ਗੁਰੂ ਨਾਨਕ ਦੇਵ ਜੀ ਦੇ ਹਰ ਬੋਲ ਤੇ ਹਰ ਵਿਹਾਰ ਵਿਚ ਸਾਰੀ ਮਨੁੱਖਤਾ ਦੇ ਭਲੇ ਲਈ ਸਰਬ-ਸਾਂਝਾ ਸੰਦੇਸ਼ ਸਮੋਇਆ ਹੋਇਆ ਹੈ | ਗੁਰੂ ਨਾਨਕ ਸਾਹਿਬ ਦੀ ਰਹਿਨੁਮਾਈ ਨੇ, ਅਸਲ ਵਿਚ ਆਪਸੀ ਸਾਂਝ ਤੇ ਸਦਭਾਵ ਦੀ ਵਿਚਾਰਧਾਰਾ ਦਾ ਰਾਹ ਪੱਧਰਾ ਕਰ ਦਿੱਤਾ ਸੀ | ਅੱਜ ਵੀ ਗੁਰੂ ਸਾਹਿਬ ਵਲੋਂ ਆਪਣੇ ਬੋਲਾਂ ਤੇ ਵਿਹਾਰ ਰਾਹੀਂ ਦਿੱਤਾ ਸਾਂਝ, ਸਦਭਾਵਨਾ ਤੇ ਏਕਤਾ ਦਾ ਸੰਦੇਸ਼ ਸਾਰੀ ਦੁਨੀਆ ਨੂੰ ਨਵੀਂ ਤਰਤੀਬ ਨਾਲ ਨਵੇਂ ਭਵਿੱਖ ਦਾ ਰਾਹ ਵਿਖਾ ਰਿਹਾ ਹੈ | ਜਿਸ ਦਿ੍ਸ਼ਟੀ ਨਾਲ ਉਨ੍ਹਾਂ ਨੇ ਧਰਮਾਂ, ਸੱਭਿਆਚਾਰਾਂ ਤੇ ਮੁਲਕਾਂ ਦੀਆਂ ਹੱਦਾਂ ਟੱਪ ਕੇ ਸਦੀਵੀ ਮਨੁੱਖੀ ਹੋਂਦ ਨੂੰ ਪਛਾਣਨ ਦਾ ਸੰਕਲਪ ਦਿੱਤਾ ਸੀ, ਅੱਜ ਦੁਨੀਆ ਉਸ ਦਾ ਅਨੁਸਰਣ ਕਰ ਰਹੀ ਹੈ | ਇਕ ਦੂਜੇ ਦੇ ਅਸਤਿੱਤਵ ਨੂੰ ਮਿਟਾ ਦੇਣ ਦੀ ਹੋੜ ਵਿਚ ਲੱਗੇ ਲੋਕੀਂ ਹੁਣ ਇਕ-ਦੂਜੇ ਦੇ ਅਸਤਿੱਤਵ ਨੂੰ ਮਾਨਤਾ ਦੇ ਕੇ, ਵਿਚਾਰ-ਵਟਾਂਦਰੇ ਦੀ ਰਾਹ 'ਤੇ ਤੁਰ ਰਹੇ ਹਨ |
ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਤੱਥ ਨਿੱਖਰ ਕੇ ਸਾਹਮਣੇ ਆਉਂਦਾ ਹੈ ਕਿ ਸਾਂਝ ਤੇ ਸਦਭਾਵ ਦੇ ਸੰਦੇਸ਼ ਦੀ ਖੁੱਲ੍ਹੇ ਤੌਰ 'ਤੇ ਪਹਿਲੀ ਅਭਿਵਿਅਕਤੀ ਸੁਲਤਾਨਪੁਰ ਲੋਧੀ ਦੀ ਵੇਈਾ ਨਦੀ ਵਾਲੀ ਘਟਨਾ ਨਾਲ ਹੋਈ ਸੀ | ਇਤਿਹਾਸ ਦੱਸਦਾ ਹੈ ਕਿ ਵੇਈਾ ਨਦੀ 'ਚ ਇਸ਼ਨਾਨ ਕਰਨ ਗਏ ਗੁਰੂ ਨਾਨਕ ਦੇਵ ਜੀ ਜਦੋਂ ਨਦੀ ਤੋਂ ਬਾਹਰ ਆਏ ਸਨ ਤਾਂ ਉਨ੍ਹਾਂ ਦੇ ਮੁਖਾਰਬਿੰਦ 'ਚੋਂ ਜਿਹੜਾ ਪਹਿਲਾ ਬਚਨ ਨਿਕਲਿਆ ਸੀ, ਉਹ ਸੀ - 'ਨਾ ਕੋ ਹਿੰਦੂ ਨਾ ਮੁਸਲਮਾਨ | ਇਹੋ ਬਚਨ ਗੁਰੂ ਸਾਹਿਬ ਦਾ ਸਦੀਵੀ ਸੰਦੇਸ਼ ਅਤੇ ਉਦਾਸੀਆਂ ਦੌਰਾਨ ਉਨ੍ਹਾਂ ਦੀ ਸਾਰੀ ਮੁਹਿੰਮ ਦਾ ਕੇਂਦਰੀ ਧੁਰਾ ਬਣ ਗਿਆ ਸੀ | ਜਦੋਂ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਤਾਂ ਕਿਸ ਨੂੰ ਮੰਨੀਏ, ਕਿਸ ਰਾਹ 'ਤੇ ਤੁਰੀਏ | ਗੁਰੂ ਜੀ ਨੇ ਫ਼ਰਮਾਇਆ, 'ਖੁਦਾ ਦੇ ਰਾਹ ਚਲੋ, ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ, ਸਾਡੀ ਨਜ਼ਰ ਵਿਚ ਦੋਹਾਂ ਵਿਚ ਕੋਈ ਫ਼ਰਕ ਨਹੀਂ, ਦੇਹ ਹੀ ਹਿੰਦੂ ਹੈ ਦੇਹ ਹੀ ਮੁਸਲਮਾਨ' |
ਇਤਿਹਾਸਕ ਲਿਖਤਾਂ ਇਹ ਵੀ ਦੱਸਦੀਆਂ ਹਨ ਕਿ ਮੱਕੇ ਦੀ ਧਰਤੀ 'ਤੇ ਜਦੋਂ ਆਲਮ-ਫਾਜ਼ਲ ਮੌਲਾਨਿਆਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਿਆ- 'ਦੱਸੋ, ਹਿੰਦੂ ਵੱਡਾ ਕਿ ਮੁਸਲਮਾਨ' | ਗੁਰੂ ਸਾਹਿਬ ਦਾ ਜਵਾਬ ਸੀ - 'ਸੁਭ ਅਮਲਾਂ ਬਾਝੋਂ ਦੋਨੋਂ ਰੋਈ | ਅਸਲ ਵਿਚ, ਗੱਲ ਹਿੰਦੂ ਜਾਂ ਮੁਸਲਮਾਨ ਹੋਣ ਦੀ ਨਹੀਂ, ਗੱਲ ਤਾਂ ਇਕ ਮਨੁੱਖ ਦੇ ਰੂਪ ਵਿਚ ਉਸ ਦੇ ਕੀਤੇ ਕਰਮਾਂ ਦੀ ਹੈ :
ਪੁਛਨਿ ਫੋਲਿ ਕਿਤਾਬ ਨੋ
ਹਿੰਦੂ ਵਡਾ ਕਿ ਮੁਸਲਮਾਨੋਈ¨
ਬਾਬਾ ਆਖੇ ਹਾਜੀਆਂ ਸੁਭਿ
ਅਮਲਾ ਬਾਝਹੁ ਦੋਨੋ ਰੋਈ¨
(ਭਾਈ ਗੁਰਦਾਸ ਜੀ : ਵਾਰ-ਪਹਿਲੀ ਪਾਉੜੀ-33)
ਇਹ ਅਸਲੀਅਤ ਵੀ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਮੁੱਖ-ਧੁਰਾ 'ਰੱਬ ਦੀ ਏਕਤਾ' ਹੈ | ਗੁਰੂ ਸਾਹਿਬ ਨੇ ਬੜੀ ਪ੍ਰਮੁੱਖਤਾ ਨਾਲ ਆਪਣੀ ਬਾਣੀ ਰਚਨਾ ਵਿਚ 'ਰੱਬ ਦੀ ਏਕਤਾ' ਦੇ ਸਿਧਾਂਤ ਦੀ ਵਜਾਹਤ ਤੇ ਵਿਆਖਿਆ ਬੜੀ ਤਫ਼ਸੀਲ ਨਾਲ ਕੀਤੀ ਹੈ | ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਅੰਕਿਤ 'ਮੂਲ ਮੰਤਰ' ਇਕ ਈਸ਼ਵਰਵਾਦ ਦਾ ਐਲਾਨ ਹੈ | ਬਾਣੀ ਦਾ ਸਾਰਾ ਅਧਿਆਤਮ ਇਸੇ 'ਮੂਲ ਮੰਤਰ' ਦੇ ਸਿਧਾਂਤਕ ਬਚਨ ਦਾ ਪਸਾਰ ਹੈ |
ਸਰ ਮੁਹੰਮਦ ਇਕਬਾਲ ਨੇ ਆਪਣੀ ਇਕ ਰਚਨਾ ਵਿਚ ਲਿਖਿਆ ਸੀ ਕਿ ਗੁਰੂ ਨਾਨਕ ਦੇਵ ਜੀ 'ਤੌਹੀਦ' ਦੀ ਆਵਾਜ਼ ਬਣ ਕੇ ਆਏ ਸਨ | ਰੱਬ ਦੀ ਏਕਤਾ ਅਤੇ ਮਨੁੱਖੀ ਏਕਤਾ ਦੇ ਪੈਗ਼ੰਬਰ ਬਣ ਕੇ ਪਰਗਟ ਹੋਏ ਸਨ | ਫਿਰ ਪੰਜਾਬ ਤੋਂ ਉੱਠੀ ਉਸ 'ਮਰਦ-ਏ-ਕਾਮਿਲ' ਦੀ ਆਵਾਜ਼ ਨੇ ਗਫਲਤ ਦੀ ਨੀਂਦ ਵਿਚ ਸੁੱਤੇ ਹਿੰਦੁਸਤਾਨ ਨੂੰ ਜਗਾ ਦਿੱਤਾ ਸੀ :
ਫਿਰ ਉਠੀ ਆਖਿਰ ਸਦਾ
ਤੌਹੀਦ ਕੀ ਪੰਜਾਬ ਸੇ |
ਹਿੰਦ ਕੋ ਇਕ ਮਰਦ-ਏ-ਕਾਮਿਲ ਨੇ
ਜਗਾਯਾ ਖਵਾਬ ਸੇ |
ਗੁਰੂ ਸਾਹਿਬ ਦੇ 'ਰੱਬ ਦੀ ਏਕਤਾ' ਦੇ ਸਿਧਾਂਤ ਦੇ ਪ੍ਰਸੰਗ ਵਿਚ ਇੱਥੇ ਇਕ ਹੋਰ ਤੱਥ ਜ਼ਰੂਰੀ ਧਿਆਨ ਵਿਚ ਰੱਖਣ ਵਾਲਾ ਹੈ | ਗੁਰੂ ਸਾਹਿਬ ਦਾ ਬਹੁਤ ਸਪੱਸ਼ਟ ਸੰਦੇਸ਼ ਹੈ, ਕਿ ਜੇ ਰੱਬ ਇਕ ਹੈ, ਤਾਂ ਉਸ ਦੀ ਰਚਨਾ ਵਿਚ ਵੰਡੀਆਂ ਕਿਸ ਤਰ੍ਹਾਂ ਪਾਈਆਂ ਜਾ ਸਕਦੀਆਂ ਹਨ | ਜੋ ਰਚਨਾਕਾਰ ਇਕ ਹੈ, ਤਾਂ ਉਸ ਦੀ ਰਚਨਾ ਵਿਚ ਭੇਦ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ | ਗੁਰੂ ਸਾਹਿਬ ਦੀ ਵਿਸ਼ਾਲ ਘੇਰੇ ਵਾਲੀ ਇਸੇ ਦਿਬ-ਦਿ੍ਸ਼ਟੀ ਵਿਚ ਦੁਨੀਆ ਦੀ ਵਨ-ਸੁਵੰਨਤਾ ਸਹਿਜੇ ਹੀ ਸਮੋਈ ਹੋਈ ਹੈ | ਆਪਣੀ ਬਾਣੀ ਵਿਚ ਗੁਰੂ ਸਾਹਿਬ ਥਾਂ-ਥਾਂ 'ਤੇ ਇਸ ਵਿਭਿੰਨਤਾ ਦੀ, ਵੰਨ-ਸੁਵੰਨਤਾ ਦੀ ਵਜ਼ਾਹਤ ਕਰਦੇ ਹਨ |
