16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2024

ਨਵੇਂ ਵਰ੍ਹੇ 'ਚ, ਨਵੇਂ ਇਰਾਦੇ, ਨਵੇਂ ਸੰਕਲਪ

Ad Position 21
repet_subhas-goyals [Copy P29]
ਅਜੀਤ ਡੈਸਕ 01-01-2024

ਨਵਾਂ ਸਾਲ ਸਭਨਾਂ ਲਈ ਖ਼ੁਸ਼ੀਆਂ-ਖੇੜੇ ਅਤੇ ਬਰਕਤਾਂ ਵਾਲਾ ਹੋਵੇ, ਇਸੇ ਦੁਆ ਨਾਲ ਸ਼ੁਰੂਆਤ ਕਰਦੇ ਹਾਂ। ਆਓ! ਇਸ ਵਰ੍ਹੇ ਕੁਝ ਆਪਣੇ ਲਈ ਖਾਸ ਕਰੀਏ। ਉਹ ਛੋਟੇ-ਛੋਟੇ ਬਦਲਾਅ ਜਿਹੜੇ ਜ਼ਿੰਦਗੀ ਨੂੰ ਹੁਸੀਨ, ਖੂਬਸੂਰਤ, ਮਾਨਣਯੋਗ ਅਤੇ ਰਵਾਨਗੀ ਵਿਚ ਰੱਖਣ।
ਜ਼ਿੰਦਗੀ ਸੌਖੀ ਤਾਂ ਕਿਸੇ ਲਈ ਵੀ ਨਹੀਂ ਹੁੰਦੀ, ਜੱਦੋ-ਜਹਿਦ ਤਾਂ ਹਰ ਕਿਸੇ ਦੇ ਹਿੱਸੇ ਆਉਂਦੀ ਹੀ ਹੈ, ਕਿਤੇ ਸਰੀਰਕ ਤੇ ਕਿਤੇ ਮਾਨਸਿਕ। ਸਾਡੀ ਜ਼ਿੰਦਗੀ ਦਾ ਤਾਣਾ-ਬਾਣਾ ਸਾਡੀਆਂ ਸੋਚਾਂ ਨਾਲ ਹੀ ਤਾਂ ਜੁੜਿਆ ਹੁੰਦਾ ਹੈ। ਸੋਚਾਂ ਨਾਲ ਹੀ ਭਾਵਨਾਵਾਂ ਬਣਦੀਆਂ ਹਨ ਤੇ ਭਾਵਨਾਵਾਂ ਹੀ ਸਾਡੀ ਤਾਕਤ। ਆਪਣੇ ਜਜ਼ਬਾਤ ਦੀ ਕਦਰ ਬਹੁਤ ਮਾਇਨੇ ਰੱਖਦੀ ਹੈ। ਅੰਦਰੂਨੀ ਤਾਕਤ ਬਾਹਰਲੀ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਆਪਣੀ ਸੋਚ ਨੂੰ ਹਰ ਹਾਲਾਤ ਵਿਚ ਸਾਕਾਰਾਤਮਿਕ ਰੱਖੀਏ। ਸਹੀ ਤੇ ਸੁਲਝੀ ਸੋਚ ਹੀ ਜ਼ਿੰਦਗੀ ਨੂੰ ਆਸਾਨ ਬਣਾਉਂਦੀ ਹੈ। ਫਜ਼ੂਲ ਦੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਨਾ ਹੀ ਚੰਗਾ ਹੁੰਦਾ ਹੈ। ਛੋਟੇ-ਛੋਟੇ ਬਦਲਾਅ ਹੀ ਹਾਲਾਤ ਦਾ ਰੁਖ਼ ਬਦਲ ਦਿੰਦੇ ਹਨ। ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਹੀ ਖ਼ੁਸ਼ਹਾਲੀ ਬਣ ਜਾਂਦੀਆਂ ਹਨ।
