ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸਮਾਜ ਉਸਰੱਈਏ ਸਨ ਸਤਿਗੁਰੂ ਨਾਨਕ

Ad Position 21
No active advertisement
ਅਜੀਤ ਡੈਸਕ 05-11-2025

ਸਾਇੰਸਦਾਨ ਹੁਣ ਇਹ ਖੋਜ ਕਰ ਰਹੇ ਹਨ ਕਿ ਸੰਸਾਰ ਦੀ ਹਰ ਵਸਤੂ, ਭਾਵੇਂ ਉਹ ਨਿੱਕੀ ਤੋਂ ਨਿੱਕੀ ਹੋਵੇ ਜਾਂ ਵੱਡੀ ਤੋਂ ਵੱਡੀ, ਵਿਚ ਇਕੋ ਜਿਹੇ ਅਸੂਲ ਕੰਮ ਕਰਦੇ ਹਨ, ਜਦਕਿ ਸਤਿਗੁਰੂ ਨਾਨਕ ਦੇਵ ਜੀ ਇਹ ਗੱਲ ਛੇ ਸੌ ਸਾਲ ਪਹਿਲਾਂ ਕਹਿ ਗਏ ਸਨ ਕਿ ਇਸ ਬ੍ਰਹਿਮੰਡ ਨੂੰ ਚਲਦੇ ਰੱਖਣ ਵਿਚ ਹਰ ਸ਼ੈ ਆਪੋ-ਆਪਣਾ ਯੋਗਦਾਨ ਪਾਉਂਦੀ ਹੈ | ਕੁਦਰਤ ਦੀ ਹਰ ਚੀਜ਼ ਕਿ੍ਆਸ਼ੀਲ ਹੈ ਅਤੇ ਸਾਰਾ ਬ੍ਰਹਿਮੰਡ ਹੀ ਵਿਕਾਸ ਵੱਲ ਵੱਧ ਰਿਹਾ ਹੈ | ਇੱਥੋਂ ਤੀਕਰ ਕਿ ਇੱਕ ਨਿੱਕਾ ਜਿਹਾ ਬੂਟਾ ਵੀ ਫੁੱਲ-ਫਲ ਤੱਕ ਅੱਪੜਨ ਦੀ ਕੋਸ਼ਿਸ਼ ਕਰਦਾ ਹੈ; ਬੀਜ ਪੁੰਗਰਦਾ ਹੈ, ਬੂਟਾ ਬਣਦਾ ਹੈ, ਫੁੱਲ ਖਿੜਦਾ ਹੈ ਅਤੇ ਬ੍ਰਹਿਮੰਡ ਵਿਚ ਸੁਹੱਪਣ, ਖੇੜਾ, ਮਹਿਕ ਅਤੇ ਖੁਸ਼ੀਆਂ ਦੀ ਵਰਖਾ ਕਰਦਾ ਹੈ | ਗੁਰੂ ਜੀ ਤਾਂ ਇੱਥੋਂ ਤੀਕਰ ਵੀ ਕਹਿ ਗਏ ਸਨ ਕਿ ਜੋ ਅਸੂਲ਼ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ, ਓਹੀ ਮਨੁੱਖੀ ਸਰੀਰ ਵਿਚ | ਜੋ ਬ੍ਰਹਮੰਡਿ ਖੰਡਿ ਸੋ ਜਾਣਹੁ¨ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ:1041) | ਗੱਲ ਕੀ, ਸਤਿਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਮਹਾਨ ਦਾਰਸ਼ਨਿਕ ਗੁਰੂ ਹੋਏ ਹਨ, ਜਿਨ੍ਹਾਂ ਨੇ ਕੁਦਰਤ ਦੇ ਸਹਿਯੋਗ ਤੇ ਸਹਿ-ਵਿਚਰਨ ਦੀ ਕਲਾ ਦਾ ਭੇਦ ਖੋਲਿ੍ਹਆ ਹੈ |
ਸਤਿਗੁਰੂ ਨਾਨਕ ਦੇਵ ਜੀ ਰੱਬੀ ਨੂਰ, ਗਿਆਨ ਦੇ ਸਾਗਰ, ਉੱਚ-ਕੋਟੀ ਦੇ ਵਿਦਵਾਨ, ਸਮਾਜ ਸੁਧਾਰਕ, ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ | ਭਾਈ ਗੁਰਦਾਸ ਜੀ ਗੁਰੂ ਜੀ ਦੇ ਆਗਮਨ ਦਿਵਸ ਬਾਰੇ ਇਉਂ ਫੁਰਮਾਉਂਦੇ ਹਨ:
ਸਤਿਗੁਰੂ ਨਾਨਕ ਪ੍ਰਗਟਿਆ,
ਮਿਟੀ ਧੁੰਦ ਜਗ ਚਾਨਣ ਹੋਆ¨
ਜਿਉਂ ਕਰ ਸੂਰਜ ਨਿਕਲਿਆ,
ਤਾਰੈ ਛਪੈ ਅੰਧੇਰ ਪਲੋਆ¨
(ਵਾਰ 1, ਪਉੜੀ 27)

ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਹਰ ਪਹਿਲੂ ਨੂੰ ਛੂਹਿਆ ਅਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ | ਮਲਿਕ ਭਾਗੋ ਨੂੰ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਦੀ ਉਦਾਹਰਣ ਦੇ ਕੇ ਹੱਕ-ਹਲਾਲ ਦੀ ਕਮਾਈ ਕਰਨ ਵੱਲ ਲਾਇਆ | ਪੰਡਿਤਾਂ-ਯੋਗੀਆਂ ਨੂੰ ਝੂਠੇ ਕਰਮ-ਕਾਂਡਾਂ ਤੇ ਭੇਖਾਂ, ਸਮਾਧੀਆਂ, ਸਰੀਰ ਨੂੰ ਕਸ਼ਟ ਦੇਣ ਵਾਲੇ ਤਰੀਕਿਆਂ ਨੂੰ ਤਿਆਗਣ ਅਤੇ ਸੱਚੀ ਭਗਤੀ ਕਰਨ ਦਾ ਉਪਦੇਸ਼ ਦਿੱਤਾ | ਐਮਨਾਬਾਦ ਵਿਖੇ ਪੰਡਿਤ ਦੁਨੀ ਚੰਦ ਨੂੰ ਪਿਤਰ ਪੂਜਾ ਦੀ ਅਸਲੀਅਤ ਦੱਸਦਿਆਂ ਉਸ ਨੂੰ ਗਿਆਨ ਕਰਵਾਇਆ ਕਿ ਪਿਤਰ ਪੂਜਾ ਵਿਅਰਥ ਹੈ | ਪਾਕ ਪਟਨ ਵਿਖੇ ਸ਼ੇਖ ਇਬਰਾਹੀਮ ਨੂੰ ਇਹ ਦੱਸਿਆ ਕਿ ਸਾਰੇ ਮਨੁੱਖ ਇਕੋ ਜਿਹੇ ਹਨ ਅਤੇ ਨਸਲ ਦੇ ਆਧਾਰ 'ਤੇ ਕੋਈ ਵੱਡਾ-ਛੋਟਾ ਨਹੀਂ ਹੈ | ਇਸੇ ਤਰ੍ਹਾਂ ਹੀ ਸੱਜਣ ਠੱਗ ਨੂੰ ਠੱਗੀਆਂ ਛੱਡ ਕੇ ਸਮੁੱਚੇ ਸਮਾਜ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ |
ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਹਰਿਦੁਆਰ, ਇਲਾਹਾਬਾਦ, ਬਨਾਰਸ, ਗਇਆ, ਜਗਨ ਨਾਥਪੁਰੀ, ਮਥਰਾ ਆਦਿਕ ਤੀਰਥਾਂ 'ਤੇ ਗਏ ਤੇ ਲੋਕਾਈ ਨੂੰ ਸੱਚੇ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ | ਸੁਮੇਰ ਪਰਬਤ 'ਤੇ ਰਹਿ ਰਹੇ ਸਿੱਧ-ਯੋਗੀਆਂ ਨੂੰ ਗ੍ਰਹਿਸਥੀ ਜੀਵਨ ਦੀ ਮਹਾਨਤਾ ਦੱਸੀ ਕਿ ਕਿਵੇਂ ਮਿਹਨਤ ਦੇ ਨਾਲ-ਨਾਲ ਹੀ ਰੱਬ ਨੂੰ ਯਾਦ ਕੀਤਾ ਜਾ ਸਕਦਾ ਹੈ | ਕਸ਼ਮੀਰ ਵਿਖੇ ਪੰਡਿਤ ਬ੍ਰਹਮ ਦੱਤ ਨੂੰ ਸਮਝਾਇਆ ਕਿ ਕੇਵਲ ਕਿਤਾਬੀ ਗਿਆਨ ਨਾਲ ਹੀ ਪ੍ਰਭੂ ਖੁਸ਼ ਨਹੀਂ ਹੁੰਦਾ, ਉਹ ਤਾਂ ਸਿਰਫ਼ ਸੱਚੀ-ਸੁੱਚੀ ਭਗਤੀ 'ਤੇ ਖੁਸ਼ ਹੁੰਦਾ ਹੈ | ਮੱਕੇ ਵਿਚ ਜਾ ਕੇ ਕਾਜ਼ੀਆਂ ਨੂੰ ਦੱਸਿਆ ਕਿ ਅਕਾਲ ਪੁਰਖ ਦੀ ਹੋਂਦ ਹਰ ਪਾਸੇ ਹੈ | ਗੁਰੂ ਜੀ ਨੇੇ ਸਮਕਾਲੀ ਬਾਦਸ਼ਾਹਾਂ ਵਿਚ ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹੀਮ ਲੋਧੀ, ਬਾਬਰ ਅਤੇ ਹਮਾਯੂੰ ਨੂੰ ਵੀ ਸਿੱਧੇ ਰਸਤੇ ਪਾਇਆ, ਜੋ ਲੋਕਾਂ 'ਤੇ ਕਹਿਰ ਕਮਾ ਰਹੇ ਸਨ |
ਜਦੋਂ ਗੁਰੂ ਜੀ ਸੁਲਤਾਨਪੁਰ (ਪੰਜਾਬ) ਵਿਖੇ ਵੇਈਾ ਨਦੀ ਤੋਂ ਤੀਸਰੇ ਦਿਨ ਬਾਹਰ ਆਏ ਤਾਂ ਇਹੀ ਨਾਅਰਾ ਦਿੱਤਾ ਸੀ, 'ਨਾ ਕੋਈ ਹਿੰਦੂ, ਨਾ ਮੁਸਲਮਾਨ' | ਸਾਰੀ ਸਿ੍ਸ਼ਟੀ ਇਕ ਹੀ ਅਕਾਲ ਪੁਰਖ ਦੀ ਰਚਨਾ ਹੈ | ਸਭ ਮਨੁੱਖ ਬਰਾਬਰ ਹਨ | ਇੱਥੇੇ ਹੀ ਗੁਰੂ ਜੀ ਨੇ ਸ਼ਾਹੀ ਮਸਜਿਦ ਵਿਚ ਜਾ ਕੇ ਸੱਚੀ ਭਗਤੀ ਦਾ ਉਪਦੇਸ਼ ਦਿੰਦਿਆਂ ਕਾਜ਼ੀ-ਮੁੱਲਾਂ ਸਮੇਤ ਸਾਰਿਆਂ ਨੂੰ ਸਮਝਾਇਆ, 'ਜੇ ਮਨ ਭਗਤੀ ਵਿਚ ਨਹੀਂ ਜੁੜਿਆ ਤਾਂ ਭਗਤੀ ਕਰਨ ਦਾ ਕੋਈ ਫ਼ਾਇਦਾ ਨਹੀਂ' |
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 974 ਪਦੇ ਤੇ ਸਲੋਕ ਦਰਜ ਹਨ | ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਦਰਜ ਹੈ ਤੇ ਇਨ੍ਹਾਂ ਬਾਣੀਆਂ ਦਾ ਨਿੱਤਨੇਮ ਵੀ ਕੀਤਾ ਜਾਂਦਾ ਹੈ | ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ ਅਜੋਕੇ ਜ਼ਮਾਨੇ ਵਿਚ ਵੀ ਲੋਕਾਈ ਦਾ ਮਾਰਗ-ਦਰਸ਼ਕ ਕਰ ਰਹੀ ਹੈ |
ਸ੍ਰੀ ਜਪੁਜੀ ਸਾਹਿਬ ਜੀ ਦੇ ਸਮਾਪਤੀ ਵਾਲੇ ਸਲੋਕ ਵਿਚ ਗੁਰੂ ਜੀ ਵਾਤਾਵਰਨ ਨੂੰ ਸੰਭਾਲਣ ਦਾ ਉਪਦੇਸ਼ ਦਿੰਦੇ ਹਨ:
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ¨
ਦਿਵਸੁ ਰਾਤਿ ਦੁਇ ਦਾਈ
ਦਾਇਆ ਖੇਲੈ ਸਗਲ ਜਗਤੁ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ: 8)

