ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2024

ਗੁਰੂ ਜੀ ਦੀ ਆਮਦ : ਤਬਦੀਲੀ ਦਾ ਨਵਾਂ ਯੁੱਗ

Ad Position 21
No active advertisement
ਅਜੀਤ ਡੈਸਕ 15-11-2024

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਤੇ ਸਿਧਾਂਤਕਾਰ ਹਨ | ਇਨ੍ਹਾਂ ਦੀ ਆਮਦ ਨਾਲ ਚੌ-ਤਰਫ਼ੀ ਤਬਦੀਲੀ ਦਾ ਨਵਾਂ ਯੁੱਗ ਆਰੰਭ ਹੁੰਦਾ ਹੈ | ਅਜਿਹੀ ਸ਼ੁਰੂਆਤ ਕਿਸੇ ਖਿੱਤੇ ਜਾਂ ਦੇਸ਼ ਤੱਕ ਸੀਮਤ ਨਹੀਂ ਰਹੀ | ਇਸ ਦਾ ਬਹੁ-ਪਰਤੀ ਫੈਲਾਅ ਦੁਨੀਆ ਭਰ 'ਚ ਫੈਲਿਆ ਹੈ |
ਗੁਰੂ ਨਾਨਕ ਦੇਵ ਜੀ 13 ਸਾਲ (1482) ਦੀ ਉਮਰ ਤੱਕ ਕਈ ਭਾਸ਼ਾਵਾਂ ਦੇ ਗਿਆਤਾ ਹੋ ਗਏ | ਇਨ੍ਹਾਂ ਨੇ ਗੋਪਾਲ ਦਾਸ ਪਾਂਧੇ ਕੋਲੋਂ ਦੇਵਨਾਗਰੀ ਤੇ ਲੇਖੇ-ਪੱਤੇ ਵਿਚ ਮੁਹਾਰਤ ਹਾਸਿਲ ਕੀਤੀ | ਪੰਡਿਤ ਬਿ੍ਜ ਲਾਲ ਪਾਸੋਂ ਸੰਸਕਿ੍ਤ ਭਾਸ਼ਾ ਵਿਚ ਨਿਪੁੰਨਤਾ ਪ੍ਰਾਪਤ ਕੀਤੀ | ਮੌਲਵੀ ਕੁਤਬਦੀਨ ਪਾਸੋਂ ਫ਼ਾਰਸੀ ਦਾ ਮੁੱਢਲਾ ਗਿਆਨ ਪ੍ਰਾਪਤ ਕੀਤਾ | ਗੁਰੂ ਨਾਨਕ ਦੇਵ ਜੀ ਸਾਡੇ ਲਈ ਇਕ ਐਸਾ ਵਰਤਾਰਾ ਹਨ, ਜਿਨ੍ਹਾਂ ਦੇ ਜੀਵਨ ਤੇ ਫ਼ਲਸਫ਼ੇ ਤੋਂ ਸੋਚਾਂ ਦੇ ਨਵੇਂ ਕਿਵਾੜ ਖੁੱਲ੍ਹਦੇ ਹਨ | ਗੁਰੂ ਸਾਹਿਬ ਨਾਲ ਹਰ ਪੱਖ ਤੋਂ ਨਵੇਂ ਤੇ ਨਿਵੇਕਲੇ ਯੁੱਗ ਦਾ ਆਰੰਭ ਹੁੰਦਾ ਹੈ | ਗੁਰੂ ਸਾਹਿਬ ਨੇ ਆਪਣੇ ਵੇਲੇ ਦੇ ਸਮਾਜ ਨੂੰ ਸਭ ਪੱਖਾਂ ਤੋਂ ਇਨਕਲਾਬੀ ਰੂਪ 'ਚ ਹਲੂਣਾ ਦਿੱਤਾ | ਇਸ ਨਾਲ ਸਮਾਜ 'ਚ ਜੀਵਨ-ਜਾਚ ਦਾ ਨਵਾਂ ਸਰਬ-ਸਾਂਝਾ, ਮਾਨਵੀ ਤੇ ਕਿਰਤੀ ਮਾਰਗ ਆਰੰਭ ਹੋਇਆ ਹੈ |
ਗੁਰੂ ਸਾਹਿਬ ਦੀਆਂ ਬਾਲਪਨ ਦੀਆਂ ਕਈ ਵਿਸ਼ੇਸ਼ ਘਟਨਾਵਾਂ ਤੋਂ ਬਾਅਦ ਸਭ ਤੋਂ ਵੱਡੀ ਘਟਨਾ ਸੁਲਤਾਨਪੁਰ ਲੋਧੀ ਵਿਖੇ 'ਵੇਈਾ ਪ੍ਰਵੇਸ਼' (1499) ਦੀ ਹੈ | ਇਸ ਨੂੰ 'ਵੇਈਾ ਉਪਦੇਸ਼' ਤੇ 'ਗਿਆਨ ਦੀ ਟੁੱਭੀ' ਵਜੋਂ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਨੇ ਵੇਈਾ ਦੀ ਟੁੱਭੀ ਤੋਂ ਬਾਅਦ ਸਪੱਸ਼ਟ ਰੂਪ 'ਚ ਆਪਣਾ ਧਾਰਮਿਕ ਤੇ ਸਮਾਜਿਕ ਉਪਦੇਸ਼ ਆਰੰਭ ਕਰ ਦਿੱਤਾ | ਇਸ ਦੌਰਾਨ ਹੀ ਗੁਰੂ ਸਾਹਿਬ ਦੀ ਸੀਰਤ ਪੂਰੀ ਤਰ੍ਹਾਂ ਸਮਾਜਿਕਤਾ ਤੇ ਰੂਹਾਨੀਅਤ ਵੱਲ ਪਾਸਾ ਪਲਟਦੀ ਹੈ | ਉਹ ਅੰਦਰਲੇ ਚਾਨਣ ਦੀ ਸੋਝੀ ਤਹਿਤ ਬਾਹਰਲੇ ਵਰਤਾਰੇ ਨੂੰ ਸਮਝਣ/ਸਮਝਾਉਣ ਦੇ ਰਾਹ ਪੈਂਦੇ ਹਨ | ਇਸ ਸਮੇਂ ਤੋਂ ਹੀ ਗੁਰੂ ਸਾਹਿਬ ਨੇ ''ਸਭੇ ਸਾਝੀਵਾਲ ਸਦਾਇਨਿ'' ਅਤੇ ''ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ'' ਦਾ ਮਹਾਨ ਫ਼ਲਸਫ਼ਾ ਪੇਸ਼ ਕੀਤਾ | ਸਿੱਖ ਫ਼ਲਸਫ਼ਾ ਨਾ ਕਿਸੇ ਜਾਤ ਦਾ ਵਿਰੋਧੀ ਹੈ, ਨਾ ਧਰਮ ਦਾ | ਇਹ ਮਨੁੱਖਤਾ ਦੇ ਭਲੇ ਹਿਤ ਮਾਨਵਤਾ ਦੇ ਰਾਹ ਤੁਰਨ ਦਾ ਸਭ ਤੋਂ ਵੱਡਾ ਗਾਡੀ-ਰਾਹ ਹੈ | ਕਿਉਂਕਿ, ਉਸ ਵੇਲੇ ਸਮੁੱਚਾ ਸਮਾਜ ਵੱਡੇ ਰੂਪ 'ਚ ਵੱਖ-ਵੱਖ ਧਰਮਾਂ ਤੇ ਜਾਤਾਂ 'ਚ ਵੰਡਿਆ ਹੋਇਆ ਸੀ | ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਿਕ ਮਨੁੱਖ ਦੀ ਅਸਲ ਜਾਤ ਉਸ ਦੇ ਕਰਮ (ਕਾਰਜ ਜਾਂ ਕੰਮ) ਹਨ | ਉਨ੍ਹਾਂ ਨੇ ਆਪਣੇ ਜੀਵਨ ਦੇ ਅਮਲ ਰਾਹੀਂ ਸਮਾਜ ਲਈ ਕੁਝ ਕਰਨ ਦਾ ਨਿਰਣਾ ਕਰ ਲਿਆ ਸੀ | ਇੱਥੋਂ ਹੀ ਬਾਬਾ ''ਚੜਿ੍ਹਆ ਸੋਧਣਿ ਧਰਤਿ ਲੁਕਾਈ'' ਦੀ ਆਰੰਭਤਾ ਹੁੰਦੀ ਹੈ | ਉਨ੍ਹਾਂ ਨੇ ਪਰਮਾਤਮਾ ਦੇ ਸਰੂਪ ਬਾਰੇ ਆਪਣਾ ਨਿਵੇਕਲਾ 'ਮੂਲ ਮੰਤਰ' ਪੇਸ਼ ਕੀਤਾ:
'ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ | |'
(ਅੰਗ : 01)
