ਨਾਨਕ ਸਾਹਿਬ ਨੂੰ ਬਾਬਾ ਗੁਰੂੂ ਨਾਨਕ ਅਤੇ ਫਿਰ ਬਾਬਾ ਗੁਰੂ ਨਾਨਕ ਤੋਂ 'ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ' ਬਣਾਉਣ ਵਿਚ, ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਬਹੁਤ ਵੱਡਾ ਹੱਥ ਸੀ | ਇਹ ਵੀ ਸੱਚ ਹੈ ਕਿ ਬਾਬਾ ਨਾਨਕ ਦੀ ਆਮਦ ਤੋਂ ਪਹਿਲਾਂ ਬੇਬੇ ਨਾਨਕੀ ਜੀ ਇਸ ਧਰਤੀ 'ਤੇ ਆਏ ਸਨ | ਬਾਬਾ ਨਾਨਕ ਜੀ ਦੇ ਪੈਗ਼ੰਬਰੀ ਸਰੂਪ ਨੂੰ ਪਹਿਲੀ ਵਾਰ ਨਿਹਾਰਨ, ਪਹਿਚਾਨਣ ਅਤੇ ਮਾਨਤਾ ਪ੍ਰਦਾਨ ਕਰਨ ਦਾ ਸੁਭਾਗ ਵੀ ਸ਼ਾਇਦ ਭੈਣ ਨਾਨਕੀ ਨੂੰ ਹੀ ਹਾਸਲ ਹੋਇਆ ਸੀ | ਭੈਣ ਨਾਨਕੀ ਦਾ ਆਪਣੇ ਛੋਟੇ ਵੀਰ ਨਾਲ ਪਿਆਰ ਭਰਿਆ ਨਿੱਘਾ ਰਿਸ਼ਤਾ, ਭੈਣ-ਭਰਾ ਦੇ ਆਦਰਸ਼ ਪਿਆਰ ਦਾ ਲਖਾਇਕ ਹੈ | ਬਚਪਨ ਤੋਂ ਬਾਅਦ ਹੋਸ਼ ਸੰਭਾਲਣ ਵਾਲੀ ਉਮਰ ਵਿਚ ਜਦੋਂ ਬਾਬਾ ਨਾਨਕ ਜੀ ਦੀ ਨਿਰੰਕਾਰੀ ਸੋਚਧਾਰਾ, ਉਨ੍ਹਾਂ ਦੇ ਪਿਤਾ ਜੀ ਦੀ ਸੰਸਾਰੀ ਸੋਚਧਾਰਾ ਨੂੰ ਬਹੁਤੀ ਪਸੰਦ ਨਾ ਆਈ ਤਾਂ ਐਸੀ ਤਣਾਓ ਵਾਲੀ ਸਥਿਤੀ ਵਿਚ, ਸੁਲਤਾਨਪੁਰ ਲੋਧੀ ਵਿਆਹੀ ਉਨ੍ਹਾਂ ਦੀ ਵੱਡੀ ਭੈਣ ਨਾਨਕੀ ਅਤੇ ਭਾਈਆ ਜੈ ਰਾਮ ਜੀ ਦਾ ਘਰ ਅਤੇ ਦਿਲ ਦਾ ਬਾਗ਼ ਬਾਬਾ ਨਾਨਕ ਦੇ ਤੇਜੱਸਵੀ ਵਿਅਕਤਿੱਤਵ ਦੇ ਹੋਰ ਮੌਲਣ ਅਤੇ ਨਿੱਖਰਨ ਦਾ ਸਾਜ਼ਗਾਰ ਟਿਕਾਣਾ ਬਣਿਆ |
ਭੈਣ ਅਤੇ ਜੀਜੇ ਕੋਲ ਰਹਿੰਦਿਆਂ, ਗਿਰਹੀ ਮਾਹਿ ਉਦਾਸੀ ਵਾਲੇ ਨਿਰਾਲੇ ਮਾਰਗ 'ਤੇ ਚਲਦਿਆਂ, ਸਤਿਗੁਰਾਂ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਦੇ ਮੋਦੀਖ਼ਾਨੇ ਵਿਚ ਨੌਕਰੀ ਕਰਕੇ ਜਿੱਥੇ ਇਕ ਪਾਸੇ ਆਮ ਦੁਨੀਆਦਾਰਾਂ ਵਾਂਗ ਸੰਸਾਰ ਦੀ ਕਾਰ ਨੂੰ ਬਾਖ਼ੂਬੀ ਨਿਭਾਇਆ, ਉੱਥੇ 'ਤੇਰਾ ਤੇਰਾ' ਤੋਲ ਕੇ ਰੂਹਾਨੀ ਬੰਦਗੀ ਦੇ ਆਪਣੇ ਅਨੋਖੇ ਤੇਜੱਸਵੀ ਸਫ਼ਰ ਨੂੰ ਵੀ ਨਿਰੰਤਰ ਜਾਰੀ ਰੱਖਿਆ | ਪਤਨੀ ਸੁਲੱਖਣੀ ਜੀ ਨੂੰ ਵਿਆਹੁਣ ਲਈ ਬਟਾਲੇ ਢੁੱਕੀ ਬਾਬਾ ਨਾਨਕ ਜੀ ਦੀ ਜੰਝ ਵੀ, ਉਨ੍ਹਾਂ ਦੀ ਪਿਆਰੀ ਭੈਣ ਦੇ ਘਰੋਂ ਸੁਲਤਾਰਪੁਰ ਲੋਧੀ ਤੋਂ ਹੀ ਰਵਾਨਾ ਹੋਈ | ਵਿਆਹ ਪਿੱਛੋਂ ਗ੍ਰਹਿਸਥ ਆਸ਼ਰਮ ਦਾ ਨਿਭਾਅ ਅਤੇ ਨਿਰਬਾਹ ਵੀ ਸੁਲਤਾਨਪੁਰ ਲੋਧੀ ਵਿਖੇ ਹੀ ਕੀਤਾ | ਦੋ ਲਿਸ਼ਕਾਰੇ ਵਾਲੇ ਸਪੁੱਤਰਾਂ ਦੀ ਪੈਦਾਇਸ਼ ਵੀ ਇੱਥੇ ਹੀ ਹੋਈ | ਇਥੇ ਹੀ ਉਨ੍ਹਾਂ 'ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ' ਵਾਲਾ ਸਮੁੱਚਾ ਅਤਿ ਰਹੱਸਮਈ, ਕੀਮਤੀ ਅਤੇ ਰਮਜ਼ ਭਰਪੂਰ ਰੂਹਾਨੀ ਘਟਨਾਕ੍ਰਮ ਵੀ ਇਸੇ ਪਾਵਨ ਧਰਤੀ 'ਤੇ ਹੀ ਵਾਪਰਿਆ |
ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ ਭਾਰਤ ਜਾਂ ਹਿੰਦੁਸਤਾਨ ਦੀ ਧਰਤੀ 'ਤੇ ਪੈਦਾ ਹੋਣ ਵਾਲੇ ਨਿਆਰੇ 'ਨਿਰਮਲ ਪੰਥ' (ਸਿੱਖ ਧਰਮ/ਗੁਰਮਤਿ) ਦੇ ਬਾਨੀ ਹੋਣ ਕਾਰਨ, ਬਾਬਾ ਨਾਨਕ ਜੀ ਮੂਲ ਰੂਪ ਵਿਚ ਇਕ ਮਹਾਨ ਦਰਵੇਸ਼-ਸ਼ਾਇਰ, ਦਾਰਸ਼ਨਿਕ, ਸੰਗੀਤਕਾਰ ਅਤੇ ਧਾਰਮਿਕ ਰਹਿਬਰ ਜਾਂ ਧਰਮ-ਗੁਰੂ ਹਨ |
ਧਰਮ ਕੀ ਹੈ? ਧਰਮ ਦਾ ਰਾਹ ਕੀ ਹੈ? ਸਾਡੀ ਜਾਚੇ ਧਰਮ ਮੂਲ ਮਨੁੱਖੀ ਫ਼ਰਜ਼ ਹੈ | ਇਹ ਇਕ ਅੰਤਰ-ਯਾਤਰਾ ਹੈ | ਸਰੀਰ ਤੋਂ ਪਾਰਲੀ ਮਨ ਅਤੇ ਰੂਹ ਦੀ ਸਾਧਨਾ ਹੈ | ਅੰਤਰ-ਯਾਤਰਾ ਦੀ ਸਿਖਰਲੀ ਮੰਜ਼ਲ (ਸਚਖੰਡ ਦੀ ਅਵਸਥਾ) 'ਤੇ ਪੁੱਜਿਆ ਧਰਮ-ਸਾਧਕ ਹਰ ਪ੍ਰਕਾਰ ਦੀਆਂ ਬੰਦਸ਼ਾਂ, ਦੁਬਿਧਾਵਾਂ, ਲਕੀਰਾਂ, ਵੱਖਰਤਾਵਾਂ ਅਤੇ ਸੰਕੀਰਨਤਾਵਾਂ ਤੋਂ ਉਤਾਂਹ ਉੱਠਿਆ (ਮੁਕਤ) ਹੋਇਆ, ਬਹੁਤ ਹੀ ਪਾਕ-ਸਾਫ਼, ਉਦਾਰ ਅਤੇ ਫ਼ਿਰਾਖ਼ਦਿਲ ਇਨਸਾਨ ਹੁੰਦਾ ਹੈ | ਤਾਂ ਹੀ ਤਾਂ ਵੇੲੀਂ ਨਦੀ (ਡੂੰੰਘੀ ਸਮਾਧੀ) 'ਚੋਂ ਬਾਹਰ ਨਿਕਲਣ ਉਪਰੰਤ ਬਾਬਾ ਨਾਨਕ ਜੀ ਨੇ ਇਲਾਹੀ ਵਜਦ ਵਿਚ ਆ ਕੇ ਜੋ ਪਹਿਲਾ ਪਾਵਨ ਵਚਨ ਉਚਾਰਿਆ, ਉਹ ਇਹ ਸੀ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ |
ਬਚਪਨ ਦੇ ਦਿਨਾਂ ਤੋਂ ਲੈ ਕੇ ਆਪਣੇ ਸਮੁੱਚੇ ਜੀਵਨ-ਸਫ਼ਰ ਦੌਰਾਨ ਉਹ ਹਰ ਮਜ਼ਹਬ, ਹਰ ਫ਼ਿਰਕੇ ਅਤੇ ਹਰ ਵਰਗ ਦੇ ਲੋਕਾਂ ਨਾਲ ਬੇਝਿਜਕ ਮੇਲ-ਮਿਲਾਪ, ਵਿਚਾਰ-ਵਟਾਂਦਰਾ ਅਤੇ ਸੰਵਾਦ ਕਰਦੇ ਰਹੇ | ਉਹ ਧਾਰਮਿਕ ਸਹਿ-ਹੋਂਦ, ਫ਼ਿਰਕੂ ਇਕਸੁਰਤਾ, ਮਿਲਵਰਤਨ ਅਤੇ ਸਦਭਾਵਨਾ ਦੇ ਮੁਦਈ ਸਨ |
ਉਨ੍ਹਾਂ ਪਾਸ ਆਪਣੇ ਤੋਂ ਵੱਖਰੀ ਰਾਇ ਰੱਖਣ ਵਾਲਿਆਂ ਨੂੰ ਸਵੀਕਾਰਨ ਅਤੇ ਸਤਿਕਾਰਨ ਦਾ ਸਲੀਕਾ, ਖੁੱਲ੍ਹਾ-ਖੁਲਾਸਾਪਣ ਅਤੇ ਸਦਾਚਾਰਕ ਤਾਣ ਹੀ ਨਹੀਂ ਸਗੋਂ ਉਨ੍ਹਾਂ ਨਾਲ ਬੜੀ ਹਲੀਮੀ, ਸਾਇਸ਼ਤਿਗੀ ਅਤੇ ਅਧੀਨਗੀ ਨਾਲ ਸੰਵਾਦ ਰਚਾਉਣ ਦਾ ਰੌਚਕ ਹੁਨਰ ਵੀ ਮੌਜੂਦ ਸੀ |
ਬਚਪਨ ਦੇ ਦਿਨਾਂ ਵਿਚ ਜਦੋਂ ਉਨ੍ਹਾਂ ਦੇ ਪਰਿਵਾਰਕ ਪਰੋਹਿਤ (ਪਾਂਧੇ) ਨੇ ਉਨ੍ਹਾਂ ਨੂੰ ਜਨੇਊ ਪਹਿਨਣ ਦੀ ਰਸਮ ਅਦਾ ਕਰਨ ਲਈ ਆਖਿਆ ਤਾਂ ਉਹ ਇਸ ਲਈ ਸਹਿਮਤ ਨਾ ਹੋਏ | ਆਪਣੀ ਅਸਹਿਮਤੀ ਨੂੰ ਤਾਰਕਿਕ ਅੰਦਾਜ਼ ਵਿਚ ਪੇਸ਼ ਕਰਦਿਆਂ ਉਹ ਕਿਤੇ ਵੀ ਪਾਂਧੇ ਨਾਲ ਖਹਿਬੜਦੇ ਨਹੀਂ, ਤਕਰਾਰ ਨਹੀਂ ਕਰਦੇ | ਕਿਸੇ ਪ੍ਰਕਾਰ ਦੇ ਬੇਲੋੜੇ ਵਿਵਾਦ ਅਤੇ ਝਗੜੇ ਵਿਚ ਪੈਣ ਦੀ ਥਾਂ ਉਹ ਆਪਣੀ ਰਾਇ ਨੂੰ ਬੜੀ ਵਿਵੇਕਸ਼ੀਲਤਾ, ਸ਼ਾਇਸ਼ਤਿਗੀ, ਨਿਮਰਤਾ, ਦਲੇਰੀ ਅਤੇ ਪਕਿਆਈ ਨਾਲ ਉਸ ਅੱਗੇ ਰੱਖਦੇ ਹਨ |
ਬਿਨਾਂ ਸ਼ੱਕ ਉਹ ਪਿਤਾ ਜੀ ਅਤੇ ਪਰੋਹਤ ਤੋਂ ਵੱਖਰੀ ਰਾਇ ਦੇ ਧਾਰਨੀ ਸਨ | ਵੱਖਰੇ ਰਾਹ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ, ਪਰਿਪੱਕ ਅਤੇ ਪ੍ਰਤੀਬੱਧ ਵੀ ਸਨ | ਇਸ ਮੁੱਦੇ 'ਤੇ ਅਰਥ ਭਰਪੂਰ ਸੰਵਾਦ ਕਰਦਿਆਂ ਉਹ ਕਿਤੇ ਵੀ ਦੋਹਾਂ ਨਾਲ ਤਕਰਾਰ ਨਹੀਂ ਕਰਦੇ, ਗੁੱਸੇ ਅਤੇ ਤਲਖ਼ੀ ਵਿਚ ਨਹੀਂ ਆਉਂਦੇ |
ਇਸ ਪ੍ਰਸੰਗ ਵਿਚ ਸਿੱਖ ਇਤਿਹਾਸ ਅਤੇ ਉਨ੍ਹਾਂ ਦੀ ਬਾਣੀ ਵਿਚ ਇਕ ਥਾਂ ਜ਼ਿਕਰ ਆਉਂਦਾ ਹੈ ਕਿ ਜਦੋਂ ਉਨ੍ਹਾਂ ਦੀ ਕੁੱਲ ਦੇ ਪਰਿਵਾਰਕ ਪਰੋਹਿਤ (ਪਾਂਧੇ) ਨੇ ਪ੍ਰਚਲਿਤ ਖ਼ਾਨਦਾਨੀ ਰਵਾਇਤ ਮੁਤਾਬਕ ਉਨ੍ਹਾਂ ਨੂੰ ਜਨੇਊ ਧਾਰਨ ਕਰਨ ਦੀ ਤਾਕੀਦ ਕੀਤੀ ਤਾਂ ਉਹ ਅੱਗੋਂ ਇਸਨੂੰ ਪਾਉਣ ਤੋਂ ਇਨਕਾਰ ਨਹੀਂ ਕਰਦੇ | ਨਾਂਹਪੱਖੀ ਰਵੱਈਆ ਅਪਣਾਉਂਦਿਆਂ ਪਾਂਧੇ ਦੀ ਪਾਈ ਲਕੀਰ ਨੂੰ ਮੇਸਦੇ ਨਹੀਂ, ਕੱਟਦੇ ਨਹੀਂ, ਮਿਟਾਉਂਦੇ ਨਹੀਂ ਸਗੋਂ ਵਿਵੇਕ ਅਤੇ ਦਲੇਰੀ ਦਾ ਪੱਲਾ ਨਾ ਛੱਡਦਿਆਂ ਬੜੀ ਹਲੀਮੀ ਨਾਲ 'ਜਨੇਊ' ਦੀ ਅਸਲੀਅਤ 'ਤੇ ਚਾਨਣਾ ਪਾਉਂਦਿਆਂ, ਆਪਣੇ ਨਿਆਰੇ ਵਿਵੇਕ ਦੁਆਰਾ ਇਵੇਂ ਕਰਨ ਦੀ ਹਾਮੀ ਭਰਦੇ ਹਨ | ਪਾਂਧੇ ਦੀ ਲਕੀਰ, ਪਾਂਧੇ ਦੇ ਖੁਸ਼ਕ ਕਿਸਮ ਦੇ ਰਵਾਇਤੀ ਤਰਕ ਦੇ ਬਰਾਬਰ ਆਪਣਾ ਨਿਵੇਕਲਾ ਅਤੇ ਤਾਜ਼ਗੀ ਨਾਲ ਭਰਪੂਰ ਤਰਕ ਦਿੰਦੇ ਹਨ | ਉਸ ਨਾਲੋਂ ਤੇਜੱਸਵੀ ਅਤੇ ਵੱਡੀ, ਆਪਣੀ ਵੱਖਰੀ ਲਕੀਰ ਖਿੱਚਦੇ ਹਨ | ਜਨੇਊ ਪਾਉਣ ਦੀ ਤਰਕਯੁਕਤ ਹਮਾਇਤ ਕਰਦਿਆਂ ਉਹ ਪਾਂਡੇ ਨੂੰ ਆਖਦੇ ਹਨ:
'ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ¨
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ¨'
ਸਪਸ਼ਟ ਹੈ ਕਿ ਬਾਬਾ ਨਾਨਕ ਜਨੇਊ ਪਾਉਣ ਲਈ ਬਿਲਕੁਲ ਰਾਜ਼ੀ ਹਨ ਪਰ ਉਹ ਪਾਂਧੇ ਦੁਆਰਾ ਸੁਝਾਏ ਕੱਚੇ, ਥੋੜ੍ਹਚਿਰੇ, ਰਸਮੀ, ਨਕਲੀ ਅਤੇ ਬਾਹਰੀ ਜਨੇਊ ਨੂੰ ਪਾਉਣ ਦੀ ਥਾਂ, ਆਪਣਾ ਦੱਸਿਆ ਅਜਿਹਾ ਪੱਕਾ, ਸਦੀਵੀ, ਸਦਾਬਹਾਰ, ਅਸਲੀ ਅਤੇ ਅੰਤਰੀਵੀ ਜਨੇਊ ਧਾਰਨ ਕਰਨ ਲਈ ਹੀ ਰਾਜ਼ੀ ਸਨ, ਜੋ ਨਾ ਤਾਂ ਕਦੇ ਟੁੱਟਦਾ ਹੈ, ਨਾ ਮੈਲਾ ਹੁੰਦਾ ਹੈ, ਨਾ ਨਾਸ਼ ਹੁੰਦਾ ਹੈ ਅਤੇ ਨਾ ਹੀ ਕਦੇ ਗਵਾਚਦਾ ਹੈ:
ਬਾਬਾ ਨਾਨਕ ਜੀ ਕਮਾਲ ਦੇ ਖੁੱਲ੍ਹ-ਦਿਲੇ ਪੁੱਤਰ, ਭਰਾ, ਵਿਚਾਰਕ ਅਤੇ ਧਾਰਮਿਕ ਰਾਹਨੁਮਾ ਹੀ ਨਹੀਂ, ਬੜੇ ਨਿਆਰੇ ਫ਼ਰਾਖ਼-ਦਿਲ ਪਿਤਾ ਵੀ ਸਨ | ਇਤਿਹਾਸ ਗਵਾਹ ਹੈ ਕਿ ਪਿਓ ਅਤੇ ਗੁਰੂ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੇ ਦੋਹਾਂ ਸਪੁੱਤਰਾਂ ਨੂੰ ਆਪਣਾ ਪਿਛਲੱਗੂ ਬਣਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ | ਵਿਸ਼ੇਸ਼ ਕਰਕੇ ਜਦੋਂ ਵੱਡੇ ਤਪੱਸਵੀ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਉਨ੍ਹਾਂ ਤੋਂ ਵੱਖਰਾ ਪ੍ਰਤੀਤ ਹੁੰਦਾ ਰਾਹ (ਉਦਾਸੀ ਭੇਖ) ਚੁਣਿਆ ਤਾਂ ਉਨ੍ਹਾਂ ਉਸਦੇ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਅਤੇ ਉਸ ਦੁਆਰਾ ਚੁਣੇ ਰਾਹ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ | ਬਾਬਾ ਨਾਨਕ ਜੀ ਸੰਵਾਦ ਅਤੇ ਕਿਤਾਬ ਨਾਲ ਪਿਆਰ ਕਰਨ ਵਾਲੇ ਬੇਹੱਦ ਸੁਹਿਰਦ, ਸੰਜੀਦਾ, ਸੰਵੇਦਨਸ਼ੀਲ ਅਤੇ ਰਸੀਲੇ ਦਰਵੇਸ਼ ਸ਼ਖ਼ਸ ਵੀ ਸਨ | ਉਹ 'ਪੋਥੀ' ਅਰਥਾਤ ਕਿਤਾਬ ਨੂੰ 'ਪਰਮੇਸਰ ਕਾ ਥਾਨੁ' ਸਵੀਕਾਰਦੇ ਸਨ | ਕਹਿਣ ਦਾ ਅਰਥ ਇਹ ਕਿ ਉਹ ਸ਼ਬਦ/ਕਿਤਾਬ ਅਤੇ ਗਿਆਨ ਨੂੰ ਪਰਮਾਤਮਾ ਤੁਲ ਮੰਨਦੇ ਸਨ | ਉਹ ਪੁੁਸਤਕ-ਪ੍ਰੇਮੀ ਬੰਦੇ ਸਨ | ਕਿਤਾਬ/ਗਿਆਨ ਨੂੰ ਉਹ ਆਪਣਾ ਇਸ਼ਟ ਅਤੇ ਸਭ ਤੋਂ ਵਧੀਆ ਦੋਸਤ ਮੰਨਦੇ ਸਨ | ਆਪਣੇ ਘਰ ਅਤੇ ਵਤਨ ਦਾ ਤਿਆਗ ਕਰਕੇ, ਉਹ ਜਦੋਂ-ਜਦੋਂ ਵੀ ਦੇਸ਼ਾਂ-ਵਿਦੇਸ਼ਾਂ ਵਿਚ ਲੰਮੀਆਂ ਯਾਤਰਾਵਾਂ 'ਤੇ ਗਏ ਤਾਂ ਇਨ੍ਹਾਂ ਸਾਰੀਆਂ ਉਦਾਸੀਆਂ ਦੌਰਾਨ 'ਕਿਤਾਬ' ਅਤੇ 'ਸੰਵਾਦ' ਉਨ੍ਹਾਂ ਦੇ ਪੱਕੇ ਸੰਗੀ-ਸਾਥੀ ਰਹੇ |
ਉਨ੍ਹਾਂ ਨੇ ਆਪਣੇ ਜੀਵਨ ਸਫ਼ਰ ਦੌਰਾਨ ਕਈ ਸਾਰੀਆਂ ਜ਼ੁਬਾਨਾਂ ਜਿਵੇਂ ਸੰਸਕਿ੍ਤ, ਬ੍ਰਜ, ਉਰਦੂ, ਫ਼ਾਰਸੀ, ਅਰਬੀ ਆਦਿ ਕੇਵਲ ਇਸ ਕਰਕੇ ਬੜੇ ਸ਼ੌਕ ਅਤੇ ਲਗਨ ਨਾਲ ਸਿੱਖੀਆਂ ਤਾਂ ਕਿ ਉਹ ਨਾ ਕੇਵਲ ਇਨ੍ਹਾਂ ਭਾਸ਼ਾਵਾਂ ਵਿਚ ਪਏ ਗਿਆਨ ਨੂੰ ਹੀ ਸਹੀ ਢੰਗ ਨਾਲ ਸਮਝਣ ਦੇ ਸਮਰੱਥ ਹੋ ਸਕਣ ਸਗੋਂ ਆਪਣੀ ਗਿਆਨ ਦੀ ਤੀਬਰ ਪਿਆਸ ਨੂੰ ਵੀ ਤਿ੍ਪਤ ਕਰ ਸਕਣ |
ਕੁਝ ਦੱਸਣ ਅਤੇ ਕਹਿਣ ਦੀ ਥਾਂ ਕੁਝ ਸੁਣਨਾ, ਧਿਆਨ ਨਾਲ ਸੁਣਨਾ ਅਤੇ ਗਹਿਰਾ ਸੁਣਨਾ ਉਨ੍ਹਾਂ ਦਾ ਮਨ ਭਾਉਂਦਾ ਸ਼ੌਕ ਸੀ | ਦਰਅਸਲ ਬੋਲਣ ਦੀ ਥਾਂ ਸੁਣਨਾ, ਉਨ੍ਹਾਂ ਦੀ ਪਹਿਲੀ ਤਰਜੀਹ ਸੀ | ਦੂਸਰਾ ਵਿਚਾਰ-ਚਰਚਾ ਕਰਨ ਅਤੇ ਗਿਆਨ ਹਾਸਲ ਕਰਨ ਦੇ ਮਾਮਲੇ ਵਿਚ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਹਉਮੈ ਵੀ ਨਹੀਂ ਸੀ | ਸਦਾ ਸਿਖਿਆਰਥੀ, ਨਿਮਰ ਅਤੇ ਜਾਣਨ ਦੇ ਇੱਛਕ ਹੋਣ ਦੇ ਤੀਬਰ ਭਾਵ ਕਾਰਨ, ਉਹ ਆਪਣੇ ਆਪ ਨੂੰ ਹਮੇਸ਼ਾਂ ਊਣਾ ਅਤੇ ਅਧੂਰਾ ਹੀ ਮੰਨਦੇ ਸਨ | ਇਕ ਜਗਿਆਸੂ ਵਿਦਿਆਰਥੀ ਵਾਂਗ ਵਿਚਰਨਾ, ਉਨ੍ਹਾਂ ਦੀ ਸੋਚਧਾਰਾ ਅਤੇ ਜੀਵਨ-ਸ਼ੈਲੀ ਦਾ ਕੇਂਦਰੀ-ਬਿੰਦੂ ਸੀ | ਤਾਂ ਹੀ ਤਾਂ ਉਹ ਆਖਦੇ ਸਨ:
'ਜਬ ਲਗੁ ਦੁਨੀਆ ਰਹੀਐ ਨਾਨਕ
ਕਿਛੁ ਸੁਣੀਐ ਕਿਛੁ ਕਹੀਐ¨'
ਸੰਵਾਦ ਰਚਾਉਣ ਦੀ ਆਪਣੀ ਦਿਲਚਸਪ ਅਤੇ ਨਿਰਾਲੀ ਸ਼ੈਲੀ ਸਦਕਾ ਬਾਬਾ ਨਾਨਕ ਜੀ ਆਪਣੀਆਂ ਚਾਰ ਲੰਮੀਆਂ ਉਦਾਸੀਆਂ (ਯਾਤਰਾਵਾਂ) ਦੌਰਾਨ ਜਿੱਥੇ ਕਿਤੇ ਵੀ ਗਏ ਤਾਂ ਉੱਥੇ ਵਸਦੇ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਅਤੇ ਧਰਮ-ਸਾਧਕਾਂ ਨਾਲ ਉਨ੍ਹਾਂ ਨੇ ਬੜੇ ਸਦਭਾਵਨਾ ਭਰੇ ਮਾਹੌਲ ਵਿਚ ਭਾਵਪੂਰਤ, ਕੀਮਤੀ ਅਤੇ ਗਿਆਨਵਰਧਕ ਸੰਵਾਦ ਕੀਤੇ | ਭਾਸ਼ਾ, ਇਲਾਕੇ, ਸਭਿਆਚਾਰ, ਕੌਮਾਂ, ਫ਼ਿਰਕਿਆਂ ਅਤੇ ਧਰਮਾਂ ਦੀਆਂ ਵੱਖਰਤਾਵਾਂ ਅਤੇ ਵਲਗਣਾਂ ਤੋਂ ਪਾਰ ਜਾਂਦਿਆਂ ਉਨ੍ਹਾਂ ਬੜੇ ਖੁੱਲ੍ਹੇ ਮਨ ਨਾਲ ਦੂਰ-ਦੁਰਾਡੇ ਪਹਾੜਾਂ ਵਿਚ ਜਾ ਵਸੇ ਸਿੱਧਾਂ ਅਤੇ ਨਾਥ-ਜੋਗੀਆਂ ਨਾਲ ਬੜੇ ਸਾਰਥਕ ਸੰਵਾਦ ਰਚਾਏ | ਇਸੇ ਤਰ੍ਹਾਂ ਮੱਕੇ, ਮਦੀਨੇ ਅਤੇ ਬਗਦਾਦ ਆਦਿ ਥਾਵਾਂ 'ਤੇ ਜਾ ਕੇ ਮੁੱਲਾਂ-ਮੁਲਾਣਿਆਂ, ਕਾਜ਼ੀਆਂ ਅਤੇ ਪੀਰਾਂ-ਫ਼ਕੀਰਾਂ ਨਾਲ ਬੜੀਆਂ ਬੇਸ਼ਕੀਮਤੀ ਗੁਫ਼ਤਗੂਆਂ ਕੀਤੀਆਂ | ਹਰਿਦੁਆਰ ਜਾ ਕੇ ਪੰਡਿਤਾਂ ਨਾਲ ਬੜੇ ਅਰਥਮਈ ਅਤੇ ਰਮਜ਼ਮਈ ਵਿਚਾਰ-ਮੰਥਨ ਵੀ ਕੀਤੇ | ਇਸ ਤੋਂ ਸਪਸ਼ਟ ਹੈ 'ਸੰਵਾਦ' ਅਤੇ ਸੰਵਾਦ ਵਿਚਲੀ ਸਹਿਜਤਾ, ਸਰਲਤਾ, ਸੁਹਜਾਤਮਕਤਾ ਅਤੇ ਸੰਗੀਤਕ-ਲੈਅ ਬਾਬਾ ਨਾਨਕ ਜੀ ਦੀ ਸ਼ਖ਼ਸੀਅਤ ਅਤੇ ਸੋਚਧਾਰਾ ਦਾ ਇਕ ਹੋਰ ਨਿਵੇਕਲਾ ਪਛਾਣ-ਚਿੰਨ੍ਹ ਸੀ |
ਉਪਰਕੋਤ ਸਾਰੀ ਚਰਚਾ ਨੂੰ ਸਮੇਟਦਿਆਂ ਅੰਤ ਵਿਚ ਨਿਰਣੇ ਵਜੋਂ ਇਹ ਆਖਿਆ ਜਾ ਸਕਦਾ ਹੈ ਕਿ ਬਾਬਾ ਨਾਨਕ ਜੀ ਸਚਮੁੱਚ ਹੀ ਇਕ ਨਿਰਾਲੇ ਸ਼ਖ਼ਸ ਸਨ | ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸੋਚਧਾਰਾ ਵੀ ਅਨੋਖੀ ਸੀ | ਉਹ ਆਪਣੀ ਮਿਸਾਲ ਆਪ ਸਨ | ਉਹ ਪਹਿਲਾਂ ਵੀ ਹਰ ਦਿਲ ਅਜ਼ੀਜ਼ ਸਨ | 556 ਵਰ੍ਹੇ ਗੁਜ਼ਰਨ ਪਿਛੋਂ, ਉਹ ਅੱਜ ਵੀ ਸਾਰਿਆਂ ਨੂੰ ਆਪਣੇ-ਆਪਣੇ ਲਗਦੇ ਹਨ | ਨਿਰਸੰਦੇਹ ਉਹ ਭਵਿੱਖ ਵਿਚ ਵੀ ਸਾਰਿਆਂ ਨੂੰ ਭਾਉਂਦੇ ਅਤੇ ਪਿਆਰੇ ਲਗਦੇ ਰਹਿਣਗੇ | ਇਸ ਪ੍ਰਸੰਗ ਵਿਚ ਭਾਰਤ ਦੇ ਦੋ ਪ੍ਰਮੁੱਖ ਭਾਈਚਾਰਿਆਂ ਵਿਚ ਉਨ੍ਹਾਂ ਬਾਰੇ, ਉਨ੍ਹਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸਮੂਹਿਕ ਪੱਧਰ 'ਤੇ ਆਮ ਪ੍ਰਚਲਿਤ ਰਹੀ ਇਹ ਬਹੁਤ ਹੀ ਪਿਆਰੀ ਅਤੇ ਕੀਮਤੀ ਧਾਰਨਾ ਕਿ, 'ਬਾਬਾ ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ' ਸਾਡੀ ਇਸ ਰਾਇ ਨੂੰ ਭਲੀਭਾਂਤ ਪੁਸ਼ਟ ਕਰਦੀ ਹੈ |
-ਸਰਕਾਰੀ ਕਾਲਜ ਮੋਹਾਲੀ
ਸੰਪਰਕ: 99143-01328
ਈਮੇਲ: jsdeumgc@gmail.com