ਹਵਾ (ਪਵਣੁ) ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਤਿਕਾਰਿਆ ਗਿਆ ਹੈ | ਪਰ, ਅੱਜ ਦੇਖੋ, ਕੀ ਹੋ ਰਿਹਾ? ਪ੍ਰਦੂਸ਼ਣ ਹੀ ਮਨੁੱਖ ਨੂੰ ਖਾ ਰਿਹਾ ਹੈ |
ਸਤਿਗੁਰੂ ਜੀ ਇਹ ਸੱਚਾਈ ਪਹਿਲਾਂ ਹੀ ਪ੍ਰਗਟ ਕਰ ਚੁੱਕੇ ਹਨ, ਜਦ ਕਿ ਵਿਗਿਆਨੀਆਂ ਨੇ ਆਪਣੀ ਵਿਕਾਸ ਥਿਊਰੀ ਰਾਹੀਂ ਹੁਣ ਸਵੀਕਾਰ ਕੀਤਾ ਹੈ ਕਿ ਸਭ ਤੋਂ ਪਹਿਲਾਂ ਜੀਵ ਦੀ ਉਤਪੱਤੀ ਪਾਣੀ ਵਿਚ ਹੋਈ ਅਤੇ ਇਸੇ ਕਾਰਨ ਹੀ ਸੰਸਾਰ ਦਾ ਕੋਈ ਵੀ ਜੀਵ ਜੰਤੂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ |
ਪਹਿਲਾ ਪਾਣੀ ਜੀਉ ਹੈ
ਜਿਤੁ ਹਰਿਆ ਸਭੁ ਕੋਇ ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ: 472)