ਪਰ ਇੱਥੇ ਇਕ ਹੋਰ ਸਿਧਾਂਤਕ ਨੁਕਤਾ ਸਾਂਝਾ ਕਰਨਾ ਚਾਹੁੰਦਾ ਹਾਂ | ਵਿਭਿੰਨਤਾ ਹਮੇਸ਼ਾ ਕਾਇਮ ਰਹੇ, ਉਸ ਦੀ ਖੂਬਸੂਰਤੀ ਬਰਕਰਾਰ ਰਹੇ, ਵੱਖ-ਵੱਖ ਧਿਰਾਂ ਵਿਚ ਟਕਰਾਅ ਪੈਦਾ ਨਾ ਹੋਵੇ ਅਤੇ ਕਿਤੇ ਇਹ ਟਕਰਾਅ ਇਕ-ਦੂਜੇ ਦੀ ਹੋਂਦ ਲਈ ਖ਼ਤਰਾ ਨਾ ਬਣ ਜਾਵੇ, ਇਸ ਲਈ ਜ਼ਰੂਰੀ ਹੁੰਦਾ ਹੈ- ਸੰਵਾਦ | ਗੁਰੂ ਨਾਨਕ ਪਾਤਸ਼ਾਹ ਨੇ ਵਿਭਿੰਨਤਾ ਦੀ ਖੂਬਸੂਰਤੀ ਕਾਇਮ ਰੱਖਦਿਆਂ, ਆਪਸੀ ਸੰਵਾਦ ਰਾਹੀਂ, ਵੱਖ-ਵੱਖ ਧਰਮਾਂ ਤੇ ਸਮਾਜਿਕ ਇਕਾਈਆਂ ਵਿਚਕਾਰ ਇਕ ਵਿਆਪਕ ਸਾਂਝ ਸਥਾਪਿਤ ਕਰਨ ਲਈ ਸਾਰੀ ਦੁਨੀਆ ਦਾ ਭ੍ਰਮਣ ਕਰਕੇ, ਲਾਮਿਸਾਲ ਭੂਮਿਕਾ ਨਿਭਾਈ ਸੀ |
ਅੰਤਰ-ਧਰਮ ਸੰਵਾਦ ਦੀ ਪਰੰਪਰਾ ਦੀ ਗੱਲ ਕਰੀਏ ਤਾਂ ਇਹ ਹਕੀਕਤ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਧਰਮਾਂ ਦੇ ਇਤਿਹਾਸ ਵਿਚ ਸੰਵਾਦ ਦੇ ਸੰਦਰਭ ਵਿਚ ਨਵਾਂ ਤਜਰਬਾ ਪੇਸ਼ ਕੀਤਾ ਸੀ | ਗੁਰੂ ਪਾਤਸ਼ਾਹ ਨੇ ਬੜੀ ਸ਼ਿੱਦਤ ਨਾਲ ਸਪੱਸ਼ਟ ਕੀਤਾ ਸੀ ਕਿ ਅੰਤਰ-ਧਰਮ ਸੰਵਾਦ ਦੀ ਸਫਲਤਾ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਂਝ ਦਾ ਆਧਾਰ ਲੱਭਿਆ ਜਾਵੇ | ਜੇ ਇਕ ਦੂਜੇ ਦੇ ਵਖਰੇਵੇਂ ਭਾਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸੰਵਾਦ ਨਹੀਂ ਹੋ ਸਕਦਾ | ਸੰਵਾਦ ਦੀ ਸਫਲਤਾ ਸਮਾਨਤਾਵਾਂ ਖੋਜਣ ਵਿਚ ਹੈ ਅਤੇ ਇਹ ਤਾਹੀਓਾ ਹੋ ਸਕਦਾ ਹੈ ਜੇ ਗੁਣਾਂ ਦੀ ਸਾਂਝ ਕਰਨ ਦਾ ਫ਼ੈਸਲਾ ਕਰ ਲਿਆ ਜਾਵੇ ਅਤੇ ਇਕ ਦੂਜੇ ਦੇ, ਸਮਝੇ ਜਾਣ ਵਾਲੇ, ਔਗੁਣਾਂ ਨੂੰ ਵਿਸਾਰ ਦਿੱਤਾ ਜਾਵੇ | ਗੁਰੂ ਸਾਹਿਬ ਨੇ ਵੀ ਇਸੇ ਲਈ ਇਹ ਫ਼ਰਮਾਨ ਜਾਰੀ ਕੀਤਾ ਹੈ :
ਸਾਝ ਕਰੀਜੈ ਗੁਣਹ ਕੇਰੀ
ਛੋਡਿ ਅਵਗਣ ਚਲੀਐ¨
ਗੁਰੂ ਪਾਤਸ਼ਾਹ ਦੀ ਤਰਬੀਅਤ ਮੁਤਾਬਿਕ ਇਹ ਵੀ ਜ਼ਰੂਰੀ ਹੈ ਕਿ ਆਪਣੇ ਵਿਚਾਰ ਤੋਂ ਵੱਧ, ਦੂਜੇ ਦੇ ਵਿਚਾਰ ਨੂੰ ਮਹੱਤਵ ਦਿੱਤਾ ਜਾਵੇ | ਜਦੋਂ ਦੂਜੇ ਦੀ ਗੱਲ ਸੁਣਨ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਜਾਂਦੀ ਤਾਂ ਵਾਦ-ਵਿਵਾਦ ਪੈਦਾ ਹੋ ਜਾਂਦਾ ਹੈ, ਸੰਵਾਦ ਦੀ ਪ੍ਰਕਿਰਿਆ ਰੁਕ ਜਾਂਦੀ ਹੈ | ਗੁਰੂ ਦੇ ਇਸ ਵਾਕ ਵਿਚ ਸੁਣਨ ਨੂੰ
ਪਹਿਲ ਦੇਣ ਪਿਛੇ ਸ਼ਾਇਦ ਇਹੋ ਭਾਵਨਾ ਕੰਮ ਕਰ ਰਹੀ ਹੈ :
ਜਬ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ¨
(ਅੰਗ : 660)
ਇੱਥੇ ਇਹ ਇਤਿਹਾਸਕ ਤੱਥ ਵੀ ਵੱਡੀ ਅਹਿਮੀਅਤ ਵਾਲਾ ਹੈ ਕਿ ਗੁਰੂ ਨਾਨਕ ਕਿਸੇ ਸੀਮਾ ਨੂੰ ਨਹੀਂ ਮੰਨਦੇ, ਕੋਈ ਬੰਧਨ ਉਨ੍ਹਾਂ ਨੂੰ ਰੋਕਣ ਦੇ ਸਮਰੱਥ ਨਹੀਂ | ਸੀਮਾਵਾਂ ਉਸਰਦੀਆਂ ਜ਼ਰੂਰ ਰਹੀਆਂ ਹਨ, ਬੰਧਨ ਵੀ ਪੈਂਦੇ ਰਹੇ ਹਨ, ਪਰ ਗੁਰੂ ਨਾਨਕ ਸਾਹਿਬ ਦੀ ਵਿਸ਼ਾਲ ਦਿ੍ਸ਼ਟੀ ਅਤੇ ਉਦਾਰਤਾ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ | ਬੰਧਨ ਤੇ ਸੀਮਾਵਾਂ ਨੂੰ ਨਕਾਰਨ ਅਤੇ ਭਾਸ਼ਾ, ਪਹਿਰਾਵੇ ਤੇ ਰਸਮੋ-ਰਿਵਾਜ ਨੂੰ ਖੁੱਲ੍ਹ-ਦਿਲੀ ਨਾਲ ਅਪਣਾਉਣ ਦੇ ਪਿੱਛੇ ਇਕ ਖਾਸ ਸੋਚ ਸੀ ਅਤੇ ਉਹ ਸੋਚ ਸੀ ਸਮੁੱਚੀ ਮਨੁੱਖਤਾ ਵਿਚ ਆਪਸੀ ਸਾਂਝ ਸਥਾਪਿਤ ਕਰਨ ਦੀ |
ਇੱਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਇਕ ਫ਼ਰਮਾਨ ਦੀਆਂ ਪੰਕਤੀਆਂ ਸਾਂਝੀਆਂ ਕਰਨਾ ਚਾਹੁੰਦਾ ਹਾਂ | ਗੁਰੂ ਸਾਹਿਬ ਨੇ ਆਪਣੀ ਵਿਆਪਕ ਦਿ੍ਸ਼ਟੀ ਦੀ ਅਭਿਵਿਅਕਤੀ ਕਰਦਿਆਂ ਬੜੇ ਨਿਮਰ ਭਾਵ ਨਾਲ ਕਿਹਾ ਸੀ : 'ਨਾਨਕ ਵਿਚਾਰਾ ਕੀ ਆਖ ਸਕਦਾ ਹੈ ? ਸਾਰਾ ਸੰਸਾਰ ਹੀ ਤੈਨੂੰ ਇਕ ਨੂੰ ਸਲਾਹ ਰਿਹਾ ਹੈ | ਨਾਨਕ ਦਾ ਸਿਰ ਤੇਰੀ ਸਿਫ਼ਤ-ਸਲਾਹ ਕਰਨ ਵਾਲੇ ਬੰਦਿਆਂ ਦੇ ਕਦਮਾਂ 'ਤੇ ਹੈ ਭਾਵੇਂ ਤੈਨੂੰ ਕੋਈ ਕਿਸੇ ਵੀ ਨਾਂਅ ਨਾਲ ਯਾਦ ਕਰ ਰਿਹਾ ਹੈ | ਜਿਤਨੇ ਵੀ ਤੇਰੇ ਨਾਂਅ ਹਨ ਮੈਂ ਉਨ੍ਹਾਂ ਤੋਂ ਬਲਿਹਾਰ ਜਾਂਦਾ ਹਾਂ' :
ਨਾਨਕੁ ਵੇਚਾਰਾ ਕਿਆ ਕਹੈ¨
ਸਭੁ ਲੋਕੁ ਸਲਾਹੇ ਏਕਸੈ¨
ਸਿਰੁ ਨਾਨਕ ਲੋਕਾ ਪਾਵ ਹੈ¨
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ¨
(ਅੰਗ : 1168)
ਸੱਚਮੁੱਚ, ਸਾਰੀ ਮਨੁੱਖਤਾ ਲਈ ਸਾਂਝਾ ਸੀ - ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ | ਸਾਰੇ ਸੰਦਰਭ ਵਿਚ ਇੱਥੇ ਹਿੰਦੀ ਸਾਹਿਤ ਦੇ ਸਿਰਮੌਰ ਸਾਹਿਤਕਾਰ ਅਤੇ ਕਵੀ - ਮੈਥਿਲੀ ਸ਼ਰਣ ਗੁਪਤ ਦੁਆਰਾ ਲਿਖੀ, ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਟ ਕਰਦੀ ਕਾਵਿ-ਰਚਨਾ ਦਰਜ ਕਰਨਾ ਚਾਹੁੰਦਾ ਹਾਂ | ਉਨ੍ਹਾਂ ਦਾ ਕਹਿਣਾ ਹੈ - ਗੁਰੂ ਸਾਹਿਬ ਨੇ ਦੇਸ਼-ਵਿਦੇਸ਼ ਦਾ ਭ੍ਰਮਣ ਕੀਤਾ ਸੀ ਅਤੇ ਅਨੇਕਾਂ ਮਹਾਪੁਰਸ਼ਾਂ ਨਾਲ ਮੁਲਾਕਾਤ ਕੀਤੀ ਸੀ | ਸਾਰੀਆਂ ਥਾਵਾਂ 'ਤੇ ਉਨ੍ਹਾਂ ਦੇ ਪਿਆਰ ਭਰੇ ਉਪਦੇਸ਼ ਬੜੇ ਚਾਅ ਨਾਲ ਸੁਣੇ ਗਏ ਸਨ | ਗੁਰੂ ਸਾਹਿਬ ਨੇ ਨਿਰਭੈ ਹੋ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਸੀ, ਪਿਆਰ ਤੇ ਸਦਭਾਵ ਦੇ ਰਾਹ 'ਤੇ ਤੋਰਿਆ ਸੀ | ਕਰਮ-ਕਾਂਡਾਂ ਤੋਂ ਹਟਾ ਕੇ ਸ਼ੁੱਧ ਮਨ ਨਾਲ, ਭਾਵਨਾ ਨਾਲ ਪਰਮਾਤਮਾ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ ਸੀ | ਇਸ ਤਰ੍ਹਾਂ ਆਪਣੀ ਨਿਵੇਕਲੀ ਸੰਵਾਦ ਦੀ ਵਿਧੀ ਨਾਲ ਉਨ੍ਹਾਂ ਨੇ ਲੋਕਾਂ ਵਿਚ ਆਪਸੀ ਸਾਂਝ ਅਤੇ ਸਦਭਾਵ ਦੀ ਭਾਵਨਾ ਨੂੰ ਪਰਿਪੱਕ ਕੀਤਾ ਸੀ :
ਮਿਲੇ ਅਨੇਕ ਮਹਾਪੁਰਸ਼ੋਂ ਸੇ,
ਘੂਮੇ ਨਾਨਕ ਦੇਸ਼-ਵਿਦੇਸ਼ |
ਸੁਨੇ ਗਏ ਸਰਵਤ੍ਰ ਸੇ,
ਭਾਵ ਭਰੇ ਉਨ ਕੇ ਉਪਦੇਸ਼ |
ਨਿਰਭਯ ਹੋ ਕਰ ਕੀਆ ਉਨਹੋਨੇ,
ਸਾਮਯ ਧਰਮ ਕਾ ਯਹਾਂ ਪ੍ਰਚਾਰ |
ਪ੍ਰੀਤ ਨੀਤ ਕੇ ਸਾਥ ਸਭ ਕੋ,
ਸ਼ੁਭ ਕਰਮੋਂ ਕਾ ਹੈ ਅਧਿਕਾਰ |
ਅਖੀਰ ਵਿਚ, ਭਾਈ ਗੁਰਦਾਸ ਜੀ ਦੀ ਇਕ ਰਚਨਾ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ | ਉਨ੍ਹਾਂ ਨੇ ਆਪਣੀ ਇਸ ਖੂਬਸੂਰਤ ਰਚਨਾ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਬਿਰਤਾਂਤ ਨੂੰ ਬੜੇ ਨਿਵੇਕਲੇ ਢੰਗ ਨਾਲ ਅੰਕਿਤ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਨੇ ਸੱਭਿਆਚਾਰਾਂ ਤੇ ਧਰਮਾਂ ਵਿਚਕਾਰ ਸਾਂਝ ਤੇ ਸਦਭਾਵ ਦੀ ਵਿਸ਼ਵ-ਪੱਧਰੀ ਮੁਹਿੰਮ ਚਲਾਈ ਸੀ | ਰਚਨਾ ਦੱਸਦੀ ਹੈ ਕਿ ਹਿੰਦੂ ਲੋਕੀਂ ਗੰਗਾ ਤੇ ਕਾਂਸ਼ੀ ਜਾਂਦੇ ਹਨ, ਮੁਸਲਮਾਨ ਮੱਕੇ-ਕਾਅਬੇ ਦੀ ਜ਼ਿਆਰਤ ਕਰਦੇ ਹਨ, ਪਰ ਦੋਹਾਂ ਧਰਮਾਂ ਦੇ ਪੈਰੋਕਾਰਾਂ ਵਿਚ ਬਾਬੇ ਨਾਨਕ ਦੀ ਮਾਨਤਾ ਇਕੋ ਜਿਹੀ ਹੈ | ਐਸਾ ਇਸ ਲਈ ਹੈ ਕਿ ਗੁਰੂ ਨਾਨਕ ਭਗਤ-ਵਛਲ ਬਣ ਕੇ ਆਏ ਹਨ, ਪਾਪੀਆਂ ਦਾ ਉਧਾਰ ਕਰਨ ਵਾਲੇ ਹਨ | ਉਨ੍ਹਾਂ ਦੀ ਕਿਰਪਾ ਨਾਲ ਹਿੰਦੂਆਂ ਦੇ ਚਾਰੇ ਵਰਣ ਇਕ ਵਰਣ ਹੋ ਕੇ ਸੰਗਤੀ ਰੂਪ ਵਿਚ ਜੁੜ ਬੈਠਦੇ ਹਨ | ਜਿਸ ਤਰ੍ਹਾਂ ਚੰਦਨ ਦੀ ਵਾਸਨਾ ਕਰਕੇ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ, ਉਸ ਵਿਚ ਕੋਈ ਭਿੰਨ-ਭੇਤ ਤੇ ਵਿਤਕਰਾ ਨਹੀਂ ਰਹਿੰਦਾ, ਉਸੇ ਤਰ੍ਹਾਂ ਗੁਰੂ ਨਾਨਕ ਦੀ ਸੰਗਤ ਇਕਸਾਰ ਹੈ | ਹਿੰਦੂ ਮੁਸਲਮਾਨ ਸਾਰੇ ਉਨ੍ਹਾਂ ਦੇ ਹੁਕਮ ਵਿਚ ਹਨ | ਬਾਬਾ ਨਾਨਕ ਮੁਸਲਮਾਨਾਂ ਦੇ ਜ਼ਾਹਰ ਪੀਰ ਅਤੇ ਹਿੰਦੂਆਂ ਦੇ ਜਗਤ ਗੁਰੂ ਹੋ ਨਿਬੜੇ ਹਨ :
ਗੰਗ ਬਨਾਰਸ ਹਿੰਦੂਆ
ਮੁਸਲਮਾਣਾਂ ਮਕਾ ਕਾਬਾ |
ਘਰਿ ਘਰਿ ਬਾਬਾ ਗਾਵੀਐ
ਵਜਨਿ ਤਾਲ ਮਿ੍ਦੰਗੁ ਰਬਾਬਾ |
ਭਗਤਿ ਵਛਲੁ ਹੋਇ ਆਇਆ
ਪਤਿਤ ਉਧਾਰਣੁ ਅਜਬੁ ਅਜਾਬਾ |
ਚਾਰਿ ਵਰਨ ਇਕ ਵਰਨ ਹੋਇ
ਸਾਧਿਸੰਗਤਿ ਮਿਲਿ ਹੋਇ ਤਰਾਬਾ |
ਚੰਦਨੁ ਵਾਸੁ ਵਣਾਸਪਤਿ
ਅਵਲਿ ਦੋਮ ਨ ਸੇਮ ਖਰਾਬਾ |
ਹੁਕਮੈ ਅੰਦਰਿ ਸਭ ਕੋ ਕੁਦਰਤਿ
ਕਿਸ ਦੀ ਕਰੈ ਜਵਾਬਾ |
ਜਾਹਰ ਪੀਰੁ ਜਗਤੁ ਗੁਰ ਬਾਬਾ |
(ਭਾਈ ਗੁਰਦਾਸ ਜੀ, ਵਾਰ : 24, ਪਾਉੜੀ : 4)
-ਸਾਬਕਾ ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ |