ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਦੀ ਲੋੜ

Ad Position 21
No active advertisement
ਅਜੀਤ ਡੈਸਕ 05-11-2025

ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਸਾਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਪਰ ਇਹ ਵੀ ਦੇਖਣ ਵਿਚ ਆਇਆ ਹੈ ਕਿ ਸਮਾਗਮ ਵਿਚ ਲੋਕਾਈ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਨ ਦੀ ਥਾਂ ਵਿਖਾਵਾ ਵਧੇਰੇ ਕੀਤਾ ਜਾਂਦਾ ਹੈ | ਸੰਗਤ ਨੂੰ ਗੁਰੂ ਜੀ ਦੇ ਉਪਦੇਸ਼ਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ | ਇਸ ਦੀ ਡਾਢੀ ਲੋੜ ਹੈ ਕਿਉਂਕਿ ਪੰਜਾਬ ਦੇ ਬਹੁਤੇ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ | ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੀ ਵੇਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਰਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ | ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ | ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ | ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ | ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ | ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਕਰਦੇ ਸਨ, ਸਗੋਂ ਸਮੇਂ ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ | ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨਾਂਦੇੜ ਤੋਂ ਤੁਰੇ ਸਨ ਤਾਂ ਉਨ੍ਹਾਂ ਕੋਲ ਕੇਵਲ ਪੰਜ ਤੀਰ, ਇਕ ਨਗਾਰਾ, ਇਕ ਨਿਸ਼ਾਨ ਸਾਹਿਬ ਤੇ ਪੰਜ ਸਿੰਘ ਸਨ ਪਰ ਉਨ੍ਹਾਂ ਕੋਲ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਗੁਰੂ ਜੀ ਵਲੋਂ ਬਖ਼ਸ਼ੀ ਅੰਮਿ੍ਤ ਦੀ ਦਾਤ ਅਤੇ ਗੁਰੂ ਜੀ ਦਾ ਥਾਪੜਾ ਸੀ ਤੇ ਉਹ ਸੰਸਾਰ ਦੇ ਸਭ ਤੋਂ ਵੱਡੇ ਸਮਰਾਟ ਨਾਲ ਟੱਕਰ ਲੈਣ ਚੱਲੇ ਸਨ | ਉਨ੍ਹਾਂ ਕੇਵਲ ਜ਼ਾਲਮਾਂ ਨੂੰ ਸਬਕ ਹੀ ਨਹੀਂ ਸਿਖਾਇਆ ਸਗੋਂ ਖਾਲਸਾ ਰਾਜ ਕਾਇਮ ਕਰਕੇ ਵਿਖਾਇਆ |
ਮਹਾਰਾਜਾ ਰਣਜੀਤ ਸਿੰਘ ਕੇਵਲ 12 ਵਰਿ੍ਹਆਂ ਦੇ ਸਨ ਜਦੋਂ ਉਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਪੋਤਰੇ ਨੂੰ ਕਰਾਰੀ ਹਾਰ ਦਿੱਤੀ | ਹਜ਼ਾਰ ਸਾਲ ਜਿਸ ਰਾਹ ਤੋਂ ਆ ਕੇ ਧਾੜਵੀ ਭਾਰਤ ਨੂੰ ਲੁੱਟਦੇ ਰਹੇ ਸਨ, ਮੁੜ ਉਸ ਪਾਸਿਓਾ ਆਉਣ ਦੀ ਕਿਸੇ ਜੁਰੱਅਤ ਨਹੀਂ ਕੀਤੀ | ਸਿੱਖ ਧਰਮ ਸਭ ਤੋਂ ਨਵਾਂ ਧਰਮ ਹੈ ਪਰ ਜਿਤਨੀਆਂ ਸ਼ਹੀਦੀਆਂ ਗੁਰੂ ਦੇ ਸਿੰਘਾਂ ਨੇ ਦਿੱਤੀਆਂ, ਹੋਰ ਕਿਸੇ ਧਰਮ ਵਿਚ ਅਜਿਹਾ ਨਹੀਂ ਹੋਇਆ | ਹਜ਼ਾਰਾਂ ਨਹੀਂ ਲੱਖਾਂ ਸਿੰਘਾਂ ਨੇ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਕਦੇ ਬੁਜ਼ਦਿਲੀ ਨਹੀਂ ਵਿਖਾਈ | ਹੁਣ ਪੰਜਾਬ ਦੇ ਹੀ ਸਿੱਖ ਬੁਜ਼ਦਿਲੀ ਦੀ ਮਿਸਾਲ ਬਣ ਰਹੇ ਹਨ | ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ | ਕਿਰਤ ਵਲੋਂ ਮੂੰਹ ਮੋੜ ਗ਼ਲਤ ਢੰਗ ਨਾਲ ਪੈਸਾ ਕਮਾਉਣਾ ਪੰਜਾਬੀਆਂ ਦੇ ਕਿਰਦਾਰ ਦਾ ਹਿੱਸਾ ਬਣਦਾ ਜਾ ਰਿਹਾ ਹੈ | ਪੰਜਾਬ ਵਿਚ ਕੋਈ ਵੀ ਵਸਤੂ ਜਿਵੇਂ ਕਿ ਦੁੱਧ, ਦਹੀਂ, ਪਨੀਰ, ਸਬਜ਼ੀਆਂ, ਫਲ, ਮਠਿਆਈਆਂ ਆਦਿ ਦਾ ਸ਼ੁੱਧ ਰੂਪ ਵਿਚ ਮਿਲਣਾ ਮੁਸ਼ਕਿਲ ਹੋ ਗਿਆ ਹੈ | ਹਰ ਪਾਸੇ ਰਿਸ਼ਵਤਖੋਰੀ ਦਾ ਬੋਲਬਾਲਾ ਹੈ | ਇਸ ਦਾ ਮੁੱਖ ਕਾਰਨ ਸਿੱਖੀ ਦਾ ਪ੍ਰਚਾਰ ਘਟਿਆ ਹੈ | ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ | ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ | ਇਸ ਦੇ ਨਾਲ ਹੀ ਲੋਕਾਂ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ | ਜਿਹੜੇ ਸਿੱਖ ਪਰਿਵਾਰ ਸਚਮੁੱਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ | ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ | ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ ਘਰਾਂ ਨੂੰ ਆਲੀਸ਼ਾਨ ਬਣਾਉਣ ਉਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ |
ਇਹ ਵੇਖਣ ਵਿਚ ਆਇਆ ਹੈ ਕਿ ਗ਼ਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ | ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ | ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ ਤਾਂ ਜੋ ਉਹ ਮੁੜ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ |
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ ਅਤੇ ਕਰਮ ਕਾਂਡਾਂ ਦੀ ਥਾਂ ਗੁਰਉਪਦੇਸ਼ ਵੱਲ ਮੋੜਨ ਦੀ ਲੋੜ ਹੈ | ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ | ਪਿੰਡਾਂ ਦੇ ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ | ਗੁਰੂ ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ | ਇੰਝ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ | ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ |
ਖੁਦਕੁਸ਼ੀਆਂ ਬਹੁਤੇ ਸਿੱਖ ਕਿਸਾਨ ਹੀ ਕਰ ਰਹੇ ਹਨ | ਕਰਜ਼ਾ ਤਾਂ ਕਿਸਾਨ ਦੇ ਸਿਰ ਮੁੱਢ ਕਦੀਮ ਤੋਂ ਹੀ ਚੜਿ੍ਹਆ ਰਿਹਾ ਹੈ, ਉਦੋਂ ਸਾਂਝੇ ਪਰਿਵਾਰ ਹੋਣ ਕਰਕੇ ਬਹੁਤੀ ਘਬਰਾਹਟ ਨਹੀਂ ਸੀ ਹੁੰਦੀ | ਸਾਰੇ ਪਰਿਵਾਰ ਦੀ ਸਾਂਝੀ ਜ਼ਿੰਮੇਵਾਰੀ ਹੋਣ ਕਰਕੇ ਮਾਨਸਿਕ ਤਣਾਅ ਏਨਾ ਨਹੀਂ ਸੀ ਹੁੰਦਾ ਕਿ ਖੁਦਕੁਸ਼ੀ ਦੀ ਨੌਬਤ ਆ ਜਾਵੇ | ਉਦੋਂ ਪਰਿਵਾਰ ਦੇ ਮੈਂਬਰ ਆਪੋ ਵਿਚ ਖੁੱਲ੍ਹ ਕੇ ਗੱਲਾਂ ਕਰਦੇ ਸਨ | ਪੁਰਾਣੇ ਸਮਿਆਂ ਵਿਚ ਘਰਾਂ ਅੰਦਰ ਕੀਟ ਨਾਸ਼ਕ ਜ਼ਹਿਰਾਂ ਵੀ ਨਹੀਂ ਸਨ | ਜੇਕਰ ਕੋਈ ਆਪਣੀ ਜਾਨ ਦੇਣਾ ਵੀ ਚਾਹੁੰਦਾ ਸੀ ਤਾਂ ਉਸ ਨੂੰ ਸੋਚਣਾ ਪੈਂਦਾ ਸੀ ਕਿ ਉਹ ਮਰਨ ਦਾ ਕਿਹੜਾ ਢੰਗ ਅਪਣਾਏ | ਬਹੁਤੇ ਅਦਾਰਿਆਂ ਵਲੋਂ ਇਹ ਮੰਗ ਕੀਤੀ ਗਈ ਹੈ ਕਿ ਕਿਸਾਨ ਕਰਜ਼ੇ ਮੁਆਫ਼ ਕਰ ਦਿੱਤੇ ਜਾਣ | ਪਿਛਲੀ ਕਾਂਗਰਸ ਸਰਕਾਰ ਨੇ ਵੀ ਕਰਜ਼ੇ ਮੁਆਫ਼ ਕੀਤੇ ਸਨ ਪਰ ਖੁਦਕੁਸ਼ੀਆਂ ਤਾਂ ਉਵੇਂ ਹੀ ਹੋ ਰਹੀਆਂ ਹਨ | ਇਸ ਕਰਕੇ ਕਿਸੇ ਸਥਾਈ ਹੱਲ ਲੱਭਣ ਦੇ ਯਤਨ ਜ਼ਰੂਰੀ ਹਨ | ਸਿੱਖ ਸੰਸਥਾਵਾਂ ਵਲੋਂ ਕਿਸਾਨ ਸਹਾਇਤਾ ਕੇਂਦਰ ਬਣਾਏ ਜਾਣ | ਇਥੇ ਸੂਝਵਾਨ, ਲੋਕ ਹਿਤੈਸ਼ੀ ਸਮਾਜ ਸੇਵਕਾਂ ਨੂੰ ਸਲਾਹਕਾਰ ਰੱਖਿਆ ਜਾਵੇ | ਇਨ੍ਹਾਂ ਕੇਂਦਰਾਂ ਵਿਚ ਪੀੜਤ ਕਿਸਾਨ ਜਾਂ ਖੇਤ ਮਜ਼ਦੂਰ ਬਿਨਾਂ ਝਿਜਕ ਆ ਕੇ ਆਪਣੇ ਦੁੱਖ ਨੂੰ ਸਾਂਝਾ ਕਰ ਸਕਦਾ ਹੋਵੇ | ਸੰਬੰਧਿਤ ਕਿਸਾਨ ਦੇ ਸੱਚ ਤੋਂ ਸਾਰਾ ਪਿੰਡ ਹੀ ਜਾਣੂ ਹੁੰਦਾ ਹੈ | ਅਜਿਹੇ ਦੁਖੀ ਪਰਿਵਾਰ ਨੂੰ ਆਰਥਿਕ ਤੰਗੀ ਵਿਚੋਂ ਕੱਢਣ ਲਈ ਇਸ ਕੇਂਦਰ ਵਲੋਂ ਇਕ ਵਿਆਪਕ ਤੇ ਅਮਲੀ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰੀ ਜਾ ਸਕੇ | ਅਜਿਹੇ ਕਿਸਾਨਾਂ ਦੀ ਸਰਕਾਰ ਵਲੋਂ ਵੀ ਆਰਥਿਕ ਸਹਾਇਤਾ ਕੀਤੀ ਜਾਵੇ | ਠੀਕ ਢੰਗ ਨਾਲ ਦਿੱਤੀ ਸਲਾਹ ਵੀ ਕਾਰਗਰ ਸਿੱਧ ਹੁੰਦੀ ਹੈ |