ਗੁਰਬਾਣੀ ਵਿਚ ਵੀ ਔਰਤ ਨੂੰ ਬਹੁਤ ਆਦਰ-ਮਾਣ ਦਿੱਤਾ ਗਿਆ ਹੈ ਅਤੇ ਮਰਦ ਦੇ ਬਰਾਬਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ | ਸਤਿਗੁਰੂ ਜੀ ਫੁਰਮਾਉਂਦੇ ਹਨ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ: 473)
ਇੱਥੋਂ ਤੀਕਰ ਕਿ ਸਭ ਗੁਰੂਆਂ-ਪੀਰਾਂ ਨੇ ਔਰਤ ਨੂੰ ਗੌਰਵਮਈ ਦਰਜਾ ਦਿੱਤਾ ਹੈ | ਅੱਜ ਦੀ ਔਰਤ ਕਿਸੇ ਵੀ
ਖੇਤਰ ਵਿਚ ਮਰਦ ਨਾਲੋਂ ਪਿੱਛੇ ਨਹੀਂ ਹੈ | ਬੀਬੀ ਭਾਨੀ ਦਾ ਨਾਮ ਗੁਰੂ ਪਤਨੀ ਅਤੇ ਗੁਰੂ ਮਾਤਾ ਦੇ ਰੂਪ ਵਿਚ ਸਨਮਾਣਯੋਗ ਹੈ | ਇਸ ਤੋਂ ਇਲਾਵਾ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਭਾਗ ਕੌਰ ਜੀ ਆਦਿ ਜਿਨ੍ਹਾਂ ਨੇ ਸਮਾਜ ਦੀ ਰੂਪ-ਰੇਖਾ ਹੀ ਬਦਲ ਦਿੱਤੀ ਹੈ |
ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਰ ਨੂੰ ਮਿਲੇ ਤਾਂ ਬਾਬਰ ਨੇ ਅੱਗੋਂ ਕਿਹਾ:
'ਮੈਥੋਂ ਕੁਝ ਮੰਗ ਲਉ' |
ਸਤਿਗੁਰੂ ਜੀ ਨੇ ਉਤਰ ਦਿੱਤਾ :
'ਹੇ ਬਾਬਰ! ਜਿਸ ਤੋਂ ਤੂੰ ਮੰਗਦਾ ਹੈਂ,
ਅਸੀਂ ਵੀ ਉਸ ਤੋਂ ਮੰਗ ਲਵਾਂਗੇ |
ਜਿਸ ਨੇ ਇਹ ਸਰੀਰ ਬਖ਼ਸ਼ਿਆ,
ਹੋਰ ਉਸ ਤੋਂ ਕੀ ਮੰਗੀਏ' |

ਗੁਰੂ ਨਾਨਕ ਦੇਵ ਜੀ 'ਆਸਾ ਦੀ ਵਾਰ' ਵਿਚ ਫ਼ੁਰਮਾਨ ਕਰਦੇ ਹਨ ਕਿ ਸੂਤਕ, ਸਰਾਧ, ਜੰਞੂ ਪਾਉਣ ਦੀ ਰੀਤ ਆਦਿ ਸਭ ਵਿਅਰਥ ਹਨ | ਸਭ ਰਿਸ਼ੀਆਂ-ਮੁਨੀਆਂ, ਗੁਰੂਆਂ-ਪੈਗੰਬਰਾਂ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਪਰਮਾਤਮਾ ਦੁਆਰਾ ਬਖ਼ਸ਼ੀ ਹੋਈ ਦਾਤ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਸਬਰ-ਸੰਤੋਖ ਦੀ ਜ਼ਿੰਦਗੀ ਜਿਊਣੀ ਚਾਹੀਦੀ ਹੈ |
ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ, 'ਮਨੁੱਖ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਪਰਮਾਤਮਾ ਨੇ ਹਰੇਕ ਜੀਵ-ਜੰਤੂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ |
ਨਾਨਕ ਚਿੰਤਾ ਮਤ ਕਰਹੁ
ਚਿੰਤਾ ਤਿਸ ਹੀ ਹੇਇ ¨
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ: 955)

ਸਾਨੂੰ ਸਭ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ | ਸੰਜਮ ਤੇ ਸੰਤੋਖ ਭਰਿਆ ਜੀਵਨ ਹੀ ਆਤਮਿਕ ਸ਼ਾਂਤੀ ਬਖਸ਼ਦਾ ਹੈ | ਜੇ ਜ਼ਿੰਦਗੀ ਵਿਚ ਭਟਕਣਾ ਖ਼ਤਮ ਹੋ ਜਾਵੇ, ਫਿਰ ਤਾਂ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇਗੀ ਅਤੇ ਮਨ ਟਿਕਾਊ ਵਿਚ ਆ ਜਾਵੇਗਾ; ਅਸੀਂ ਆਪਣੇ ਦੇਸ਼, ਕੌਮ ਤੇ ਸਮਾਜ ਨੂੰ ਬੁਲੰਦੀਆਂ 'ਤੇ ਪਹੁੰਚਾ ਸਕਦੇ ਹਾਂ |

-# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋਬਾਈਲ : 94170-01983

Ad Position 22
No active advertisement
ਪਿਛਲੀ ਖ਼ਬਰ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਦੀ ਲੋੜ ਅਗਲੀ ਖ਼ਬਰ ਗੁਰੂ ਨਾਨਕ ਬਾਣੀ ਅਤੇ ਔਰਤ ਦੇ ਅਧਿਕਾਰਾਂ ਦੀ ਚੇਤਨਾ
Ad Position 24
No active advertisement