ ਵਰ੍ਹੇ ਵਜੋਂ ਖ਼ੁਸ਼ਆਮਦੀਦ' ਆਖਦੇ ਹੋਏ ਵਧਾਈਆਂ ਦਿੰਦੇ ਹਨ, ਤੋਹਫ਼ੇ ਦਿੰਦੇ ਹਨ ਤੇ ਹੋਰ ਵੀ ਕਈ ਪ੍ਰਕਾਰ ਦੇ ਧਾਰਮਿਕ, ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਭਾਵੇਂ ਜਾਗਰੂਕਤਾ ਦੀ ਹਨੇਰੀ ਝੁੱਲ ਰਹੀ ਹੈ, ਪਰ ਲੋਕ ਕੁਦਰਤ ਨਾਲ ਛੇੜ-ਛਾੜ ਕਰਨੋਂ ਨਹੀਂ ਹੱਟਦੇ। ਚਾਰੇ ਪਾਸੇ ਧੂੰਆਂ ਹੀ ਧੂੰਆਂ ਹੈ, ਬੀਮਾਰੀਆਂ ਦਾ ਹੜ੍ਹ ਆਇਆ ਹੋਇਆ ਹੈ। ਬ੍ਰਹਿਮੰਡ ਦਾ ਤਾਪਮਾਨ ਵਧ ਜਾਣ ਦੇ ਕਾਰਨ ਹੀ ਵਾਤਾਵਰਨ ਵਿਚ ਵੱਡੀ ਤਬਦੀਲੀ ਆਈ ਹੈ। ਇਹ ਸਾਰਾ ਕੁਝ ਜ਼ਹਿਰਲੀਆਂ ਗੈਸਾਂ ਦੇ ਕਾਰਨ ਹੀ ਹੁੰਦਾ ਹੈ, ਜੋ ਰਸਾਇਣਕ ਜ਼ਹਿਰਾਂ ਤੋਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਘਟੀ ਨਹੀਂ, ਸਗੋਂ ਵਧੀ ਹੈ। ਇਨ੍ਹਾਂ ਜ਼ਹਿਰਾਂ ਨੇ ਧਰਤੀ-ਮਾਂ ਦੀ ਉਪਜਾਊ ਸ਼ਕਤੀ ਹੀ ਖ਼ਤਮ ਕਰ ਦਿੱਤੀ ਹੈ, ਜਿਸ ਦੇ ਫਲਸਰੂਪ ਅੱਜ ਇਹ ਬੰਜਰ ਬਣਦੀ ਜਾ ਰਹੀ ਹੈ। ਕੂੜਾ-ਕਰਕਟ ਦੇ ਢੇਰ, ਦੂਸ਼ਿਤ ਪਾਣੀ ਦੇ ਇਲਾਵਾ ਵੀ ਹੋਰ ਬਹੁਤ ਸਾਰੀਆਂ ਵਸਤੂਆਂ ਜ਼ਿੰਮੇਵਾਰ ਹਨ ਜੋ ਜ਼ਹਿਰਲੀਆਂ ਗੈਸਾਂ ਪੈਦਾ ਕਰਦੀਆਂ ਹਨ। ਭਾਵੇਂ ਭਾਰਤ ਵਿਚ ਵੀ ਗੱਡੀਆਂ ਬਦਲਵੇਂ ਊਰਜਾ ਦੇ ਬਾਲਣ ਨਾਲ ਚੱਲਣੀਆਂ ਸ਼ੁਰੂ ਹੋ ਗਈਆਂ ਹਨ, ਪਰ ਪ੍ਰਦੂਸ਼ਣ 'ਤੇ ਕਾਬੂ ਪਾਉਣਾ ਅਜੇ ਦੂਰ ਦੀ ਗੱਲ ਹੈ।
ਸਰਕਾਰਾਂ ਕਹਿੰਦੀਆਂ ਕੁੱਝ, ਕਰਦੀਆਂ ਕੁਝ ਹੋਰ। ਕਾਨੂੰਨ ਸਭ ਲਈ ਇਕ ਹੋਣਾ ਚਾਹੀਦਾ ਹੈ, ਭਾਵੇਂ ਉਹ ਮੰਤਰੀ ਹੋਵੇ ਜਾਂ ਸੰਤਰੀ। ਇਸ ਕਰਕੇ ਹੀ ਵੱਢ-ਟੁੱਕ ਹੋ ਰਹੀ ਹੈ। ਨੌਜਵਾਨ ਪੀੜ੍ਹੀ ਵਿਚੋਂ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ, ਕੁਝ ਨਸ਼ਿਆਂ 'ਤੇ ਲੱਗ ਗਏ ਤੇ ਕੁਝ ਪੁੱਠੇ ਪੈਰੀਂ ਚੱਲ ਪਏ ਹਨ। ਲੁੱਟਾਂ-ਖੋਹਾਂ, ਚੋਰੀਆਂ, ਡਾਕੇ, ਝਪਟਾਂ ਮਾਰਨੀਆਂ, ਧਾਰਮਿਕ ਬੇਅਦਬੀਆਂ ਕਰਨੀਆਂ ਆਦਿ, ਆਦਿ। ਕਰਜ਼ਾਈ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਜਿਸ ਬੰਦੇ ਨੂੰ ਦੋ ਵੇਲੇ ਦੀ ਰੋਟੀ ਨਹੀਂ ਜੁੜਦੀ, ਉਹਨੂੰ ਕੀ ਭਾਅ ਹੈ, ਭਾਵੇਂ 15 ਅਗਸਤ ਹੋਵੇ ਜਾਂ 26 ਜਨਵਰੀ।
'ਕੱਲਾ ਭਾਰਤ ਹੀ ਨਹੀਂ, ਸਗੋਂ ਸੰਸਾਰ ਦੇ ਸਾਰੇ ਦੇਸ਼ ਪ੍ਰਦੂਸ਼ਣ, ਅੱਤਵਾਦ, ਭ੍ਰਿਸ਼ਟਾਚਾਰ, ਆਰਥਿਕ ਮੰਦੀ, ਆਦਿ ਮੁੱਦਿਆਂ ਨਾਲ ਜੂਝ ਰਹੇ ਹਨ। 'ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ'। ਭਾਵੇਂ ਭਾਰਤ, ਨੂੰ ਆਜ਼ਾਦੀ ਮਿਲਿਆਂ 75 ਸਾਲ ਹੋ ਗਏ ਹਨ, ਪ੍ਰੰਤੂ ਭ੍ਰਿਸ਼ਟਾਚਾਰ ਰੁਕਣ ਦਾ ਨਾਂ ਨਹੀਂ ਲੈਂਦਾ। ਰਾਜਨੀਤੀ ਦੇ ਉੱਚ-ਗਲਿਆਰਿਆਂ ਵਿਚ ਦਿਨ-ਪ੍ਰਤੀ-ਦਿਨ ਵਧਦਾ ਹੀ ਜਾ ਰਿਹਾ ਹੈ, ਸਮਾਜ ਨੂੰ ਖੋਖਲਾ ਕਰ ਰਿਹਾ ਹੈ। ਮਨੁੱਖ ਵਿਚ ਐਨੀ ਸ਼ਕਤੀ ਹੈ ਕਿ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਤੁਸੀਂ ਪ੍ਰਣ ਕਰ ਲਵੋ ਕਿ ਇਹ ਕੰਮ ਕਰਨਾ ਹੀ ਕਰਨਾ ਹੈ, ਫਿਰ ਤਾਂ ਸਫ਼ਲਤਾ ਤੁਹਾਡੇ ਪੈਰਾਂ ਵਿਚ ਹੋਵੇਗੀ। ਪਰ, ਇਸ ਦੇ ਲਈ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਦਿਨ-ਰਾਤ ਇਕ ਕਰਨਾ ਪੈਂਦਾ ਹੈ। ਦੁਨੀਆਂ ਦੇ ਫਾਲਤੂ ਰੁਝੇਵੇਂ ਛੱਡਣੇ ਪੈਂਦੇ ਹਨ। ਗੱਲ ਤਾਂ ਇੱਥੇ ਨਿੱਬੜਦੀ ਹੈ ਕਿ ਇਕ ਸੱਚੇ-ਸੁਚੇ ਤਪੱਸਵੀ ਦੀ ਤਰ੍ਹਾਂ ਜੀਵਨ ਹੰਢਾਇਆਂ ਹੀ ਸਫਲਤਾ ਮਿਲਦੀ ਹੈ। ਐਵੇਂ ਨਹੀਂ ਲੋਕ ਕਹਿੰਦੇ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ।
ਆਓ, ਸਾਰੇ ਹੀ ਕਾਮਨਾ ਕਰੀਏ ਕਿ ਇਹ ਨਵਾਂ ਸਾਲ ਸਭ ਲਈ ਭਾਗਾਂ ਭਰਿਆ ਹੋਵੇ, ਸਾਰੇ ਹੀ ਲੋਕ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਦੀ ਡੋਰੀ ਵਿਚ ਬੱਝੇ ਰਹਿਣ ਤਾਂ ਜੋ ਚਾਰੇ ਪਾਸੇ ਪਿਆਰ ਹੀ ਪਿਆਰ ਹੋਵੇ ਅਤੇ ਸਾਰੀ ਦੁਨੀਆਂ ਫੁੱਲਾਂ ਵਾਂਗ ਮੁਸਕਰਾਉਂਦੀ ਰਹੇ।
# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983