ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

Ad Position 21
No active advertisement
ਅਜੀਤ ਡੈਸਕ 05-11-2025

ਸਮੁੱਚੇ ਸੰਸਾਰ ਦੇ ਸਰਬਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜੀਵਨ ਮਾਨਵਤਾ ਲਈ ਕਲਿਆਣਕਾਰੀ ਮਾਰਗ ਦਰਸ਼ਨ ਕਰਦਾ ਹੈ | ਆਪ ਜੀ ਦੱਬੀ-ਕੁਚਲੀ, ਲਤਾੜੀ ਤੇ ਦਬਾਈ ਜਾ ਰਹੀ ਲੋਕਾਈ ਵਾਸਤੇ ਆਸ ਅਤੇ ਧਰਵਾਸ ਬਣੇ | ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਉਸ ਸਮੇਂ ਹੋਇਆ ਜਦੋਂ ਭਾਰਤ ਅੰਦਰ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਰਾਜਨੀਤਕ ਢਾਂਚੇ ਵਿਚ ਉਥਲ-ਪੁਥਲ ਮਚੀ ਹੋਈ ਸੀ | ਹਾਕਮ ਲੋਕਾਂ 'ਤੇ ਜ਼ੁਲਮ ਕਰ ਰਹੇ ਸਨ, ਧਾਰਮਿਕ ਰਸਮਾਂ ਵਿਚ ਕੁਰੀਤੀਆਂ ਭਾਰੂ ਸਨ ਅਤੇ ਧਰਮ ਦੇ ਨਾਂਅ 'ਤੇ ਮਾਨਵਤਾ ਨੂੰ ਵੰਡਣ ਦਾ ਬੋਲਬਾਲਾ ਸੀ | ਧਾਰਮਿਕ ਤੇ ਰਾਜਨੀਤਕ ਆਗੂਆਂ ਦੇ ਸਤਾਏ ਹੋਏ ਲੋਕ ਅਜਿਹੇ ਆਸਰੇ ਦੀ ਭਾਲ ਵਿਚ ਸਨ, ਜਿਥੋਂ ਉਨ੍ਹਾਂ ਨੂੰ ਜੀਵਨ ਦਾ ਸਹੀ ਮਾਰਗ ਪ੍ਰਾਪਤ ਹੋ ਸਕੇ |
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਲਿਆਣ ਦਾਸ ਜੀ ਅਤੇ ਮਾਤਾ ਤਿ੍ਪਤਾ ਜੀ ਦੇ ਘਰ 1469 ਈਸਵੀ ਵਿਚ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਵਿਖੇ ਹੋਇਆ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ ਹੋਇਆ | ਗੁਰੂ ਸਾਹਿਬ ਦੇ ਪ੍ਰਕਾਸ਼ ਨਾਲ ਮਾਨਵਤਾ ਨੂੰ ਅਜਿਹੀ ਅਗਵਾਈ ਮਿਲੀ, ਜਿਸ ਨਾਲ ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿਗਿਆਨਕ ਆਦਿ ਖੇਤਰਾਂ ਅੰਦਰ ਇਕ ਕ੍ਰਾਂਤੀਕਾਰੀ ਲੋਅ ਚਮਕੀ | ਗੁਰੂ ਸਾਹਿਬ ਦੇ ਸੰਸਾਰ 'ਤੇ ਆਗਮਨ ਨਾਲ ਮਨੁੱਖਤਾ ਨੂੰ ਇਕ ਠੰਢਾ ਅਹਿਸਾਸ ਹੋਇਆ | ਸਮਾਜਿਕ ਅਧੋਗਤੀ ਦਾ ਵਰਣਨ ਕਰਦਿਆਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚ ਫੁਰਮਾਇਆ ਗਿਆ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ¨
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ¨
(ਅੰਗ : 145)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰਤਾ, ਸਾਂਝੀਵਾਲਤਾ ਅਤੇ ਸੁਤੰਤਰਤਾ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ-ਦਰਸ਼ਨ ਕੀਤਾ | ਆਪ ਦੀ ਵਿਚਾਰਧਾਰਾ ਨੇ ਇਨਸਾਨ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਪੱਖ ਤੋਂ ਬਰਾਬਰ ਤੇ ਆਰਥਿਕ ਪੱਖ ਤੋਂ ਆਪਣੀ ਸੱਚੀ-ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣਾ ਸਿਖਾਇਆ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡੀ ਤਰਜੀਹਾਂ ਤੋਂ ਵੱਖ ਕਰਕੇ ਸਮਾਜਿਕ ਖੇਤਰ ਵਿਚ ਧਰਮ ਦਾ ਸਹੀ ਸਥਾਨ ਨਿਸ਼ਚਿਤ ਕੀਤਾ ਅਤੇ ਧਰਮ ਤੇ ਸਮਾਜ ਦੀ ਨਿਰਭਰਤਾ ਨੂੰ ਸਪੱਸ਼ਟ ਕੀਤਾ | ਉਨ੍ਹਾਂ ਭਾਰਤੀ ਸਮਾਜ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਦੇ ਢੁੱਕਵੇਂ, ਸਾਵੇਂ ਤੇ ਸਪੱਸ਼ਟ ਹੱਲ ਦੱਸੇ | ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਿ੍ਹਆਂ ਤੇ ਵਿਚਾਰਿਆਂ ਇਸ ਗੱਲ ਦਾ ਪਤਾ ਲਗਦਾ ਹੈ ਕਿ ਉਨ੍ਹਾਂ ਮਨੁੱਖੀ ਜੀਵਨ ਨੂੰ ਆਦਰਸ਼ਕ ਬਣਾਉਣ ਲਈ ਇਸ ਦੀ ਹਰ ਪੱਖ ਤੋਂ ਅਗਵਾਈ ਕੀਤੀ | ਆਪ ਨੇ ਉਹ ਵਿਚਾਰਧਾਰਾ ਦਿੱਤੀ ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚਲਦੀ ਹੈ |
ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ | ਉਨ੍ਹਾਂ ਨੇ ਮਨੁੱਖ ਨੂੰ ਸਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ ਅਤੇ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜੀਣ ਦੇ ਯੋਗ ਬਣਾਇਆ | ਗੁਰੂ ਸਾਹਿਬ ਵਲੋਂ ਸੁਝਾਇਆ ਇਹ ਮਾਰਗ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤਾਂ 'ਤੇ ਆਧਾਰਤ ਹੈ | ਆਪ ਜੀ ਨੇ ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ |
ਇਸ ਦੇ ਨਾਲ ਹੀ ਸਮਾਜ ਅੰਦਰ ਤਿ੍ਸਕਾਰੀ ਜਾ ਰਹੀ ਇਸਤਰੀ ਸ਼੍ਰੇਣੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਚਾ ਸਨਮਾਨ ਦਿੱਤਾ ਅਤੇ ਉਨ੍ਹਾਂ ਦੇ ਹੱਕਾਂ, ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ | ਅਸਲ ਵਿਚ ਉਸ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਤਰਸਯੋਗ ਸੀ | ਆਪ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ 'ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕੀਤਾ | ਇਸ ਸੰਬੰਧ ਵਿਚ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਇਸ ਤਰ੍ਹਾਂ ਫੁਰਮਾਇਆ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ¨
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ¨
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ¨
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨
(ਅੰਗ : 473)

ਬਹੁਪੱਖੀ ਸ਼ਖ਼ਸੀਅਤ ਅਤੇ ਵਿਸ਼ਾਲ ਪ੍ਰਤਿਭਾ ਦੇ ਮਾਲਕ ਹੋਣ ਕਰਕੇ ਆਪ ਧਰਮ, ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਵੀ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮਦਾਤਾ ਹਨ | ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਉਪਦੇਸ਼ਾਂ ਨੇ ਲੋਕਾਂ ਨੂੰ ਉਸਾਰੂ ਜੀਵਨ ਜਾਚ ਦੇ ਸਨਮੁੱਖ ਕੀਤਾ ਅਤੇ ਇਸੇ ਦਾ ਹੀ ਸਿੱਟਾ ਸੀ ਕਿ ਗੁਰੂ ਸਾਹਿਬ ਦੇ ਵਿਚਾਰਾਂ ਨੂੰ ਲੋਕਾਂ ਨੇ ਸਿਰ-ਮੱਥੇ ਪ੍ਰਵਾਨ ਕੀਤਾ | ਗੁਰੂ ਸਾਹਿਬ ਦੀ ਵਿਚਾਰਧਾਰਾ ਨਿਵੇਕਲੀ ਹੈ, ਜਿਸ ਨੂੰ ਅੱਜ ਵੀ ਸਿੱਖਾਂ ਤੋਂ ਇਲਾਵਾ ਦੁਨੀਆ ਭਰ ਦੇ ਹਰ ਧਰਮ, ਵਰਗ, ਫਿਰਕੇ ਨਾਲ ਸੰਬੰਧਿਤ ਲੋਕ ਸਤਿਕਾਰਦੇ ਹਨ ਅਤੇ ਅਗਾਂਹ ਵੀ ਸਤਿਕਾਰਦੇ ਰਹਿਣਗੇ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਥੇ ਅਸੀਂ ਆਪਣਾ ਜੀਵਨ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਬਤੀਤ ਕਰਨ ਦਾ ਪ੍ਰਣ ਕਰਨਾ ਹੈ, ਉਥੇ ਹੀ ਸਭ ਦਾ ਫ਼ਰਜ਼ ਹੈ ਕਿ ਅਸੀਂ ਗੁਰੂ ਸਾਹਿਬ ਵਲੋਂ ਬਖਸ਼ੇ ਫਲਸਫ਼ੇ ਨੂੰ ਸੰਸਾਰ ਵਿਚ ਫੈਲਾਉਣ ਦਾ ਯਤਨ ਕਰੀਏ | ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਵਿਸ਼ਵ 'ਚ ਵਸਦੀ ਸੰਗਤ ਨੂੰ ਹਾਰਦਿਕ ਵਧਾਈ ਦਿੰਦਾ ਹੋਇਆ ਮਾਨਵਤਾ ਦੀ ਖੁਸ਼ਹਾਲੀ ਲਈ ਕਾਮਨਾ ਕਰਦਾ ਹਾਂ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |

Ad Position 22
No active advertisement
ਪਿਛਲੀ ਖ਼ਬਰ ਭੈਣ ਨਾਨਕੀ ਦਾ ਵੀਰ : ਬਾਬਾ ਨਾਨਕ ਸ਼ਾਹ ਫ਼ਕੀਰ ਅਗਲੀ ਖ਼ਬਰ 05-11-25
Ad Position 24
No active advertisement