ਅੱਜ ਹਰ ਪਾਸਿਉਂ ਵਧਾਈਆਂ ਆਉਣ ਲੱਗੀਆਂ |
ਪੌਣਾਂ ਪਹਿਲੇ ਪਾਤਸ਼ਾਹ ਦੇ ਗੀਤ ਗਾਉਣ ਲੱਗੀਆਂ |
ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਾ ਦਿਹਾੜਾ ਆਇਆ
ਖ਼ੁਸ਼ੀ ਵਿਚ ਝੂਮ ਰੂਹਾਂ ਪੈਲਾਂ ਪਾਉਣ ਲੱਗੀਆਂ |
ਸਾਰੀ ਕਾਇਨਾਤ ਵਿਚ ਛਾ ਗਿਆ ਖ਼ੁਮਾਰ ਕੋਈ
ਝੂਮ ਝੂਮ ਆਤਮਾਵਾਂ ਨਸ਼ਿਆਉਣ ਲੱਗੀਆਂ |
ਚੰਨ ਅਤੇ ਤਾਰਿਆਂ ਨੇ ਝਿਲਮਿਲੀ ਨਾਚ ਪਾਇਆ
ਸੂਰਜੀ ਸ਼ੁਆਵਾਂ ਚਾਨਣੀ ਵਿਛਾਉਣ ਲੱਗੀਆਂ |
ਸਾਰਿਆਂ ਦੇ ਸਾਂਝੇ ਸਤਿਗੁਰੂ ਜੀ ਦੇ ਪਿਆਰ ਵਿਚ
ਯਾਦਾਂ ਦੀਆਂ ਸੀਤਲ ਘਟਾਵਾਂ ਛਾਉਣ ਲੱਗੀਆਂ |
ਰੰਗ ਰਸ ਰੂਪ ਖ਼ੁਸ਼ਬੂਆਂ ਅਤੇ ਰੌਸ਼ਨੀਆਂ
ਧੰਨ ਨਿਰੰਕਾਰ ਦੀਆਂ ਬਾਤਾਂ ਪਾਉਣ ਲੱਗੀਆਂ |
ਸਾਰੀ ਹੀ ਮਨੁੱਖਤਾ ਹੈ ਸ਼ੁਕਰਾਂ 'ਚ ਭਰੀ ਹੋਈ
ਅਦਬਾਂ ਦੇ ਮੋਤੀ ਅੱਖਾਂ ਬਰਸਾਉਣ ਲੱਗੀਆਂ |
ਧਰਤੀ ਦਾ ਕੋਨਾ ਕੋਨਾ ਮਹਿਕ ਰਿਹਾ ਯਾਦ ਵਿਚ
ਅੱਜ ਵੀ ਉਡੀਕਾਂ ਸੁੱਚਾ ਪੀੜ੍ਹਾ ਡਾਹੁਣ ਲੱਗੀਆਂ |
ਭਿੱਜ ਗਈਆਂ ਰੂਹਾਂ ਸੱਚੇ ਪਾਤਸ਼ਾਹ ਦੇ ਪਿਆਰ ਵਿਚ
ਮਿਹਰਾਂ ਤੇ ਮੁਹੱਬਤਾਂ ਨੇ ਯਾਦ ਆਉਣ ਲੱਗੀਆਂ |
ਲੱਖਾਂ ਹੀ ਡੰਡਉਤਾਂ ਮੇਰੇ ਸਾਹਿਬਾਂ ਦੇ ਚਰਨਾਂ 'ਚ
ਸਾਰੀਆਂ ਫ਼ਿਜ਼ਾਵਾਂ ਅੱਜ ਮੁਸਕਾਉਣ ਲੱਗੀਆਂ |
ਗੁਰ ਨਾਨਕ ਸਭ ਕੇ ਸਿਰਤਾਜਾ
ਅਜੀਤ ਡੈਸਕ
15-11-2024