ਅਕਾਲ ਰੂਪ ਇਕ ਪਰਮਾਤਮਾ ਨੂੰ ਹੀ ਸਰਬ ਸ਼ਕਤੀਮਾਨ ਮੰਨਿਆਂ ਗਿਆ ਹੈ, ਜੋ ਸਭ ਦਾ ਕਰਤਾ ਹੈ | ਕਿਸੇ ਡਰ-ਭਉ ਅਤੇ ਵੈਰ-ਵਿਰੋਧ ਤੋਂ ਮੁਕਤ ਹੈ | ਇਸ ਅਕਾਲ ਫ਼ਲਸਫ਼ੇ ਦਾ ਰੂਪ ਸਦੀਵੀ ਹੈ | ਬਾਕੀ ਸਭ ਦੁਨਿਆਵੀ ਤਾਕਤਾਂ ਨੂੰ ਕਾਲ/ਸਮੇਂ ਦੀ ਛੋਟੀ ਸੱਤਾ ਦਾ ਰੂਪ ਦਰਸਾਇਆ ਗਿਆ ਹੈ | ਉਹ ਆਪਣੇ ਅਜਿਹੇ ਰੂਹਾਨੀ ਸੰਦੇਸ਼ ਅਤੇ ਆਪਣੇ ਜੀਵਨ ਵਿਹਾਰ ਨਾਲ ਜਿਊਣ ਦਾ ਨਵਾਂ ਰਸਤਾ ਵਿਖਾਉਂਦੇ ਹਨ | ਇਸ ਰਾਹ ਦੇ ਰਾਹੀ ਵਜੋਂ ਹੀ ਨਵਾਂ ਗੁਰਮੁੱਖ ਮਨੁੱਖ ਉੱਭਰਦਾ ਹੈ | ਕਰਮ (ਕਾਰਜ) ਹੀ ਬੰਦੇ ਦੀ ਅਸਲ ਤੇ ਉੱਤਮ ਜਾਤ ਮੰਨੇ ਗਏ | ਗੁਰਮਤਿ ਮੁਤਾਬਿਕ ਜੀਵਨ 'ਕਰਮਾ ਸੰਦੜਾ' ਖੇਤ ਹੈ | ਉਸ ਸਮੇਂ ਚਾਰ-ਚੁਫੇਰੇ ਕੂੜ-ਪਾਸਾਰੇ ਦਾ ਬੋਲ-ਬਾਲਾ ਸੀ | ਅਜਿਹੇ ਪਸਾਰੇ ਨੂੰ ਸ੍ਰੀ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਅਮਲ ਰਾਹੀਂ ਦੂਰ ਕਰਨ ਦੀ ਵਿਉਂਤ ਬਣਾ ਲਈ ਸੀ | ਉਨ੍ਹਾਂ ਦੀ ਬਾਣੀ ਮਿੱਠੀ ਵੀ ਸੀ ਅਤੇ ਰਾਗ ਵਜੋਂ ਅੱਤ ਦੀ ਸੁਰੀਲੀ ਵੀ | ਨਾਲ ਮਰਦਾਨੇ ਦੀ ਰਬਾਬ ਦਾ ਸਾਜ਼ ਵੀ ਸੀ | ਇਹ ਸਾਰੇ ਕੁਝ ਸਮੇਤ ਗੁਰੂ ਸਾਹਿਬ ਨੇ ਦੁਨਿਆਵੀ ਮੈਦਾਨ 'ਚ ਨਿੱਤਰਣ ਦੀ ਠਾਣ ਲਈ ਸੀ | ਉਸ ਸਮੇਂ ਦੇ ਸਮਾਜ 'ਚ ਆਪਸੀ ਸੰਵਾਦ ਟੁੱਟ ਚੁੱਕਾ ਸੀ | ਸਿਰਫ਼ ਇਕੋ ਹਾਕਮ ਜਾਂ ਮੁਗ਼ਲ ਹਕੂਮਤ ਦਾ ਪ੍ਰਵਚਨ ਭਾਰੂ ਸੀ | ਇਸ ਸੰਬੰਧੀ ਗੁਰੂ ਸਾਹਿਬ ਨੇ ਲੋਕਾਂ 'ਚ ਨਵਾਂ ਕੁਝ ਕਹਿਣ-ਸੁਣਨ ਦਾ ਮਹਾਂ-ਮਾਰਗ ਅਪਣਾ ਲਿਆ:
'ਜਬ ਲਗੁ ਦੁਨੀਆ ਰਹੀਐ
ਨਾਨਕ ਕਿਛੁ ਸੁਣੀਐ ਕਿਛੁ ਕਹੀਐ¨'
(ਅੰਗ : 661)
ਉਨ੍ਹਾਂ ਨੇ ਸਮੇਂ ਦੇ ਮਲਕ ਭਾਗੋਆਂ ਦੀ ਥਾਂ ਭਾਈ ਲਾਲੋ ਵਰਗੇ ਕਿਰਤੀਆਂ ਨਾਲ ਸੰਬੰਧ ਬਣਾਇਆ | ਗੁਰੂ ਸਾਹਿਬ ਜਮਾਤੀ ਸੋਝੀ ਵਜੋਂ ਕਿਰਤੀਆਂ ਤੇ ਹੇਠਲੀ ਸ਼੍ਰੇਣੀ ਦੇ ਆਲੰਬਰਕਾਰ ਬਣਦੇ ਹਨ | ਆਪਣੇ ਸਫ਼ਰਾਂ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਧਾਰਮਿਕ ਸਥਾਨਾਂ ਦਾ ਰਟਨ ਕੀਤਾ | ਭਾਈ ਮਰਦਾਨਾ ਪੂਰੀ ਤਰ੍ਹਾਂ ਗੁਰੂ ਸਾਹਿਬ ਦਾ ਅੰਗੀਕਾਰ ਰਹਿੰਦਾ ਹੈ | ਇਹ ਮੁਸਲਮਾਨਾਂ ਦੇ ਡੂੰਮ (ਮਰਾਸੀ) ਕੁਨਬੇ 'ਚੋਂ ਹਨ | ਗੁਰੂ ਸਾਹਿਬ ਨੇ ਉਸ ਵੇਲੇ ਦੇ ਵੱਡੇ ਧਾਰਮਿਕ ਕਿਸਮ ਦੇ ਗਿਆਨ ਕੇਂਦਰਾਂ ਅਯੁੱਧਿਆ, ਗੋਰਖਮਤੇ, ਬਨਾਰਸ, ਜਗਨਨਾਥ ਪੁਰੀ, ਹਰਿਦੁਆਰ, ਮੱਕੇ ਤੇ ਪਾਕਿ-ਪਟਨ ਵਗੈਰਾ ਸਥਾਨਾਂ ਉੱਤੇ ਵੱਖ-ਵੱਖ ਭਗਤਾਂ ਤੇ ਹੋਰ ਗੁਣੀ-ਗਿਆਨੀਆਂ ਨਾਲ ਸੰਵਾਦ ਰਚਾਇਆ | ਉਨ੍ਹਾਂ ਨੇ ਬਿਨਾਂ ਕਿਸੇ ਵਿਵਾਦ ਦੇ ਬਿਬੇਕੀ ਸੁਰ ਦੇ ਸੰਵਾਦ ਵਿਚ ਆਪਣੇ ਵਿਚਾਰਾਂ ਦੇ ਸਿੱਖ ਫ਼ਲਸਫ਼ੇ ਨੂੰ ਅੱਗੇ ਵਧਾਇਆ | ਇਸ ਦੌਰਾਨ ਹੀ ਉਨ੍ਹਾਂ ਨੇ ਸਮਝਿਆ ਸੀ ਕਿ ਕਿਸੇ ਵੀ ਪ੍ਰਚਾਰ ਲਈ ਆਪਣਾ ਨਿਸ਼ਚਤ ਅਸਥਾਨ ਜਾਂ ਕੇਂਦਰ ਹੋਣਾ ਬਹੁਤ ਜ਼ਰੂਰੀ ਹੈ | ਗੁਰੂ ਸਾਹਿਬ ਨੇ ਇੱਥੇ ਧਾਰਮਿਕ ਅਸਥਾਨ ਬਣਾਉਣ ਸੰਬੰਧੀ ਆਪਣੇ ਨਜ਼ਦੀਕੀਆਂ ਨਾਲ ਵਿਚਾਰ ਸਾਂਝਾ ਕੀਤਾ ਸੀ | ਇਸ ਸੰਬੰਧੀ ਬਟਾਲੇ ਨਜ਼ਦੀਕ ਪਿੰਡ ਪੱਖੋਕੇ ਵਿਖੇ ਅਜਿਹਾ ਸਥਾਨ ਬਣਾਉਣ ਦਾ ਫ਼ੈਸਲਾ ਕੀਤਾ | ਇਸ ਸਥਾਨ ਦੀ ਕਰਤਾਰਪੁਰ ਨਾਂਅ ਦੇ ਪਿੰਡ ਵਜੋਂ ਨੀਂਹ ਗੁਰੂ ਸਾਹਿਬ ਨੇ ਤਕਰੀਬਨ 09 ਜਨਵਰੀ 1516 ਨੂੰ ਰੱਖੀ ਸੀ | ਕਰਤਾਰਪੁਰ ਨਾਂਅ ਹੀ ਆਪਣੇ-ਆਪ 'ਚ ਧਾਰਮਿਕ ਖ਼ਿਆਲ ਵਾਲਾ ਹੈ | ਇਹ ਕਰਤਾ ਅਰਥਾਤ ਕਰਤਾ-ਪੁਰਖ ਭਾਵ ਕੁਦਰਤ ਦੇ ਕਾਦਰ ਦੇ ਸਥਾਨ ਵਜੋਂ ਹੈ | ਇਹ ਹੱਥੀਂ ਕਿਰਤ ਅਥਵਾ ਖੇਤੀ ਦਾ ਪੁਰ (ਪਿੰਡ) ਵੀ ਹੈ | ਇੱਥੇ ਕੋਠੇ ਰੂਪੀ ਧਰਮਸ਼ਾਲ ਬਣਾਈ ਗਈ | ਗੁਰੂ ਸਾਹਿਬ ਫਿਰ ਕੁਝ ਹੋਰ ਸਫ਼ਰਾਂ ਤੋਂ ਬਾਅਦ 1521 ਵਿਚ ਪੱਕੇ ਤੌਰ 'ਤੇ ਆਪਣੇ ਵਸਾਏ ਹੋਏ ਨਗਰ ਕਰਤਾਰਪੁਰ ਵਿਖੇ ਆ ਗਏ | ਗੁਰੂ ਸਾਹਿਬ ਨੇ ਆਪਣੇ ਮਾਤਾ-ਪਿਤਾ ਨੂੰ ਵੀ ਇੱਥੇ ਵਸਾਉਣ ਦਾ ਪ੍ਰਬੰਧ ਕਰ ਲਿਆ | ਭਾਈ ਮਰਦਾਨੇ ਦਾ ਪਰਿਵਾਰ ਵੀ ਕਰਤਾਰਪੁਰ ਵਿਚ ਹੀ ਵੱਸ ਗਿਆ | ਗੁਰੂ ਸਾਹਿਬ ਰੋਜ਼ਾਨਾ ਕੀਰਤਨ ਦਰਬਾਰ ਲਗਾਉਂਦੇ ਸਨ | ਲੋਕਾਂ ਦੇ ਸਹਿਯੋਗ ਨਾਲ ਸੰਗਤ ਤੇ ਪੰਗਤ ਦੇ ਲੰਗਰ ਵੀ ਚੱਲਣ ਲੱਗੇ ਸਨ | ਇਸ ਤਰ੍ਹਾਂ ਸਿੱਖ ਧਰਮ ਦੀ ਸਮਾਜਿਕ ਮਰਯਾਦਾ ਆਰੰਭ ਹੋਈ ਸੀ | ਇੱਥੇ ਗੁਰੂ ਸਾਹਿਬ ਆਪਣੇ ਹੱਥੀਂ ਲੰਗਰ ਦੀ ਸੇਵਾ ਕਰਦੇ ਸਨ | ਉਨ੍ਹਾਂ ਨੇ ਸੰਗਤ ਦੀ ਸੇਵਾ ਦਾ ਕਾਰਜ ਆਰੰਭਿਆ ਸੀ | ਉਹ ਸੰਗਤ ਵਿਚ ਹੀ ਪਰਮਾਤਮਾ ਦਾ ਵਸੇਬਾ ਮੰਨਦੇ ਸਨ:
'ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ |'
(ਅੰਗ : 94)
ਗੁਰੂ ਸਾਹਿਬ ਇੱਥੇ ਖੇਤੀ ਵੀ ਕਰਦੇ ਸਨ | ਇਸ ਖੇਤੀ ਤੋਂ ਹੁੰਦੀ ਆਮਦਨ ਸੰਗਤਾਂ ਦੇ ਲੰਗਰ ਲਈ ਵਰਤੀ ਜਾਂਦੀ ਸੀ | ਇੱਥੋਂ ਗੁਰੂ ਸਾਹਿਬ ਦੀ ਇਲਾਹੀ ਬਾਣੀ ਦਾ ਸੁਨੇਹਾ ਦੂਰ-ਦੂਰ ਤੱਕ ਪਹੁੰਚਣ ਲੱਗਾ ਸੀ | ਹੱਥੀਂ ਖੇਤੀ ਅਤੇ ਲੰਗਰ ਦਾ ਵਿਹਾਰਕ ਵਰਤਾਰਾ ਗੁਰਮਤਿ ਦੀ ਪ੍ਰਯੋਗਸ਼ਾਲਾ ਵਾਂਗ ਸੀ | ਗੁਰੂ ਸਾਹਿਬ ਨੇ ਅਜਿਹੇ ਸੱਚੇ ਆਚਾਰ-ਵਿਹਾਰ ਨੂੰ ਹੀ ਸਭ ਤੋਂ ਉੱਤਮ ਮੰਨਿਆ ਹੈ:
'ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ |'
(ਅੰਗ : 62)
ਸਮਾਜ ਵਿਚ ਨਵੀਂ ਜੀਵਨ-ਜਾਚ ਦਾ ਅਮਲ ਸ਼ੁਰੂ ਹੋ ਗਿਆ ਸੀ | ਸਵੇਰੇ-ਸ਼ਾਮ ਪਰਮਾਤਮਾ ਦੇ ਨਾਮ ਰੂਪੀ ਸ਼ੁਕਰਾਨੇ ਦਾ ਸਿਮਰਨ ਚੱਲਦਾ ਸੀ | ਜੀਵਨ ਦੇ ਆਰਥਿਕ ਨਿਰਬਾਹ ਲਈ ਦਿਨੇ ਖੇਤੀ ਦੀ ਕਿਰਤ ਕੀਤੀ ਜਾ ਰਹੀ ਸੀ | ਇਸ ਤਰ੍ਹਾਂ ਭਗਤੀ ਤੇ ਘਾਲਿ-ਕਮਾਈ ਦਾ ਨਵਾਂ ਬੇਜੋੜ ਸਿੱਖੀ-ਸਰੂਪ ਸਾਹਮਣੇ ਆਉਂਦਾ ਹੈ | ਪੁਰਾਣੀਆਂ ਧਾਰਮਿਕ ਰਵਾਇਤਾਂ ਤੋਂ ਹਟ ਕੇ ਨਵੇਂ ਸੇਵਾ ਰੂਪੀ ਸਮਾਜਿਕ ਧਰਮ ਦੀ ਬੁਨਿਆਦ ਬਲ ਫੜਨ ਲੱਗੀ | ਗੁਰੂ ਸਾਹਿਬ ਨੇ ਸੇਵਾ ਦੇ ਵੱਡੇ ਮਹਾਤਮ ਉੱਤੇ ਜ਼ੋਰ ਦਿੱਤਾ :