ਮੇਰੀ ਉਮਰ ਦੇ ਬੰਦੇ ਜਾਣਦੇ ਹਨ ਕਿ ਪਿਛਲੇ ਸਮਿਆਂ ਵਿਚ ਕਿਸੇ ਵੀ ਪਰਿਵਾਰ ਦੇ ਦੁੱਖ-ਸੁੱਖ ਸਮੇਂ ਸਾਰਾ ਭਾਈਚਾਰਾ ਸਹਾਇਤਾ ਕਰਦਾ ਸੀ | ਹੁਣ ਸਾਰਾ ਕੁਝ ਠੇਕੇਦਾਰ ਕਰਦੇ ਹਨ | ਭਾਈਚਾਰਾ ਵੀ ਦਿਨ ਦੇ ਦਿਨ ਹੀ ਹਾਜ਼ਰ ਹੁੰਦਾ ਹੈ | ਖ਼ਰਚਾ ਵਧ ਗਿਆ ਹੈ | ਖੁਸ਼ੀ ਗ਼ਾਇਬ ਹੋ ਗਈ ਹੈ | ਉਦੋਂ ਸ਼ਰੀਕੇ ਵਿਚ ਜਾਂ ਰਿਸ਼ਤੇਦਾਰੀ ਵਿਚ ਵਿਆਹ ਦਾ ਚਾਅ ਚੜ੍ਹ ਜਾਂਦਾ ਸੀ | ਸਾਦਗੀ ਸੀ ਆਪੋ ਵਿਚ ਪਿਆਰ ਸੀ ਤੇ ਸਾਰੇ ਰਲ ਕੇ ਅਨੰਦ ਮਾਣਦੇ ਸਨ | ਹੁਣ ਵਿਖਾਵਾ ਭਾਰੂ ਹੋ ਰਿਹਾ ਹੈ | ਭਾਈਚਾਰੇ ਦਾ ਸਾਥ ਲੈਣ ਦੀ ਥਾਂ ਉਨ੍ਹਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ | ਇਸ ਰੁਝਾਨ ਨੂੰ ਰੋਕਣ ਵਿਚ ਵੀ ਧਾਰਮਿਕ ਆਗੂ ਵਧੀਆ ਯੋਗਦਾਨ ਪਾ ਸਕਦੇ ਹਨ | ਉਨ੍ਹਾਂ ਨੂੰ ਆਪ ਵਿਖਾਵੇ ਤੋਂ ਦੂਰ ਹੋ ਕੇ ਸਾਦਗੀ ਅਪਣਾਉਣੀ ਚਾਹੀਦੀ ਹੈ ਤਾਂ ਜੋ ਉਹ ਦੂਜਿਆਂ ਲਈ ਪ੍ਰੇਰਨਾ ਬਣ ਸਕਣ |
ਗੁਰੂ ਜੀ ਨੇ ਕਿਰਤ ਨੂੰ ਮਹਾਨਤਾ ਬਖਸ਼ੀ ਜਿਸ ਨਾਲ ਪੰਜਾਬੀ ਸੰਸਾਰ ਦੇ ਸਭ ਤੋਂ ਵਧੀਆ ਕਿਰਤੀ ਬਣੇ | ਗੁਰੁ ਜੀ ਦਾ ਹੁਕਮ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ¨
ਨਾਨਕ ਰਾਹੁ ਪਛਾਣਹਿ ਸੇਇ¨
(ਅੰਗ : 1245)
ਇਸ ਵਰ੍ਹੇ ਲੋਕਾਂ ਨੂੰ ਕਿਰਤ ਕਰਨ, ਵਿਖਾਵੇ ਤੋਂ ਦੂਰ, ਨਸ਼ਿਆਂ, ਰਿਸ਼ਵਤਖੋਰੀ ਅਤੇ ਹੇਰਾਫੇਰੀ ਤੋਂ ਤੌਬਾ ਕਰਨ ਦੇ ਰਾਹ ਪਾਇਆ ਜਾਵੇ | ਮੁੜ ਸਿੱਖੀ ਕਿਰਦਾਰ ਨੂੰ ਬਹਾਲ ਕਰੀਏ ਜਿਸ ਦੀ ਤਾਰੀਫ਼ ਦੁਸ਼ਮਣਾਂ ਨੂੰ ਵੀ ਕਰਨੀ ਪਈ ਸੀ ਤੇ ਜਿਸ ਕਰਕੇ ਸਿੱਖਾਂ ਦਾ ਸਾਰੀ ਦੁਨੀਆ ਸਤਿਕਾਰ ਕਰਦੀ ਸੀ | ਇਸ ਪਾਸੇ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ | ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ | ਹੁਣ ਵਿਆਹ-ਸ਼ਾਦੀਆਂ ਤਾਂ ਦੂਰ ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ | ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ | ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ | ਜਿਥੋਂ ਤੱਕ ਹੋ ਸਕੇ ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ | ਅਸਲ ਵਿਚ ਭਾਈਚਾਰੇ ਦੀ ਲੋੜ ਹੀ ਇਸ ਕਰਕੇ ਪਈ ਸੀ ਕਿ ਲੋੜ ਸਮੇਂ ਇਕ ਦੂਜੇ ਦੀ ਸਹਾਇਤਾ ਕੀਤੀ ਜਾਵੇ | ਘੱਟੋ ਘੱਟ ਸਿੱਖ ਧਰਮ ਦੇ ਆਗੂਆਂ ਨੂੰ ਇਸ ਪਾਸੇ ਪਹਿਲ ਕਰਨੀ ਚਾਹੀਦੀ ਹੈ | ਇਹ ਯਤਨ ਕੀਤਾ ਜਾਵੇ ਕਿ ਕੋਈ ਗੁਰੂ ਦਾ ਸਿੱਖ ਗ਼ਰੀਬੀ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਵੇ | ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ | ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ | ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋਟ ਨਹੀਂ ਆਈ | ਇਸੇ ਤਰ੍ਹਾਂ ਗ਼ਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ | ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗ਼ਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਵੀ ਨਹੀਂ ਆਵੇਗੀ | ਇਹੋ ਸਭ ਤੋਂ ਵੱਡੀ ਸੇਵਾ ਹੈ | ਗੁਰੂ ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਸੰਗਤਾਂ ਨੂੰ ਗੁਰਉਪਦੇਸ਼ਾਂ ਨਾਲ ਜ਼ਰੂਰ ਜੋੜਿਆ ਜਾਵੇ | ਸਿੱਖੀ ਦੀ ਪ੍ਰਚਾਰ ਮੁਹਿੰਮ ਨੂੰ ਕੇਵਲ ਕੀਰਤਨ ਦਰਬਾਰ ਜਾਂ ਨਗਰ ਕੀਰਤਨ ਤਕ ਸੀਮਿਤ ਨਾ ਰੱਖਿਆ ਜਾਵੇ ਸਗੋਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਿਆ ਜਾਵੇ | ਉਹ ਪ੍ਰਚਾਰਕ ਰੱਖੇ ਜਾਣ ਜਿਹੜੇ ਆਪ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਣ | ਪ੍ਰਚਾਰਕਾਂ ਅਤੇ ਆਗੂਆਂ ਦੇ ਕਿਰਦਾਰ ਦਾ ਸੰਗਤ ਵਧੇਰੇ ਪ੍ਰਭਾਵ ਕਬੂਲਦੀ ਹੈ | ਪੰਜਾਬ ਦੇ ਲੋਕ ਕਿਰਤ ਤੋਂ ਦੂਰ ਹੋ ਰਹੇ ਹਨ ਤੇ ਗ਼ਲਤ ਢੰਗਾਂ ਨਾਲ ਪੈਸਾ ਕਮਾਉਣ ਦਾ ਯਤਨ ਕਰਨ ਲੱਗ ਪਏ ਹਨ | ਗੁਰੂ ਸਾਹਿਬ ਨੇ ਵੀ ਰਿਸ਼ਵਤਖੋਰੀ ਵਿਰੁੱਧ ਮੁਹਿੰਮ ਛੇੜੀ ਸੀ | ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਪਣਾਉਣ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਸਾਰੇ ਸੰਸਾਰ ਨੂੰ ਇਸ ਜੀਵਨ ਜਾਚ ਦੀ ਜਾਣਕਾਰੀ ਦਿੱਤੀ ਜਾਵੇ | •

Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਅਗਲੀ ਖ਼ਬਰ ਸਮਾਜ ਉਸਰੱਈਏ ਸਨ ਸਤਿਗੁਰੂ ਨਾਨਕ
Ad Position 24
No active advertisement