ਜ਼ਿੰਦਗੀ ਦੇ ਸਾਰੇ ਰੰਗਾਂ ਦਾ ਲੁਤਫ਼ ਲੈਣ ਲਈ ਵੱਸੋਂ ਬਾਹਰਲੀਆਂ ਗੱਲਾਂ ਦੀ ਚਿੰਤਾ ਛੱਡ ਦੇਣਾ ਹੀ ਚੰਗਾ ਹੁੰਦਾ ਹੈ। 'ਅੱਜ' ਵਿਚ ਹੀ ਜਿਊਣ ਨੂੰ ਤਰਜੀਹ ਦੇਈਏ, ਕੱਲ੍ਹ ਦਾ ਕੀ ਭਰੋਸਾ? ਦੋ ਸਾਹਾਂ ਦੀ ਖੇਡ ਹੀ ਤਾਂ ਹੈ ਜ਼ਿੰਦਗੀ। ਪਿਛਲੇ ਕੁਝ ਕੁ ਸਾਲਾਂ ਤੋਂ ਰਿਸ਼ਤਿਆਂ ਵਿਚੋਂ ਅਪਣੱਤ, ਪਿਆਰ-ਮੁਹੱਬਤ, ਸਾਂਝ, ਨਿੱਘ, ਲਿਆਕਤ ਅਤੇ ਮਿਠਾਸ ਮਨਫ਼ੀ ਹੁੰਦੀ ਜਾ ਰਹੀ ਹੈ। ਖ਼ੂਬਸੂਰਤ ਰਿਸ਼ਤੇ ਹੀ ਜ਼ਿੰਦਗੀ ਨੂੰ ਖੂਬਸੂਰਤੀ ਬਖ਼ਸ਼ਦੇ ਹਨ। ਦੂਜਿਆਂ ਦੀਆਂ ਖ਼ੁਸ਼ੀਆਂ ਵਿਚ ਵੀ ਦਿਲੋਂ ਖ਼ੁਸ਼ ਹੋਈਏ ਤੇ ਆਪਣੀ ਰੂਹ ਨੂੰ, ਫ਼ਿਤਰਤ ਨੂੰ ਅਮੀਰ ਬਣਾਈਏ। ਦੁਨੀਆ ਦੀ ਅਮੀਰੀ ਨਾਲੋਂ ਰੂਹ ਦੀ ਅਮੀਰੀ ਕਿਤੇ ਵੱਧ ਸਕੂਨ ਦਿੰਦੀ ਹੈ। ਦੂਜਿਆਂ ਦੇ ਜਜ਼ਬਾਤ ਦੀ ਵੀ ਕਦਰ ਕਰੀਏ ਤੇ ਦਿਲ ਦੁਖਾਉਣ ਤੋਂ ਬਚੇ ਰਹੀਏ। ਇਸ ਜਹਾਨ ਵਿਚ ਸਭ ਨੂੰ ਸਭ ਕੁਝ ਨਹੀਂ ਮਿਲਦਾ। ਕਿਸੇ ਨੇ ਬੜਾ ਖ਼ੂਬਸੂਰਤ ਕਿਹਾ ਹੈ:
ਹਰ ਜਜ਼ਬਾਤ ਕੋ ਜ਼ਿੰਦਗੀ ਮੇਂ ਜ਼ੁਬਾਂ ਨਹੀਂ ਮਿਲਤੀ
ਹਰ ਆਰਜੂ ਕੋ ਜ਼ਿੰਦਗੀ ਮੇਂ ਦੁਆ ਨਹੀਂ ਮਿਲਤੀ।
ਮੁਸਕਰਾਹਟ ਬਨਾਏ ਰਖੋ ਤੋ ਦੁਨੀਆ ਸਾਥ ਹੈ ਦੋਸਤੋ
ਆਂਸੂਓਂ ਕੋ ਤੋ ਆਖੋਂ ਮੇਂ ਭੀ ਪਨਾਹ ਨਹੀਂ ਮਿਲਤੀ।
ਕਹਿੰਦੇ ਹਨ ਕਿ 'ਆਸਮਾਨ' ਕੋਲ ਵੀ ਆਪਣੀ ਜ਼ਮੀਂ ਨਹੀਂ ਹੁੰਦੀ। ਇਸ ਲਈ ਸਬਰ, ਸੰਤੋਖ ਤੇ ਸ਼ੁਕਰ ਨਾਲ ਆਪੋ-ਆਪਣੀ ਜ਼ਿੰਦਗੀ ਦਾ ਆਨੰਦ ਮਾਣੀਏ।

-ਪਟਿਆਲਾ। ਮੋ : 99147-49855

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਸੂਰਜ ਨੇ ਘੁੰਡ ਚੁੱਕ ਕੇ ...
Ad Position 24