'ਵਿਚ ਦੁਨੀਆ ਸੇਵਿ ਕਮਾਈਐ¨
ਤਾ ਦਰਗਹ ਬੈਸਣੁ ਪਾਈਐ | |' (ਅੰਗ : 25)
ਗੁਰੂ ਸਾਹਿਬ ਨੇ ਲੰਮੀ ਪਰਖ ਦੇ ਗੁਣਾਂ ਵਜੋਂ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ ਜੀ) ਨੂੰ ਆਪਣਾ ਉੱਤਰਾਧਿਕਾਰੀ ਚੁਣਿਆ | ਉਨ੍ਹਾਂ ਨੇ ਵਾਰਿਸ ਦੀ ਅਜਿਹੀ ਚੋਣ ਸਮੇਂ ਆਪਣੀ ਸੰਤਾਨ ਜਾਂ ਪੁੱਤਰਾਂ ਨੰੂ ਨਕਾਰ ਦਿੱਤਾ ਸੀ | ਨਾਲ ਹੀ ਗੁਰੂ ਸਾਹਿਬ ਨੇ ਆਪਣੀ ਅਤੇ ਹੋਰ ਭਗਤਾਂ ਦੀ ਇਕੱਤਰ ਕੀਤੀ ਬਾਣੀ ਦਾ ਬਸਤਾ (ਝੋਲਾ) ਵੀ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤਾ | ਗੁਰੂ ਸਾਹਿਬ ਨੇ ਤਕਰੀਬਨ 12 ਹਜ਼ਾਰ ਮੀਲ ਦਾ ਲੰਮਾ ਪੈਂਡਾ ਤਹਿ ਕੀਤਾ ਸੀ | ਇਸ ਦੌਰਾਨ ਸਿੱਖੀ ਦਾ ਮੁੱਢ ਬੱਝ ਗਿਆ ਸੀ | ਲੋਕਾਂ ਨੂੰ ਬਦਲ ਵਜੋਂ ਨਵਾਂ ਸਰਲ ਤੇ ਵਿਹਾਰਕ ਕਿਸਮ ਦਾ ਸਮਾਜਿਕ-ਧਾਰਮਿਕ ਰਾਹ ਮਿਲ ਗਿਆ ਸੀ | ਇਹ ਸਾਰੀ ਨਵੀਂ ਜਾਗ ਤੇ ਜਾਗਿ੍ਤੀ ਗੁਰੂ ਨਾਨਕ ਦੇਵ ਜੀ ਕਰਕੇ ਹੀ ਸੀ |
ਇਸ ਦੇਣ ਸੰਬੰਧੀ ਸਾਡੇ ਰਾਸ਼ਟਰੀ ਕਵੀ ਰਾਬਿੰਦਰ ਨਾਥ ਟੈਗੋਰ ਦਾ ਕਥਨ ਹੈ:
ਸਿੱਖ ਜਾਗ ਉਠੇ ਸਨ, ਗੁਰ ਦੇ ਸ਼ਬਦ ਰਾਹੀਂ |
ਪ੍ਰੋ. ਪੂਰਨ ਸਿੰਘ ਇਹ ਮੰਨਦਾ ਹੈ:
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ 'ਤੇ |
ਗੁਰੂ ਸਾਹਿਬ ਆਪਣੀ ਉਮਰ ਦੇ ਪਹਿਲੇ 35 ਸਾਲ ਤਲਵੰਡੀ ਹੀ ਰਹੇ ਸਨ | ਇਸ ਉਮਰ ਤੱਕ ਉਹ ਦੁਕਾਨ, ਵਪਾਰ ਤੇ ਨੌਕਰੀ ਵਗੈਰਾ ਦੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਸਨ | ਫਿਰ ਗੁਰੂ ਸਾਹਿਬ ਹਿੰਦੂ, ਮੁਸਲਮਾਨਾਂ ਦੀ ਸਾਂਝੀ ਵਸੋਂ ਵਾਲੇ ਇਲਾਕੇ ਕਰਤਾਰਪੁਰ 'ਚ ਟਿਕ ਕੇ ਪੂਰੀ ਤਰ੍ਹਾਂ ਆਪਣੇ ਅਸਲੀ ਮਿਸ਼ਨ 'ਚ ਜੁਟ ਗਏ | ਇਹ ਸਥਾਨ ਤਬਦੀਲੀ ਪੂਰੀ ਤਰ੍ਹਾਂ ਦੁਨਿਆਦਾਰੀ ਦੇ ਨਾਲ-ਨਾਲ 'ਰੂਹਾਨੀਅਤ' ਦੇ ਰਾਹ ਪੈ ਜਾਣ ਦਾ ਪ੍ਰਮਾਣ ਹੈ | ਇੱਥੇ ਗੁਰੂ ਸਾਹਿਬ ਨੇ (1521 ਤੋਂ 1539 ਤੱਕ) 18 ਸਾਲ ਬਿਤਾਏ ਸਨ | ਇਥੇ ਆਪ ਜੀ ਨੇ ਖੇਤੀ ਕੀਤੀ ਸੀ | ਇੱਥੇ ਹੀ ਗੁਰੂ ਸਾਹਿਬ ਦੀ ਕੀਰਤਨ-ਦਰਬਾਰ ਅਤੇ ਲੋਹ-ਲੰਗਰ ਦੀ ਪ੍ਰਥਾ ਰੋਜ਼ਾਨਾ ਦਾ ਵਿਹਾਰਕ ਵਰਤਾਰਾ ਬਣ ਗਈ ਸੀ | ਪ੍ਰਭੂ ਦੇ ਨਾਮ-ਸਿਮਰਨ ਸੰਬੰਧੀ ਕੀਰਤਨ-ਪ੍ਰਵਾਹ ਅਤੇ ਖੇਤੀ ਦੀ ਸੱਚੀ ਕਿਰਤ ਕਮਾਈ ਦੀ ਮਰਿਆਦਾ ਸਥਾਪਤ ਹੋਈ | ਗੁਰੂ ਸਾਹਿਬ ਨੇ ਹੱਥਕਾਰ (ਕਿਰਤ) ਵੱਲ ਅਤੇ ਧਿਆਨ ਨਿਰੰਕਾਰ ਵੱਲ ਦਾ ਦੋਹਰਾ ਨਵਾਂ ਅਮਲ ਸ਼ੁਰੂ ਕੀਤਾ | ਇੱਥੋਂ ਹੀ ਧਰਨੇ, ਜਾਤਾਂ ਤੇ ਜਮਾਤਾਂ ਤੋਂ ਉਪਰ ਇਕੋ ਥਾਂ ਬੈਠ ਕੇ ਸੰਗਤੀ ਤੇ ਪੰਗਤੀ ਰੂਪ ਵਿਚ ਲੰਗਰ ਛੱਕਣ ਦੀ ਸਾਂਝ ਤੇ ਸਮਾਨਤਾ ਵਾਲੀ ਸਮਾਜਿਕ ਭਾਵਨਾ ਬਲ ਫੜ੍ਹਦੀ ਹੈ | ਅਜਿਹਾ ਅਮਲ ਸਿੱਖ ਅਤੇ ਸਿੱਖੀ ਦੀ ਬੁਨਿਆਦ ਬਣ ਗਿਆ |
ਗੁਰੂ ਸਾਹਿਬ 'ਬਲਿਹਾਰੀ ਕੁਦਰਤਿ ਵਸਿਆ' ਦੇ ਗੁਣਗਾਣ ਕਰਦੇ ਸਨ | ਉਹ ਪ੍ਰਕਿਰਤੀ ਦੇ ਫੁੱਲ-ਬੂਟਿਆਂ ਨੂੰ ਆਪਣੇ ਕਾਦਰ ਦੇ ਸੁਹੱਪਣ ਦਾ ਸੁਹਜ-ਸੁਨੇਹਾ ਮੰਨਦੇ ਸਨ | ਉਨ੍ਹਾਂ ਨੇ ਕੁਦਰਤ ਦੇ ਵੱਖ-ਵੱਖ ਰੂਪਾਂ ਨੰੂ ਮਨੁੱਖ ਦੇ ਪ੍ਰਾਣਧਾਰੀ ਆਧਾਰ ਵਜੋਂ ਪੇਸ਼ ਕੀਤਾ ਹੈ:
'ਪਹਿਲਾ ਪਾਣੀ ਜੀਉ ਹੈ
ਜਿਤੁ ਹਰਿਆ ਸਭੁ ਕੋਇ¨'' (ਅੰਗ : 472)
ਅਤੇ
'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ¨'
(ਅੰਗ : 8)
ਅੱਜ ਅਸੀਂ ਕੁਦਰਤ ਦੇ (ਹਵਾ, ਪਾਣੀ ਤੇ ਜ਼ਮੀਨ) ਸੁਹੱਪਣ ਦਾ ਨਾਸ਼ ਮਾਰ ਰਹੇ ਹਾਂ | ਨਾਲ ਗੁਰੂ ਸਾਹਿਬ ਦੇ ਉਦੇਸ਼ ਪ੍ਰਤੀ ਵੀ ਕੋਤਾਹੀ ਕਰ ਰਹੇ ਹਾਂ | ਅੱਜ ਅਸੀਂ ਬਾਬੇ ਨਾਨਕ ਦੇ ਦੱਸੇ ਕਿਰਤ ਦੇ ਰਾਹ ਤੋਂ ਟੁੱਟ ਰਹੇ ਹਾਂ | ਇਸ ਕਰਕੇ ਅਸੀਂ ਕਈ ਵੱਡੇ ਸੰਕਟਾਂ ਦੇ ਰੂਬਰੂ ਹਾਂ | ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਤਾਂ ਮੰਨ ਰਹੇ ਹਾਂ ਪਰ ਉਨ੍ਹਾਂ ਦੇ ਦੱਸੇ ਰਾਹ ਤੋਂ ਇੱਧਰ-ਉੱਧਰ ਭਟਕ ਰਹੇ ਹਾਂ | ਇਸ 'ਚ ਹੀ ਸਾਡੀਆਂ ਸਭ ਸਮਾਜਿਕ, ਧਾਰਮਿਕ ਤੇ ਸਿਆਸੀ ਨਾਮੋਸ਼ੀਆਂ ਹਨ | ਅਸੀਂ ਚੀਜ਼ਾਂ-ਵਸਤਾਂ ਤੇ ਪਦਵੀਆਂ ਦੇ ਲੋਭ-ਲਾਲਚ ਦੀ ਖ਼ੁਦਗ਼ਰਜ਼ੀ ਵਿਚ ਹਾਂ, ਇਸ ਸਭ ਕੁਝ ਉੱਤੇ ਆਪਣੀ ਹਉਮੈਂ ਦਾ ਮੁਲੰਮਾ ਵੱਖਰਾ ਹੈ | ਸਮੱਸਿਆਵਾਂ ਦੇ ਹੱਲ ਦੀਆਂ ਗੁਰਮਤਿ ਰੂਪੀ ਕੰੁਜੀਆਂ ਸਾਡੇ ਸਾਹਮਣੇ ਹਨ | ਗੁਰੂ ਸਾਹਿਬ ਦੀ ਬਾਣੀ ਤੇ ਜੀਵਨ ਵਿਹਾਰ ਦਾ ਅਮੁੱਲ ਖ਼ਜ਼ਾਨਾ ਸਾਡੇ ਕੋਲ ਹੈ ਪਰ ਅਸੀਂ ਇਹ ਵੇਖ ਹੀ ਨਹੀਂ ਰਹੇ ਹਾਂ | ਸਾਨੂੰ ਆਪਣੇ ਗੁਰੂ ਦੇ ਕਿਰਤੀ ਵਿਹਾਰ ਵੱਲ ਮੁੜਨਾ ਤੇ ਜੁੜਨਾ ਚਾਹੀਦਾ ਹੈ | ਗੁਰੂ ਨਾਨਕ ਦਾ ਫ਼ਲਸਫ਼ਾ ਕੇਵਲ ਕਿਸੇ ਇਕ ਮਨੁੱਖ ਜਾਤੀ ਤੱਕ ਸੀਮਤ ਨਹੀਂ ਹੈ, ਇਹ ਸਾਰੇ ਬ੍ਰਹਿਮੰਡ ਲਈ ਹੈ | ਇਸ ਵੇਲੇ ਵੱਡੀ ਜ਼ਰੂਰਤ ਅਜਿਹੇ ਖ਼ਜ਼ਾਨੇ ਵੱਲ ਮੂੰਹ ਕਰਨ ਦੀ ਹੈ | ਇਸ ਨੂੰ ਜਾਨਣ-ਸਮਝਣ ਤੇ ਅਪਣਾਉਣ ਦੀ ਜ਼ਰੂਰਤ ਹੈ | ਇਸੇ ਵਿਚ ਹੀ ਸੁੱਖ-ਸ਼ਾਂਤੀ ਤੇ ਸਰਬੱਤ ਦਾ ਭਲਾ ਹੈ | ਇਸ ਦਰ ਤੋਂ ਹੀ ਅੱਗੇ ਸਭ ਪ੍ਰਾਪਤੀਆਂ ਤੇ ਦਾਤਾਂ ਦਾ ਦਰਵਾਜ਼ਾ ਖੁੱਲ੍ਹਣਾ ਹੈ | ਇਸ ਰਾਹ 'ਤੇ ਚੱਲਣਾ ਹੀ ਗੁਰੂ-ਸਾਹਿਬਾਨ ਨੂੰ ਸੱਚੀ ਤੇ ਅਸਲ ਸ਼ਰਧਾਂਜਲੀ ਹੈ |

-ਵਾਈਸ-ਚਾਂਸਲਰ, ਖ਼ਾਲਸਾ ਯੂਨੀਵਰਸਿਟੀ, ਅੰਮਿ੍ਤਸਰ |
ਮੋਬਾਈਲ : 98722-66667

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦਾ ਸਾਂਝ ਤੇ ਸਦਭਾਵਨਾ ਦਾ ਸੰਦੇਸ਼ ਅਗਲੀ ਖ਼ਬਰ ਗੁਰ ਨਾਨਕ ਸਭ ਕੇ ਸਿਰਤਾਜਾ
Ad Position 24
No active advertisement